ਪੰਡਿਤ ਨੂੰ ਮੋਦੀ ਸਰਕਾਰ ਦਾ ਟੇਵਾ ਦਿਖਾ ਪੁੱਛਿਆ ਪੰਡਿਤ ਜੀ ਦੱਸੋ ਮਹਿੰਗਾਈ ਦੀ ਸਾਡਸਤੀ ਕਦੋਂ ਖਤਮ ਹੋਵੇਗੀ

ਮੋਗਾ (ਹਰਪਾਲ ਸਹਾਰਨ) : ਜ਼ਿਲ੍ਹਾ ਇੰਟਕ ਜ਼ਿਲ੍ਹਾ ਪ੍ਰਧਾਨ ਵਿਜੇ ਧੀਰ ਐਡਵੋਕੇਟ ਦੀ ਅਗਵਾਈ ਵਿੱਚ ਹਮੇਸ਼ਾ ਲੋਕ ਮੁੱਦੇ ਉਠਾਉਣ ਵਿੱਚ ਮੋਢੀ ਰਹੀ ਹੈ। ਰਸੋਈ ਗੈਸ ਦੀਆਂ ਲਗਾਤਾਰ ਵੱਧ ਰਹੀਆਂ ਕੀਮਤਾਂ ਨੂੰ ਲੈਕੇ ਕੋਂਦਰ ਦੀ ਮੋਦੀ ਸਰਕਾਰ ਨੂੰ ਬੇਸ਼ਰਮ ਕਰਨ ਲਈ ਇੰਟਕ ਵਰਕਰਾਂ ਨੇ ਅੱਜ ਇਥੇ ਜੋਗਿੰਦਰ ਸਿੰਘ ਚੌਂਕ ਨੇੜੇ ਈ ਰਿਕਸ਼ਾ ਮਜ਼ਦੂਰ ਸੰਘ ਦੇ ਅਹਾਤੇ ਵਿਚ ਕੇਂਦਰ ਦੀ ਮੋਦੀ ਸਰਕਾਰ ਨੂੰ ਨਵੇਕਲੇ ਢੰਗ ਨਾਲ ਵਿੰਅਗਾਤਮਕ ਢੰਗ ਨਾਲ ਫਟਕਾਰ ਮਾਰੀ। ਇੰਟਕ ਵਰਕਰਾਂ ਨੇ ਐਲ ਪੀ ਜੀ ਗੈਸ ਸਿਲੰਡਰ ਨੂੰ ਤਿਲਕ ਲਗਾ ਕੇ ਪੂਜਾ ਅਰਚਨਾ ਕੀਤੀ ਅਤੇ ਜੋਤਿਸ਼ ਅਚਾਰੀਆ ਪ੍ਰਵੀਨ ਕੁਮਾਰ ਸ਼ਰਮਾ ਨੂੰ ਕੇਂਦਰ ਦੀ ਮੋਦੀ ਸਰਕਾਰ ਦਾ ਟੇਵਾ ਵਿਖਾਇਆ ਅਤੇ ਪੰਡਿਤ ਜੀ ਨੂੰ ਪੁੱਛਿਆ ਕਿ ਮੋਦੀ ਸਰਕਾਰ ਦਾ ਟੇਵਾ ਵੇਖ ਕੇ ਦੱਸੋ ਕਿ ਮੋਦੀ ਸਰਕਾਰ ਦੇ ਸੱਤਾ ਵਿੱਚ ਆਉਣ ਤੋਂ ਬਾਅਦ ਦੇਸ਼ ਦੇ 135 ਕਰੋੜ ਲੋਕਾਂ ਤੇ ਰਸੋਈ ਗੈਸ, ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਲਗਾਤਾਰ ਆਸਮਾਨ ਨੂੰ ਛੂਹਣ ਵਾਲੀ ਹੋ ਰਹੀ ਮਹਿੰਗਾਈ ਦੀ ਸਾਡਸਤੀ ਕਦੋਂ ਖਤਮ ਹੋਵੇਗੀ। ਵਿਦਵਾਨ ਜੋਤਿਸ਼ ਅਚਾਰੀਆ ਨੇ ਮੋਦੀ ਸਰਕਾਰ ਦਾ ਟੇਵਾ ਵੇਖਣ ਤੋਂ ਬਾਅਦ ਦੱਸਿਆ ਕਿ ਸਾਲ 2014 ਤੋਂ ਰਾਹੂ ਕੇਤੂ ਦੀ ਗ੍ਰਹਿ ਦਸ਼ਾ ਚਲ ਰਹੀ ਹੈ ਅਤੇ ਨਜ਼ਦੀਕ ਭਵਿਖ ਵਿਚ ਇਹ ਗ੍ਰਹਿ ਦਸ਼ਾ ਸਮਾਪਤ ਹੋਣ ਵਾਲੀ ਨਹੀਂ ਹੈ। ਰਾਹੂ ਕੇਤੂ ਦੀ ਗ੍ਰਹਿ ਚਾਲ ਖਤਮ ਕਰਨ ਦਾ ਉਪਾਇ ਪੁੱਛਣ ਤੇ ਵਿਦਵਾਨ ਜੋਤਿਸ਼ ਅਚਾਰੀਆ ਨੇ ਦੱਸਿਆ ਕਿ ਇਸ ਰਾਹੂ ਕੇਤੂ ਦੀ ਗ੍ਰਹਿ ਚਾਲ ਨੂੰ ਖਤਮ ਕਰਨ ਦਾ ਉਪਾਇ ਬਹੁਤ ਔਖਾ ਹੈ ਇਸ ਗ੍ਰਹਿ ਚਾਲ ਨੂੰ ਖਤਮ ਕਰਨ ਲਈ ਦੇਸ਼ ਦੇ 135 ਕਰੋੜ ਲੋਕਾਂ ਨੂੰ ਤਪਦੀ ਧੁੱਪ ਵਿਚ ਦੋ ਮਹੀਨਾ ਲਗਾਤਾਰ ਪ੍ਰਤੀ ਦਿਨ ਇਕ ਟੰਗ ਤੇ ਦੋ ਘੰਟੇ ਖੜ੍ਹਾ ਹੋਣਾ ਪਵੇਗਾ। ਇਹ ਵਿਅੰਗ ਖਤਮ ਹੋਣ ਉਪਰੰਤ ਜ਼ਿਲ੍ਹਾ ਇੰਟਕ ਪ੍ਰਧਾਨ ਵਿਜੇ ਧੀਰ ਐਡਵੋਕੇਟ ਨੇ ਕਿਹਾ ਕਿ ਡਾਕਟਰ ਮਨਮੋਹਨ ਸਿੰਘ ਦੀ ਸਾਬਕਾ ਕਾਂਗਰਸ ਸਰਕਾਰ ਸਮੇਂ ਰਸੋਈ ਗੈਸ ਸਿਲੰਡਰ ਦੀ ਕੀਮਤ 436 ਰੁਪਏ ਪ੍ਰਤੀ ਸਿਲੰਡਰ ਦੇ ਆਸ ਪਾਸ ਰਹਿੰਦੀ ਸੀ ਜਿਹੜੀ ਅੱਜ ਮੋਦੀ ਸਰਕਾਰ ਦੇ ਰਾਜ ਵਿੱਚ 825 ਰੁਪਏ ਪ੍ਰਤੀ ਸਿਲੰਡਰ ਹੋ ਗਈ ਹੈ। ਧੀਰ ਨੇ ਕਿਹਾ ਕਿ ਡਾਕਟਰ ਮਨਮੋਹਨ ਸਿੰਘ ਦੀ ਸਰਕਾਰ ਸਮੇਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਰੱਖਿਆ ਮੰਤਰੀ ਰਾਜਨਾਥ ਸਿੰਘ, ਸਵਰਗੀ ਮੰਤਰੀ ਅਰੁਣ ਜੇਤਲੀ, ਸਵਰਗੀ ਮੰਤਰੀ ਸੁਸ਼ਮਾ ਸਵਰਾਜ ਅਤੇ ਮੌਜੂਦਾ ਮੰਤਰੀ ਸਮ੍ਰਿਤੀ ਇਰਾਨੀ ਆਸਮਾਨ ਸਿਰ ਤੇ ਚੁੱਕ ਲੈਂਦੇ ਸਨ ਪ੍ਰੰਤੂ ਅੱਜ ਇਹ ਸਾਰੇ ਚੁੱਪ ਬੈਠੇ ਹੋਏ ਹਨ ਜਿਵੇਂ ਇਨ੍ਹਾਂ ਨੂੰ ਸੱਪ ਸੁੰਘ ਗਿਆ ਹੋਵੇ। ਇੰਟਕ ਪ੍ਰਧਾਨ ਵਿਜੇ ਧੀਰ ਐਡਵੋਕੇਟ ਨੇ ਮੋਦੀ ਸਰਕਾਰ ਦੀ 2016 ਵਿੱਚ ਸ਼ੁਰੂ ਕੀਤੀ ਉਜਵੱਲਾ ਯੋਜਨਾ ਜਿਸ ਤਹਿਤ ਪੇਂਡੂ ਖੇਤਰਾਂ ਦੇ ਲੋਕਾਂ ਨੂੰ ਚੁੱਲ੍ਹੇ ਦੇ ਧੂੰਏਂ ਤੋਂ ਨਿਜਾਤ ਦਿਵਾਉਣ ਲਈ ਦਾਅਵੇ ਮੁਤਾਬਕ 9 ਕਰੋੜ ਲੋਕਾਂ ਨੂੰ ਮੁਫ਼ਤ ਐਲ ਪੀ ਜੀ ਕੁਨੈਕਸ਼ਨ ਦਿੱਤੇ ਗਏ ਸਨ । ਧੀਰ ਨੇ ਕਿਹਾ ਕਿ ਅੱਜ ਸਾਡਾ ਅੰਦਾਜ਼ਾ ਹੈ ਕਿ ਇਨ੍ਹਾਂ 9 ਕਰੋੜ ਲੋਕਾਂ ਵਿਚੋਂ 8 ਕਰੋੜ ਲੋਕ ਇਨ੍ਹਾਂ ਮਹਿੰਗਾ ਰਸੋਈ ਗੈਸ ਸਿਲੰਡਰ ਭਰਵਾਉਣ ਦੀ ਸਮਰੱਥਾ ਨਾਂ ਰੱਖਣ ਕਾਰਨ ਮੁੜ ਚੁੱਲ੍ਹੇ ਤੇ ਆ ਕੇ ਧੂਆਂ ਫੂਕ ਰਹੇ ਹਨ। ਧੀਰ ਨੇ ਕਿਹਾ ਕਿ ਗਰੀਬ, ਮਜ਼ਦੂਰ ਅਤੇ ਮੱਧ ਵਰਗ ਦੇ ਲੋਕਾਂ ਲਈ ਰਸੋਈ ਗੈਸ ਸਿਲੰਡਰ ਭਰਵਾਉਣਾ ਵਿਤ ਤੋਂ ਬਾਹਰ ਹੋ ਗਿਆ ਹੈ। ਲੇਕਿਨ ਮੋਦੀ ਸਰਕਾਰ ਅੱਖਾਂ ਬੰਦ ਕਰ ਕੇ ਅਤੇ ਕੰਨ ਲਪੇਟ ਕੇ ਲੋਕਾਂ ਨੂੰ ਉਨ੍ਹਾਂ ਦੇ ਰਹਿਮੋ ਕਰਮ ਤੇ ਛੱਡ ਕੇ ਚੁੱਪ ਬੈਠੀ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਪ੍ਰਦੇਸ਼ ਇੰੰਟਕ ਜਨਰਲ ਸਕੱਤਰ ਦਵਿੰਦਰ ਸਿੰਘ ਜੋੜਾਂ, ਪ੍ਰਦੇਸ਼ ਯੂਥ ਇੰਟਕ ਜਨਰਲ ਸਕੱਤਰ ਪ੍ਰਵੀਨ ਕੁਮਾਰ ਸ਼ਰਮਾ, ਸਾਬਕਾ ਐਮ ਸੀ ਕ੍ਰਿਸ਼ਨ ਸੂਦ, ਮਿਡ ਡੇ ਮੀਲ ਕੁੱਕ ਯੂਨੀਅਨ ਦੇ ਸੂਬਾ ਪ੍ਰਧਾਨ ਕਰਮ ਚੰਦ ਚੰਡਾਲੀਆ, ਮਿਉਂਸਪਲ ਇੰਪਲਾਈਜ ਫੈਡਰੇਸ਼ਨ ਦੇ ਸਾਬਕਾ ਪ੍ਰਧਾਨ ਮਦਨ ਲਾਲ ਬੋਹਤ, ਈ ਰਿਕਸ਼ਾ ਮਜ਼ਦੂਰ ਸੰਘ ਦੇ ਪ੍ਰਧਾਨ ਜਸਵੰਤ ਸਿੰਘ ਜੱਸਾ, ਕਾਂਗਰਸ ਦੇ ਸੂਬਾ ਸਕੱਤਰ ਅਸ਼ੋਕ ਕਾਲੀਆ, ਪ੍ਰੀਤਮ ਸਿੰਘ ਬਿੱਲੂ, ਦਰਸ਼ਨ ਲਾਲ, ਧਰਮਿੰਦਰ ਸਿੰਘ, ਪ੍ਰਕਾਸ਼ ਚੰਦ, ਅਨਿਲ ਜਾਦਾ, ਵਿਜੇ ਛਪਰੀ, ਰਕੇਸ਼ ਕੁਮਾਰ, ਵਿਦਿਆ ਰਾਣੀ, ਕੁਲਵਿੰਦਰ ਕੌਰ, ਸੁਰਜੀਤ ਕੌਰ, ਸਰਬਨ ਸਿੰਘ, ਪਰਸ਼ੋਤਮ ਲਾਲ ਮੇਜ਼ਰ ਸਿੰਘ ਲੰਡੇ ਕੇ, ਜਸਵਿੰਦਰ ਸਿੰਘ, ਰਜੇਸ ਚੌਪੜਾ, ਰਜਿੰਦਰ ਸਿੰਘ, ਗੁਰਪਾਲ ਸਿੰਘ, ਸੁਖਦੇਵ ਸਿੰਘ, ਜਗਸੀਰ ਸਿੰਘ, ਸ਼ਿੰਦਰ ਪਾਲ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।






