ਜ਼ਿਕਰਯੋਗ ਹੈ ਕਿ ਸ਼ੁੱਕਰਵਾਰ ਦੁਪਹਿਰ ਨੂੰ ਗੋਨਿਆਣਾ ਰੋਡ ’ਤੇ ਸਥਿੱਤ ਨਗਰ ਸੁਧਾਰ ਟਰੱਸਟ ਦਫ਼ਤਰ ਦੇ ਸਾਹਮਣੇ ਇਕ ਦਰਜਨ ਦੇ ਕਰੀਬ ਨੌਜਵਾਨਾਂ ਨੇ ਫਿਲਮੀ ਸਟਾਇਲ ਵਿਚ ਇਕ ਲਾਲ ਰੰਗ ਦੀ ਗੱਡੀ ਵਿਚ ਸਵਾਰ ਚਾਰ ਨੌਜਵਾਨਾਂ ਵਿਚੋਂ ਇਕ ਨੌਜਵਾਨ ਦੇ ਸਿਰ ਵਿਚ ਮਾਰ ਦਿੱਤੀ ਸੀ ਗੋਲੀ

ਬਠਿੰਡਾ, ਜੱਸ ਬਰਾੜ: ਬਠਿੰਡਾ ਅੰਦਰ ਗੈਂਗਵਾਰ ਵਿਚ ਜ਼ਖਮੀ ਹੋਏ ਨੌਜਵਾਨ ਲਲਿਤ ਕੁਮਾਰ ਉਰਫ਼ ਲੱਕੀ ਨੇ ਇਲਾਜ ਦੌਰਾਨ ਦਮ ਤੋੜ ਦਿੱਤਾ ਹੈ। ਇਕ ਦਰਜ਼ਨ ਦੇ ਕਰੀਬ ਨੌਜਵਾਨਾਂ ਵੱਲੋਂ ਲੱਕੀ ’ਤੇ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ ਸਨ। ਉਕਤ ਨੌਜਵਾਨ ਦੇ ਸਿਰ ਵਿਚ ਇਕ ਗੋਲੀ ਲੱਗੀ ਸੀ ਜਿਸਨੂੰ ਇਲਾਜ ਲਈ ਪਹਿਲਾਂ ਆਦੇਸ਼ ਹਸਪਤਾਲ ਲਿਜਾਇਆ ਗਿਆ, ਪਰ ਉਸਦੀ ਗੰਭੀਰ ਹਾਲਤ ਨੂੰ ਦੇਖਦਿਆਂ ਡਾਕਟਰਾਂ ਨੇ ਉਸ ਨੂੰ ਪੀਜੀਆਈ ਰੈਫ਼ਰ ਕਰ ਦਿੱਤਾ ਸੀ। ਉਥੇ ਇਲਾਜ਼ ਦੌਰਾਨ ਸ਼ੁੱਕਰਵਾਰ ਦੇਰ ਰਾਤ ਲਲਿਤ ਕੁਮਾਰ ਨੇ ਦਮ ਤੋੜ ਦਿੱਤਾ।
ਦੂਜੇ ਪਾਸੇ ਥਾਣਾ ਸਿਵਲ ਲਾਇਨ ਪੁਲਿਸ ਨੇ ਪੰਜ ਹਮਲਾਵਰਾਂ ਦੀ ਪਛਾਣ ਕਰਕੇ ਉਨ੍ਹਾਂ ਸਮੇਤ 13 ਖਿਲਾਫ਼ ਕੇਸ ਦਰਜ ਕਰ ਲਿਆ ਹੈ। ਪੁਲਿਸ ਕੋਲ ਦਰਜ਼ ਕਰਵਾਏ ਬਿਆਨਾਂ ਵਿਚ ਮਿ੍ਰਤਕ ਲਲਿਤ ਕੁਮਾਰ ਦੇ ਪਿਤਾ ਮਹਿਰ ਚੰਦ ਵਾਸੀ ਪਰਸਰਾਮ ਨਗਰ ਬਠਿੰਡਾ ਨੇ ਦੱਸਿਆ ਕਿ ਉਸਦੇ ਪੁੱਤਰ ਦੀ ਕੁੱਝ ਸਮਾਂ ਪਹਿਲਾਂ ਕ੍ਰਿਸ਼ਨ ਕੁਮਾਰ ਪੁੱਤਰ ਦੇਸ ਰਾਜ ਵੀਸੀ ਪਰਤਾਪ ਨਗਰ ਨਾਲ ਲੜਾਈ ਹੋਈ ਸੀ ਜਿਸਦਾ ਬਾਅਦ ਸਮਝੌਤਾ ਹੋ ਗਿਆ ਸੀ।ਕ੍ਰਿਸ਼ਨ ਕੁਮਾਰ ਨੇ ਇਸਦੀ ਰੰਜ਼ਿਸ ਆਪਣੇ ਮਨ ਵਿਚ ਰੱਖੀ ਹੋਈ ਸੀ। ਉਸਨੇ ਪੁਲਿਸ ਨੂੰ ਦੱਸਿਆ ਕਿ ਸ਼ੁੱਕਰਵਾਰ ਨੂੰ ਉਸਦਾ ਪੁੱਤਰ ਲਲਿਤ ਕੁਮਾਰ (36) ਅਤੇ ਛੋਟਾ ਲੜਕਾ ਮਨੋਜ ਕੁਮਾਰ ਉਰਫ਼ ਬੰਟੀ ਆਪਣੀ ਕਾਰ ‘ਚ ਸਵਾਰ ਹੋ ਕੇ ਜਾ ਰਹੇ ਸਨ। ਇਸ ਦੌਰਾਨ ਨਗਰ ਸੁਧਾਰ ਟਰੱਸਟ ਨੇੜੇ ਕੁੱਝ ਦੋਸਤਾਂ ਦੇ ਮਿਲ ਜਾਣ ਕਾਰਨ ਉਹ ਰੁਕ ਕੇ ਗੱਲਬਾਤ ਕਰ ਰਹੇ ਸਨ ਕਿ ਇਸੇ ਦੌਰਾਨ ਚਿੱਟੇ ਰੰਗ ਦੀ ਸਕਾਰਪੀਓ ਗੱਡੀ ਤੇ ਮੋਟਰਸਾਈਕਲਾਂ ’ਤੇ ਸਵਾਰ ਹੋ ਕੇ ਆਏ 12-13 ਨੌਜਵਾਨਾਂ ਨੇ ਉਨ੍ਹਾਂ ਉੱਪਰ ਅੰਨ੍ਹੇਵਾਹ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਹਮਲਾਵਰਾਂ ਵੱਲੋਂ ਚਲਾਈ ਗੋਲੀ ਉਸਦੇ ਪੁੱਤਰ ਦੇ ਸਿਰ ਵਿਚ ਲੱਗੀ ਪਰ ਇਸਦੇ ਬਾਵਜੂਦ ਵੀ ਉਹ ਲਲਿਤ ਕੁਮਾਰ ਦੀ ਕੁੱਟਮਾਰ ਕਰਦੇ ਰਹੇ। ਪੀੜਤ ਨੇ ਦੱਸਿਆ ਕਿ ਹਮਲਵਾਰਾਂ ਨੇ ਉਸਦੇ ਪੁੱਤਰ ਦੀ ਸਕੋਡਾ ਗੱਡੀ ਦੀ ਵੀ ਭੰਨਤੋੜ ਕੀਤੀ। ਜਦੋਂ ਲੋਕਾ ਦਾ ਇਕੱਠ ਹੋ ਗਿਆ ਤਾਂ ਉਕਤ ਹਮਲਾਵਰ ਹਥਿਆਰਾਂ ਸਮੇਤ ਮੌਕੇ ਤੋਂ ਫ਼ਰਾਰ ਹੋ ਗਏ। ਉਨ੍ਹਾਂ ਦੱਸਿਆ ਕਿ ਕ੍ਰਿਸ਼ਨ ਕੁਮਾਰ ਪੁੱਤਰ ਦੇਸ ਰਾਜ ਅਤੇ ਰਾਹੁਲ ਸੈਣੀ ਪੁੱਤਰ ਰਾਧੇ ਸ਼ਾਮ ਵਾਸੀ ਪਰਤਾਪ ਨਗਰ ਨੇ ਉਸਦੇ ਪੁੱਤਰ ’ਤੇ ਅੰਨ੍ਹੇਵਾਹ ਗੋਲੀਆਂ ਚਲਾਈਆਂ। ਉਸਨੇ ਸ਼ਿਕਾਇਤ ਵਿਚ ਦੱਸਿਆ ਕਿ ਹਮਲਾਵਰਾਂ ਵਿਚ ਸਟੈਫੂ ਵਾਸੀ ਪਰਸਰਾਮ ਨਗਰ, ਕੇਸ਼ਵ ਤੇ ਲਾਲੀ ਪੁੱਤਰ ਬਲਦੇਵ ਸਿੰਘ ਮੌੜ ਵਾਸੀ ਸੌ ਫੁੱਟੀ ਰੋਡ ਨੇੜੇ ਸ਼ਕਤੀ ਨਗਰ ਸਮੇਤ 8-9 ਅਣਪਛਾਤੇ ਨੌਜਵਾਨ ਸ਼ਾਮਲ ਸਨ ਥਾਣਾ ਸਿਵਲ ਲਾਇਨ ਦੇ ਸਬ ਇੰਸਪੈਕਟਰ ਕਰਮਜੀਤ ਸਿੰਘ ਨੇ ਦੱਸਿਆ ਕਿ ਮਿ੍ਰਤਕ ਨੌਜਵਾਨ ਦੇ ਪਿਤਾ ਦੇ ਬਿਆਨਾਂ ਦੇ ਅਧਾਰ ’ਤੇ ਉਕਤ ਕਥਿਤ ਦੋਸ਼ੀਆਂ ਖਿਲਾਫ਼ ਕਤਲ ਦਾ ਕੇਸ ਦਰਜ ਕਰ ਲਿਆ ਹੈ। ਉਨ੍ਹਾਂ ਦੱਸਿਆ ਕਿ ਹਮਲਵਾਰਾਂ ਦੀ ਗਿ੍ਰਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।



