ਮਾਨਸਾ, 21 ਮਈ : ਗੁਰਜੰਟ ਸਿੰਘ ਬਾਜੇਵਾਲੀਆ/ਸ਼ਹੀਦ ਨੰਦ ਸਿੰਘ ਸਰਕਾਰੀ ਬਹੁਤਕਨੀਕੀ ਕਾਲਜ, ਬਰੇਟਾ (ਮਾਨਸਾ) ਦੇ ਡਿਪਲੋਮਾ ਮਕੈਨੀਕਲ ਇੰਜੀਨੀਅਰਿੰਗ ਦੇ 7 ਵਿਦਿਆਰਥੀਆਂ ਦੀ ਨਾਮੀ ਕੰਪਨੀਆਂ ਲਈ ਚੋਣ ਹੋਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਕਾਲਜ ਦੇ ਪ੍ਰਿੰਸੀਪਲ ਸ਼੍ਰੀ ਸੰਦੀਪ ਕੁਮਾਰ ਨੇ ਦੱਸਿਆ ਕਿ ਇਸ ਕਾਲਜ ਦੇ ਵਿਦਿਆਰਥੀ ਗੁਰਦੀਪ ਸਿੰਘ ਦੀ ਦੇਸ਼ ਦੀ ਨਾਮੀ ਕੰਪਨੀ ਰਿਟਜ਼ਨ ਇੰਡੀਆ ਪ੍ਰਾਈਵੇਟ ਲਿਮਟਿਡ ਪੂਨਾ, ਜੋ ਕਿ ਮਲਟੀਨੈਸ਼ਨਲ ਕੰਪਨੀ ਜੌਨਡੀਅਰ ਨਾਲ ਸਬੰਧਤ ਹੈ 2.5 ਲੱਖ ਰੁਪਏ ਸਾਲਾਨਾਂ ਦੇ ਪੈਕੇਜ਼ ਵਿੱਚ ਨੌਕਰੀ ਲੱਗੀ ਹੈ।
ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਇਸੇ ਕਾਲਜ ਦੇ 6 ਹੋਰ ਡਿਪਲੋਮਾ ਮਕੈਨੀਕਲ ਇੰਜੀਨਿਅਰਿੰਗ ਦੇ ਵਿਦਿਆਰਥੀਆਂ (ਗੁਰਦੀਪ ਸਿੰਘ , ਹੁਸਨ ਕੁਮਾਰ, ਸਿਮਰਨ ਤਾਇਲ, ਕੌਸ਼ਲ ਸਿੰਗਲਾ , ਜਸਪਾਲ ਖਾਨ ਅਤੇ ਯਸ਼ ਕੁਮਾਰ) ਨੂੰ ਬਜਾਜ ਮੋਟਰਜ਼ ਲਿਮਟਡ ਮਾਨੇਸਰ (ਗੁੜਗਾਓਂ) ਵੱਲੋਂ ਸਿਲੈਕਟ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਹਨਾਂ ਵਿਚੋਂ 3 ਵਿਦਿਆਰਥੀ ਮਿਤੀ 26 ਮਈ 2022 ਨੂੰ ਕੰਪਨੀ ਜੁਆਇੰਨ ਕਰਨਗੇ ਅਤੇ ਬਾਕੀ 3 ਫਾਇਨਲ ਸਾਲ ਦੇ ਵਿਦਿਆਰਥੀਂ ਆਪਣੇ ਆਖਿਰੀ ਸਮੈਸਟਰ ਦੀ ਪ੍ਰੀਖਿਆਂ ਤੋਂ ਬਾਅਦ ਜੁਆਇੰਨ ਕਰਨਗੇ।
ਪਿ੍ਰੰਸੀਪਲ ਨੇ ਚੁਣੇ ਗਏ ਵਿਦਿਆਰਥੀਆਂ ਨੂੰ ਕਿਹਾ ਕਿ ਉਹ ਮਿਹਨਤ ਅਤੇ ਲਗਨ ਨਾਲ ਆਪਣੀ ਡਿਊਟੀ ਕਰਕੇ ਕਾਲਜ ਅਤੇ ਆਪਣੇ ਮਾਪਿਆਂ ਦਾ ਨਾਂ ਰੌਸ਼ਨ ਕਰਨ। ਉਨ੍ਹਾਂ ਦੱਸਿਆ ਕਿ ਕਾਲਜ ਵਲੋਂ ਵਿਦਿਆਰਥੀਆਂ ਦੀ ਟ੍ਰੇਨਿੰਗ ਅਤੇ ਪਲੇਸਮੈਂਟ ਵੱਲ ਉਚੇਚਾ ਧਿਆਨ ਦਿੱਤਾ ਜਾਂਦਾ ਹੈ। ਕਾਲਜ ਵਿੱਚ ਟਰੇਨਿੰਗ ਅਤੇ ਪਲੇਸਮੈਂਟ ਸੈੱਲ ਦਾ ਗਠਨ ਕੀਤਾ ਹੋਇਆ ਹੈ ਅਤੇ ਇਸ ਵੱਲੋਂ ਆਖਰੀ ਸਾਲ ਦੇ ਨੌਕਰੀ ਦੇ ਚਾਹਵਾਨ ਵਿਦਿਆਰਥੀਆਂ ਦੀ ਚੋਣ ਕਰਕੇ ਇਹਨਾਂ ਵਿਦਿਆਰਥੀਆਂ ਨੂੰ ਨੌਕਰੀ ਦਿਵਾਉਣ ਦੇ ਵਿਸ਼ੇਸ਼ ਉਪਰਾਲੇ ਕੀਤੇ ਜਾਂਦੇ ਹਨ। ਉਨ੍ਹਾਂ ਮਕੈਨੀਕਲ ਇੰਜੀ. ਵਿਭਾਗ ਨੂੰ ਇਸ ਲਈ ਵਧਾਈ ਦਿੱਤੀ।
ਇਸ ਮੌਕੇ ਮੁਖੀ ਵਿਭਾਗ ਮਕੈਨੀਕਲ ਅਤੇ ਕਾਲਜ ਦੇ ਟੀ.ਪੀ.ਓ. ਸ਼੍ਰੀ ਅਮਨ ਚੱਢਾ ਨੇ ਦੱਸਿਆ ਕਿ ਇਨ੍ਹਾਂ ਕੰਪਨੀਆਂ ਵੱਲੋਂ ਵਿਦਿਆਰਥੀਆਂ ਦੀ ਚੋਣ ਆਨਲਾਈਨ ਇੰਟਰਵਿਊ ਉਪਰੰਤ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਮਿਹਰ ਸੋਫਟ ਟੈਕਨਾਲੋਜੀ ਮਲੋਟ ਅਤੇ ਹੋਰ ਕੰਪਨੀਆਂ ਵਲੋਂ ਕਾਲਜ ਦੇ ਫਾਇਨਲ ਸਮੈਸਟਰ ਕੰਪਿਊਟਰ ਇੰਜੀ: ਡਿਪਲੋਮਾ ਦੀ ਸਿਲੈਕਸ਼ਨ ਪ੍ਰਕਿਰਿਆ ਵੀ ਚੱਲ ਰਹੀ ਹੈ, ਜਿਸਦਾ ਨਤੀਜਾ ਛੇਤੀ ਹੀ ਆਉਣ ਦੀ ਉਮੀਦ ਹੈ।






