ਭਾਰਤੀ ਗੇਂਦਬਾਜ਼ ਸਮੇਤ 12 ਸਹਿਯੋਗੀ ਸਟਾਫ ਦੇ ਮੇਂਬਰ ਆਏ ਕੋਰੋਨਾ ਪੋਜ਼ੀਟਿਵ ।

ਨਵੀਂ ਦਿੱਲੀ (ਏਜੇਂਸੀ ) : ਇੰਡੀਅਨ ਪ੍ਰੀਮੀਅਰ ਲੀਗ (ਆਈਪੀਐੱਲ-2020) ਸ਼ੁਰੂ ਹੋਣ ਤੋਂ ਪਹਿਲਾਂ ਹੀ ਚੇਨਈ ਸੁਪਰ ਕਿੰਗਜ਼ (ਸੀਐੱਸਕੇ) ਦੀ ਟੀਮ ਵਿਚ ਮੌਜੂਦਾ ਸੱਜੇ ਹੱਥ ਦੇ ਇਕ ਭਾਰਤੀ ਤੇਜ਼ ਗੇਂਦਬਾਜ਼ ਦੇ ਨਾਲ ਲਗਭਗ 12 ਸਹਿਯੋਗੀ ਸਟਾਫ ਦੇ ਮੈਂਬਰ ਕੋਰੋਨਾ ਵਾਇਰਸ ਜਾਂਚ ਵਿਚ ਪਾਜ਼ੇਟਿਵ ਪਾਏ ਗਏ ਹਨ। 19 ਸਤੰਬਰ ਤੋਂ ਇਹ ਲੀਗ ਸੰਯੁਕਤ ਅਰਬ ਅਮੀਰਾਤ (ਯੂਏਈ) ਵਿਚ ਸ਼ੁਰੂ ਹੋ ਰਹੀ ਹੈ ਤੇ ਟੀਮ ਨੇ ਮੁੰਬਈ ਇੰਡੀਅਨਜ਼ ਖ਼ਿਲਾਫ਼ ਉਦਘਾਟਨੀ ਮੁਕਾਬਲਾ ਖੇਡਣਾ ਹੈ। ਤਿੰਨ ਵਾਰ ਦੀ ਆਈਪੀਐੱਲ ਚੈਂਪੀਅਨ ਸੀਐੱਸਕੇ ਦੇ ਕੁਆਰੰਟਾਈਨ ਸਮੇਂ ਨੂੰ ਹੁਣ ਇਕ ਸਤੰਬਰ ਤਕ ਵਧਾ ਦਿੱਤਾ ਗਿਆ ਹੈ। ਮਹਿੰਦਰ ਸਿੰਘ ਧੋਨੀ ਦੀ ਅਗਵਾਈ ਵਾਲੀ ਟੀਮ ਸੀਐੱਸਕੇ ਲਈ ਇਸ ਨੂੰ ਇਕ ਵੱਡਾ ਝਟਕਾ ਮੰਨਿਆ ਜਾ ਰਿਹਾ ਹੈ ਕਿਉਂਕਿ ਖਿਡਾਰੀਆਂ ਨੇ ਸ਼ੁੱਕਰਵਾਰ ਤੋਂ ਦੁਬਈ ਵਿਚ ਅਭਿਆਸ ਸ਼ੁਰੂ ਕਰਨਾ ਸੀ। ਸੂਤਰ ਮੁਤਾਬਕ ਸੀਐੱਸਕੇ ਮੈਨੇਜਮੈਂਟ ਦੇ ਸੀਨੀਅਰ ਅਧਿਕਾਰੀ ਤੇ ਉਨ੍ਹਾਂ ਦੀ ਪਤਨੀ, ਸੋਸ਼ਲ ਮੀਡੀਆ ਟੀਮ ਦੇ ਦੋ ਮੈਂਬਰਾਂ ਨੂੰ ਵੀ ਕੋਰੋਨਾ ਹੋਇਆ ਹੈ। ਇਹ ਜਾਣਕਾਰੀ ਮਿਲੀ ਹੈ ਕਿ ਦੁਬਈ ਪੁੱਜਣ ਤੋਂ ਬਾਅਦ ਟੀਮ ਨਾਲ ਜੁੜੇ ਮੈਂਬਰਾਂ ਦਾ ਕੋਵਿਡ-19 ਟੈਸਟ ਕੀਤਾ ਗਿਆ ਸੀ ਜੋ ਪਾਜ਼ੇਟਿਵ ਆਇਆ ਹੈ। ਟੀਮ ਦੇ ਖਿਡਾਰੀ ਤੇ ਸਹਿਯੋਗੀ ਸਟਾਫ 21 ਅਗਸਤ ਨੂੰ ਦੁਬਈ ਪੁੱਜੇ ਸਨ ਤੇ ਪਹਿਲਾਂ ਤੋਂ ਹੀ ਬੀਸੀਸੀਆਈ ਵੱਲੋਂ ਲਾਏ ਗਏ ਜ਼ਰੂਰੀ ਛੇ ਦਿਨਾ ਕੁਆਰੰਟਾਈਨ ‘ਚੋਂ ਗੁਜ਼ਰ ਰਹੇ ਸਨ। ਬੀਸੀਸੀਆਈ ਦੇ ਸੂਤਰ ਨੇ ਕਿਹਾ ਕਿ ਸੀਐੱਸਕੇ ਦੀ ਟੀਮ, ਸਹਿਯੋਗੀ ਸਟਾਫ ਤੇ ਅਧਿਕਾਰੀਆਂ ਦਾ ਸ਼ੁੱਕਰਵਾਰ ਨੂੰ ਚੌਥੀ ਵਾਰ ਕੋਵਿਡ-19 ਟੈਸਟ ਕੀਤਾ ਗਿਆ ਸੀ।
ਬੀਸੀਸੀਆਈ ਨੇ ਯੂਏਈ ਪੁੱਜਣ ਤੋਂ ਪਹਿਲਾਂ ਟੀਮਾਂ ਲਈ ਤਿੰਨ ਵਾਰ ਕੋਰੋਨਾ ਟੈਸਟ ਜ਼ਰੂਰੀ ਕਰ ਦਿੱਤਾ ਸੀ ਜਿਸ ਤੋਂ ਬਾਅਦ ਹੀ ਉਹ ਅਭਿਆਸ ਸ਼ੁਰੂ ਕਰ ਸਕਦੇ ਸਨ। ਸੀਐੱਸਕੇ ਖਿਡਾਰੀਆਂ ਦੇ ਚੌਥੇ ਕੋਵਿਡ-19 ਟੈਸਟ ਦਾ ਨਤੀਜਾ ਹੁਣ ਸ਼ਨਿਚਰਵਾਰ ਨੂੰ ਪਤਾ ਲੱਗੇਗਾ। ਸੀਐੱਸਕੇ ਨੇ ਦੁਬਈ ਪੁੱਜਣ ਤੋਂ ਬਾਅਦ ਸਾਰੀ ਚੌਕਸੀ ਵਰਤੀ ਹੈ। ਇੱਥੇ ਤਕ ਕਿ ਜਦ ਯੂਰਪ ਵਿਚ ਫੁੱਟਬਾਲ ਸ਼ੁਰੂ ਹੋਇਆ ਸੀ ਤਦ ਵੀ ਕੁਝ ਖਿਡਾਰੀਆਂ ਦਾ ਕੋਰੋਨਾ ਟੈਸਟ ਪਾਜ਼ੇਟਿਵ ਆਇਆ ਸੀ ਇਸ ਲਈ ਆਈਪੀਐੱਲ ਦੀਆਂ ਅੱਠ ਟੀਮਾਂ ਤੇ 1000 ਤੋਂ ਜ਼ਿਆਦਾ ਮੈਂਬਰਾਂ ਦੇ ਨਾਲ ਅਜਿਹਾ ਹੋਣ ਦਾ ਸ਼ੱਕ ਰਿਹਾ ਹੈ। ਇਹ ਕਿਸੇ ਵੀ ਟੀਮ ਨਾਲ ਹੋ ਸਕਦਾ ਹੈ। ਬਦਕਿਸਮਤੀ ਨਾਲ ਚੌਕਸ ਰਹਿਣ ਦੇ ਬਾਵਜੂਦ ਇਹ ਸੀਐੱਸਕੇ ਨਾਲ ਹੋਇਆ।
ਬੀਸੀਸੀਆਈ ਦੇ ਸਟੈਂਡਰਡ ਆਪ੍ਰੇਟਿੰਗ ਪ੍ਰੋਸੀਜਰ ਦੇ ਤਹਿਤ ਜੇ ਕੋਈ ਕੋਰੋਨਾ ਪਾਜ਼ੇਟਿਵ ਆਉਂਦਾ ਹੈ ਤਾਂ ਉਸ ਦੇ ਕੁਆਰੰਟਾਈਨ ਦੇ ਸਮੇਂ ਨੂੰ ਇਕ ਹਫ਼ਤੇ ਲਈ ਵਧਾ ਦਿੱਤਾ ਜਾਵੇਗਾ ਤੇ ਇਹ ਬਾਇਓ ਬਬਲ (ਖਿਡਾਰੀਆਂ ਨੂੰ ਖੇਡਣ ਲਈ ਬਣਾਏ ਗਏ ਨਿਯਮ ਦੇ ਤਹਿਤ ਸੁਰੱਖਿਅਤ ਮਾਹੌਲ) ਵਿਚ ਖੇਡਣ ਲਈ ਤਦ ਆ ਸਕਦਾ ਹੈ ਜਦ ਉਸ ਦੀ ਰਿਪੋਰਟ ਨੈਗੇਟਿਵ ਆਏ ।






