ਕੋਵਿਡ ਕੇਅਰ ਸੈਂਟਰਾਂ ਵਿੱਚ ਤੈਨਾਤ ਮੈਡੀਕਲ ਸਟਾਫ ਨੂੰ ਹੈਲਥ ਮਹਿਕਮੇ ਵਿੱਚ ਹੀ ਐਡਜਸਟ ਕਰਨ ਦੀ ਇੰਟਕ ਨੇ ਕੀਤੀ ਮੰਗ।
ਘਰ ਘਰ ਰੋਜ਼ਗਾਰ ਦੇਣਾ ਸਰਕਾਰ ਦਾ ਮਿਸ਼ਨ ਹੈ, ਕੀ ਰੋਜ਼ਗਾਰ ਦੇ ਕੇ ਬੇਰੋਜ਼ਗਾਰ ਕਰਨਾ ਵੀ ਸਰਕਾਰ ਦਾ ਮਿਸ਼ਨ ਹੈ? – ਵਿਜੇ ਧੀਰ

ਮੋਗਾ (ਹਰਪਾਲ ਸਹਾਰਨ) : ਵਿਸ਼ਵ ਵਿਆਪੀ ਕੋਰੋਨਾ ਵਾਇਰਸ ਮਹਾਂਮਾਰੀ ਕੋਵਿਡ 19 ਕਾਰਨ ਕੋਰੋਨਾ ਪਾਜ਼ਿਟਿਵ ਦੇ ਧੜਾਧੜ ਆਏ ਮਰੀਜ਼ਾਂ ਨੂੰ ਦਾਖ਼ਲ ਕਰਨ ਅਤੇ ਉਨ੍ਹਾਂ ਦੀ ਦੇਖਭਾਲ ਕਰਨ ਲਈ ਪੰਜਾਬ ਸਰਕਾਰ ਨੇ ਸਾਰੇ ਪੰਜਾਬ ਭਰ ਵਿੱਚ ਕੋਵਿਡ ਕੇਅਰ ਸੈਂਟਰ ਸਥਾਪਿਤ ਕੀਤੇ ਸਨ ਜਿਥੇ ਕੋਰੋਨਾ ਦੇ ਲੈਵਲ 1 ਦੇ ਮਰੀਜ਼ਾਂ ਨੂੰ ਦਾਖ਼ਲ ਕੀਤਾ ਜਾਂਦਾ ਸੀ। ਇਨ੍ਹਾਂ ਕੋਵਿਡ ਕੇਅਰ ਸੈਂਟਰਾਂ ਵਿੱਚ ਕੋਰੋਨਾ ਮਰੀਜ਼ਾਂ ਦੇ ਇਲਾਜ ਲਈ ਮੈਡੀਕਲ ਸਟਾਫ ਜਿਨ੍ਹਾਂ ਵਿੱਚ ਡਾਕਟਰ, ਸਟਾਫ ਨਰਸਾਂ, ਪੈਰਾ ਮੈਡੀਕਲ ਸਟਾਫ, ਵਾਰਡ ਅਟੈਂਡੈਂਟ ਅਤੇ ਲੈਬ ਟੈਕਨੀਸ਼ੀਅਨਜ ਨੂੰ ਭਰਤੀ ਕੀਤਾ ਗਿਆ ਸੀ। ਪੰਜਾਬ ਸਰਕਾਰ ਦੇ ਹੁਕਮਾਂ ਨਾਲ ਪੰਜਾਬ ਭਰ ਵਿੱਚ ਸਥਾਪਤ ਕੀਤੇ ਗਏ ਇਹ ਸਾਰੇ ਕੋਵਿਡ ਕੇਅਰ ਸੈਂਟਰ ਤੁਰੰਤ ਪ੍ਰਭਾਵ ਨਾਲ ਸਮਾਪਤ ਕਰ ਦਿੱਤੇ ਗਏ ਹਨ ਅਤੇ ਇਨ੍ਹਾਂ ਸੈਂਟਰਾਂ ਵਿੱਚ ਨਿਯੁਕਤ ਕੀਤੇ ਗਏ ਮੈਡੀਕਲ ਸਟਾਫ ਦੀਆਂ ਸੇਵਾਵਾਂ ਵੀ ਸਮਾਪਤ ਕਰ ਦਿੱਤੀਆਂ ਗਈਆਂ ਹਨ। ਕਾਂਗਰਸ ਪੱਖੀ ਮਜ਼ਦੂਰ ਸੰਗਠਨ ਇੰਟਕ ਨੇ ਕੋਵਿਡ ਕੇਅਰ ਸੈਂਟਰਾਂ ਤੋਂ ਹਟਾਏ ਗਏ ਮੈਡੀਕਲ ਸਟਾਫ ਦੇ ਹੱਕ ਵਿੱਚ ਹਾਂ ਦਾ ਨਾਅਰਾ ਲਾਉਂਦਿਆਂ ਪੰਜਾਬ ਸਰਕਾਰ ਤੋਂ ਇਨ੍ਹਾਂ ਬੇਰੋਜ਼ਗਾਰ ਹੋਏ ਮੈਡੀਕਲ ਸਟਾਫ ਨੂੰ ਹੈਲਥ ਮਹਿਕਮੇ ਵਿੱਚ ਹੀ ਐਡਜਸਟ ਕਰਨ ਦੀ ਮੰਗ ਕੀਤੀ ਹੈ। ਇਸ ਸੰਬੰਧ ਵਿੱਚ ਅੱਜ ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮਾਲਵੇ ਦੇ ਉੱਘੇ ਮਜ਼ਦੂਰ ਆਗੂ ਜ਼ਿਲ੍ਹਾ ਇੰਟਕ ਪ੍ਰਧਾਨ ਵਿਜੇ ਧੀਰ ਐਡਵੋਕੇਟ ਨੇ ਕਿਹਾ ਕਿ ਅੱਜ ਸਮੂਚੇ ਦੇਸ਼ ਅਤੇ ਪੰਜਾਬ ਦੀ ਸੱਭ ਤੋਂ ਵੱਡੀ ਸਮੱਸਿਆ ਬੇਰੋਜ਼ਗਾਰੀ ਦੀ ਹੈ। ਕੇਂਦਰ ਸਰਕਾਰ ਦੇ ਚੌਣ ਮੈਨੀਫੈਸਟੋ ਅਤੇ ਪੰਜਾਬ ਸਰਕਾਰ ਦੇ ਮੈਨੀਫੈਸਟੋ ਵਿੱਚ ਪਹਿਲੇ ਨੰਬਰ ਤੇ ਬੇਰੋਜ਼ਗਾਰਾਂ ਨੂੰ ਰੋਜ਼ਗਾਰ ਮੁਹੱਈਆ ਕਰਵਾਉਣ ਦਾ ਵਾਅਦਾ ਕੀਤਾ ਹੈ। ਧੀਰ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਅਪਣੇ ਮੈਨੀਫੈਸਟੋ ਅਨੁਸਾਰ ਘਰ ਘਰ ਰੋਜ਼ਗਾਰ ਦੇਣ ਦਾ ਮਿਸ਼ਨ ਵਿੱਢਿਆ ਹੋਇਆ ਹੈ ਜਿਸ ਤਹਿਤ ਨੋਜਵਾਨਾਂ ਨੂੰ ਰੋਜ਼ਗਾਰ ਦੇਣ ਲਈ ਜਗ੍ਹਾ ਜਗ੍ਹਾ ਤੇ ਰੋਜ਼ਗਾਰ ਮੇਲੇ ਆਯੋਜਿਤ ਕੀਤੇ ਜਾ ਰਹੇ ਹਨ। ਪੰਜਾਬ ਸਰਕਾਰ ਦਾ ਦਾਅਵਾ ਹੈ ਕਿ ਪੰਜਾਬ ਸਰਕਾਰ ਵੱਲੋਂ ਹੁਣ ਤੱਕ 4 ਲੱਖ ਨੋਜਵਾਨਾਂ ਨੂੰ ਸਰਕਾਰੀ ਅਤੇ ਗੈਰ ਸਰਕਾਰੀ ਅਦਾਰਿਆਂ ਵਿੱਚ ਰੋਜ਼ਗਾਰ ਮੁਹੱਈਆ ਕਰਵਾਇਆ ਜਾ ਚੁੱਕਾ ਹੈ ਅਤੇ ਪੰਜਾਬ ਸਰਕਾਰ ਵੱਲੋਂ ਇੱਕ ਲੱਖ ਨੋਜਵਾਨਾਂ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇਗੀ। ਧੀਰ ਨੇ ਕਿਹਾ ਕਿ ਕੋਵਿਡ ਕੇਅਰ ਸੈਂਟਰਾਂ ਤੋਂ ਹਟਾਏ ਗਏ ਮੈਡੀਕਲ ਸਟਾਫ ਦੀ ਗਿਣਤੀ 20000 ਦੇ ਲਗਭਗ ਹੈ। ਧੀਰ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਜਿਨ੍ਹਾਂ ਇੱਕ ਲੱਖ ਨੋਜਵਾਨਾਂ ਨੂੰ ਨੋਕਰੀ ਦੇਣੀ ਹੈ ਉਨ੍ਹਾਂ ਵਿੱਚ ਬੇਰੋਜ਼ਗਾਰ ਹੋਏ ਇਨ੍ਹਾਂ 20000 ਮੈਡੀਕਲ ਸਟਾਫ ਦੇ ਨੋਜਵਾਨਾਂ ਨੂੰ ਸਰਕਾਰ ਨੌਕਰੀ ਦੇ ਦੇਵੇ। ਧੀਰ ਨੇ ਇਸ ਮੌਕੇ ਸਵਾਲ ਕੀਤਾ ਕਿ ਘਰ ਘਰ ਰੋਜ਼ਗਾਰ ਦੇਣਾ ਸਰਕਾਰ ਦਾ ਮਿਸ਼ਨ ਹੈ ਅਤੇ ਕੀ ਇੱਕ ਵਾਰ ਰੋਜ਼ਗਾਰ ਦੇ ਕੇ ਬੇਰੋਜ਼ਗਾਰ ਕਰਨਾ ਵੀ ਸਰਕਾਰ ਦਾ ਮਿਸ਼ਨ ਹੈ? ਜਿਵੇਂ ਕੋਵਿਡ ਕੇਅਰ ਸੈਂਟਰਾਂ ਵਿੱਚ ਤੈਨਾਤ ਮੈਡੀਕਲ ਸਟਾਫ ਨਾਲ ਹੋਇਆ ਹੈ, ਪਹਿਲਾਂ ਰੋਜ਼ਗਾਰ ਦੇ ਦਿੱਤਾ ਅਤੇ ਫਿਰ ਰੋਜ਼ਗਾਰ ਖੋਹ ਲਿਆ। ਧੀਰ ਨੇ ਕਿਹਾ ਕਿ ਜੇਕਰ ਰੋਜ਼ਗਾਰ ਦੇ ਕੇ ਫਿਰ ਬੇਰੋਜ਼ਗਾਰ ਕਰ ਦੇਣਾ ਹੀ ਘਰ ਘਰ ਨੌਕਰੀ ਦੇਣਾ ਹੀ ਅਸਲ ਮਿਸ਼ਨ ਹੈ ਤਾਂ ਫਿਰ ਇਸ ਮਿਸ਼ਨ ਨੂੰ ਅੱਗਾ ਦੌੜ ਪਿੱਛਾ ਚੌੜ ਮਿਸ਼ਨ ਹੀ ਕਿਹਾ ਜਾਵੇਗਾ ਜਿਸ ਤਹਿਤ ਇੱਕ ਪਾਸੇ ਨੌਕਰੀ ਦੇ ਦਿਓ ਅਤੇ ਦੂਸਰੇ ਪਾਸੇ ਨੌਕਰੀ ਤੋਂ ਹਟਾ ਦਿਓ। ਧੀਰ ਨੇ ਕਿਹਾ ਕਿ ਇਨ੍ਹਾਂ ਗੈਰ ਇਮਾਨਦਾਰ ਤਰੀਕਿਆਂ ਨਾਲ ਬੇਰੋਜ਼ਗਾਰੀ ਦੀ ਸਮਸਿਆ ਦਾ ਸਥਾਈ ਸਮਾਧਾਨ ਨਹੀਂ ਹੋ ਸਕਦਾ ਹੈ। ਇਸ ਮੌਕੇ ਸੋਨੂੰ ਅਰੋੜਾ ਨੇ ਕਿਹਾ ਕਿ ਔਖੇ ਵੇਲੇ ਜਿਨ੍ਹਾਂ ਲੋਕਾਂ ਨੇ ਕੰਮ ਕੀਤਾ ਹੈ ਅੱਜ ਉਨ੍ਹਾਂ ਸਾਰੇ ਲੋਕਾਂ ਨੂੰ ਬੇਰੋਜ਼ਗਾਰ ਕਰ ਦਿੱਤਾ ਗਿਆ ਹੈ। ਇਸ ਮੌਕੇ ਜ਼ਿਲ੍ਹਾ ਇੰਟਕ ਪ੍ਰਧਾਨ ਵਿਜੇ ਧੀਰ ਐਡਵੋਕੇਟ ਨਾਲ ਪਵਨ ਕੁਮਾਰ ਸ਼ਰਮਾ ਸੀਨੀਅਰ ਐਡਵੋਕੇਟ ਸਾਬਕਾ ਪ੍ਰਧਾਨ ਜ਼ਿਲ੍ਹਾ ਬਾਰ ਐਸੋਸੀਏਸ਼ਨ ਮੋਗਾ, ਪ੍ਰਦੇਸ਼ ਇੰੰਟਕ ਜਨਰਲ ਸਕੱਤਰ ਦਵਿੰਦਰ ਸਿੰਘ ਜੋੜਾਂ, ਪ੍ਰਦੇਸ਼ ਯੂਥ ਇੰਟਕ ਜਨਰਲ ਸਕੱਤਰ ਪ੍ਰਵੀਨ ਕੁਮਾਰ ਸ਼ਰਮਾ, ਪ੍ਰਦੇਸ਼ ਕਾਂਗਰਸ ਦੇ ਸਾਬਕਾ ਸਕੱਤਰ ਅਸ਼ੋਕ ਕਾਲੀਆ, ਸੋਨੂੰ ਅਰੋੜਾ ਚੇਅਰਮੈਨ ਕਲਰਕ ਬਾਰ ਐਸੋਸੀਏਸ਼ਨ ਹਾਜ਼ਰ ਸਨ। ਜ਼ਿਕਰਯੋਗ ਹੈ ਕਿ ਮੋਗਾ ਜ਼ਿਲ੍ਹਾ ਵਿੱਚ ਇਹ ਕੋਵਿਡ ਕੇਅਰ ਸੈਂਟਰ ਘੱਲਕਲਾਂ ਦੇ ਲਾਲਾ ਲਾਜਪਤ ਰਾਏ ਗਰੁੱਪ ਆਫ ਇੰਸਟੀਚਿਊਸ਼ਨਜ਼ ਵਿੱਚ ਸਥਾਪਤ ਕੀਤਾ ਗਿਆ ਸੀ ਜਿਥੇ 8 ਡਾਕਟਰ, 16 ਸਟਾਫ ਨਰਸਾਂ, 15 ਵਾਰਡ ਅਟੈਂਡੈਂਟ ਅਤੇ 6 ਲੈਬ ਟੈਕਨੀਸ਼ੀਅਨਜ ਤੈਨਾਤ ਸਨ।






