ਡਿਪਟੀ ਕਮਿਸ਼ਨਰ ਨੇ ਵੋਟ ਦੇ ਅਧਿਕਾਰ ਦਾ ਸਹੀ ਇਸਤੇਮਾਲ ਕਰਨ ਲਈ ਪ੍ਰਣ ਦਿਵਾਇਆ

ਮਾਨਸਾ (ਗੁਰਜੰਟ ਸਿੰਘ ਬਾਜੇਵਾਲੀਆ) : ਭਾਰਤ ਚੋਣ ਕਮਿਸ਼ਨ ਦੇ ਦਿਸ਼ਾ ਨਿਰਦੇਸ਼ਾਂ ਤੇ ਅੱਜ 11ਵਾਂ ਰਾਸ਼ਟਰੀ ਵੋਟਰ ਦਿਵਸ ਬੱਚਤ ਭਵਨ, ਵਿਖੇ ਡਿਪਟੀ ਕਮਿਸ਼ਨਰ ਸ੍ਰੀ ਮਹਿੰਦਰ ਪਾਲ ਅਤੇ ਵਧੀਕ ਡਿਪਟੀ ਕਮਿਸ਼ਨਰ ਸ੍ਰੀ ਸੁਖਪ੍ਰੀਤ ਸਿੰਘ ਸਿੱਧੂ ਦੀ ਰਹਿਨੁਮਾਈ ਹੇਠ ਮਨਾਇਆ ਗਿਆ ।
ਸਮਾਗਮ ਦੀ ਸ਼ੁਰੂਆਤ ਸਰਕਾਰੀ ਸੈਕੰਡਰੀ ਸਕੂਲ (ਲੜਕੀਆਂ) ਦੀਆਂ ਵਿਦਿਆਰਥਣਾਂ ਵੱਲੋਂ ਰਾਸ਼ਟਰੀ ਗਾਣ ਨਾਲ ਕੀਤੀ ਗਈ । ਲੋਕ ਗਾਇਕ ਅਤੇ ਜ਼ਿਲ੍ਹਾ ਸਵੀਪ ਆਇਕਨ ਊਧਮ ਆਲਮ ਵੱਲੋਂ ਵੋਟਰਾਂ ਨੂੰ ਜਾਗਰੂਕ ਕਰਨ ਲਈ ਗੀਤ ਗਾਇਆ ਗਿਆ । ਜ਼ਿਲ੍ਹਾ ਨੋਡਲ ਅਫਸਰ ਸਵੀਪ—ਕਮ— ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫਸਰ, ਸ੍ਰੀ ਨਵਨੀਤ ਜੋਸ਼ੀ ਅਤੇ ਸਹਾਇਕ ਨੋਡਲ ਅਫਸਰ ਨਰਿੰਦਰ ਸਿੰਘ, ਲੈਕਚਰਾਰ ਵੱਲੋਂ ਵੋਟ ਬਣਾਉਣ ਅਤੇ ਵੋਟ ਪਾਉਣ ਦੀ ਮਹੱਤਤਾ ਸਬੰਧੀ ਭਾਸ਼ਣ ਦਿੱਤਾ ਗਿਆ ।
ਡਿਪਟੀ ਕਮਿਸ਼ਨਰ ਵੱਲੋਂ ਹਾਜ਼ਰੀਨ ਨੂੰ ਆਪਣੇ ਵੋਟ ਦੇ ਅਧਿਕਾਰ ਦਾ ਸਹੀ ਇਸਤੇਮਾਲ ਕਰਨ ਲਈ ਪ੍ਰਣ ਵੀ ਦਿਵਾਇਆ ਗਿਆ। ਸਮਾਗਮ ਦੌਰਾਨ ਮੁੱਖ ਚੋਣ ਕਮਿਸ਼ਨਰ ਦਾ ਸੰਦੇਸ਼ ਅਤੇ ਸਟੇਟ ਆਇਕਨ ਸੋਨੂ ਸੂਦ ਵੱਲੋਂ ਵੋਟਰਾਂ ਨੂੰ ਜਾਗਰੂਕ ਕਰਨ ਲਈ ਦਿੱਤਾ ਗਿਆ ਸੰਦੇਸ਼ ਵੀ ਪ੍ਰੋਜੈਕਟਰ ਰਾਹੀਂ ਚਲਾਇਆ ਗਿਆ ।
ਸਮਾਗਮ ਦੌਰਾਨ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਅੱਜ ਭਾਰਤ ਚੋਣ ਕਮਿਸ਼ਨ ਵੱਲੋਂ ਵੋਟਰਾਂ ਲਈ ਨਵੀ ਸਹੂਲਤ e-EPIC ਦਾ ਆਗਾਜ ਕਰ ਦਿੱਤਾ ਗਿਆ । ਜਿਸਦੇ ਸ਼ੁਰੂ ਹੋਣ ਨਾਲ ਵੋਟਰ ਆਪਣਾ e-EPIC ਡਾਊਨਲੋਡ ਕਰ ਸਕਦੇ ਹਨ । ਵੋਟਰ ਸੂਚੀਆਂ ਦੀ ਸੁਧਾਈ ਦੌਰਾਨ ਨਵੇਂ ਬਣੇ ਵੋਟਰਾਂ ਲਈ ਇਹ ਸਹੂਲਤ ਅੱਜ ਤੋਂ ਸ਼ੁਰੂ ਹੋ ਚੁੱਕੀ । ਪੁਰਾਣੇ ਵੋਟਰਾਂ ਲਈ ਇਹ ਸਹੂਲਤ 1 ਫਰਵਰੀ ਤੋਂ ਉਪਲਬਧ ਹੋਵੇਗੀ ।
ਰਾਸ਼ਟਰੀ ਵੋਟਰ ਦਿਵਸ ਦੇ ਸਮਾਗਮ ਤੋਂ ਪਹਿਲਾਂ ਆਮ ਜਨਤਾ ਨੂੰ ਵੋਟ ਦੀ ਮਹੱਤਤਾ ਤੋਂ ਜਾਣੂ ਕਰਵਾਉਣ ਲਈ ਇੱਕ ਸਵੀਪ ਵੈਨ ਨੂੰ ਡਿਪਟੀ ਕਮਿਸ਼ਨਰ ਮਾਨਸਾ ਵੱਲੋਂ ਹਰੀ ਝੰਡੀ ਦਿੱਤੀ ਗਈ । ਇਹ ਵੈਨ ਵੀਡੀਓ ਕਲਿੱਪਾਂ ਅਤੇ ਰੰਗਾ—ਰੰਗ ਪ੍ਰੋਗਰਾਮ ਰਾਹੀਂ ਸ਼ਹਿਰ ਵਿੱਚ ਵੱਖ—ਵੱਖ ਥਾਵਾਂ ਤੇ ਆਮ ਜਨਤਾ ਨੂੰ ਜਾਗਰੂਕ ਕਰੇਗੀ ।
ਸਮਾਗਮ ਦੇ ਅੰਤ ਵਿੱਚ ਡਿਪਟੀ ਕਮਿਸ਼ਨਰ ਵੱਲੋਂ ਵੱਖ—ਵੱਖ ਸਵੀਪ ਗਤੀਵਿਧੀਆਂ ਵਿੱਚ ਭਾਗ ਲੈਣ ਵਾਲੇ ਜੇਤੂ ਵਿਦਿਆਰਥੀਆਂ, ਅਧਿਆਪਕਾਂ, ਆਂਗਣਵਾੜੀ ਵਰਕਰਾਂ ਅਤੇ ਏ.ਐਨ.ਐਮ. ਨੂੰ ਪ੍ਰਸ਼ੰਸਾ ਪੱਤਰ ਦਿੱਤੇ ਗਏ । ਇਸ ਸਮੇਂ ਬੈਸਟ ਚੋਣਕਾਰ ਰਜਿਸਟਰੇਸ਼ਨ ਅਫਸਰ ਸ੍ਰੀ ਸਾਗਰ ਸੇਤਿਆ, ਆਈ.ਏ.ਐਸ. ਉਪ ਮੰਡਲ ਮੈਜਿਸਟਰੇਟ, ਬੁਢਲਾਡਾ, ਬੈਸਟ ਨੋਡਲ ਅਫ਼ਸਰ ਸਿੱਖਿਆ ਸੰਸਥਾਵਾਂ ਸ੍ਰੀ ਗੁਲਸ਼ਨ ਕੁਮਾਰ ਅਤੇ ਬੈਸਟ ਬੂਥ ਲੈਵਲ ਅਫਸਰ ਸ੍ਰੀ ਅਮਨਦੀਪ ਸਿੰਘ ਨੂੰ ਨਕਦ ਇਨਾਮਾਂ ਦੀ ਵੰਡ ਵੀ ਕੀਤੀ ਗਈ।






