17.1 C
Chandigarh

TODAY NOW NEWS

Thursday, March 19, 2026
HomeEDUCATIONਡਾ. ਹਰਜੋਧ ਸਿੰਘ ਭਾਈ ਵੀਰ ਸਿੰਘ ਚੇਅਰ ਦੇ ਚੇਅਰਮੈਨ ਨਿਯੁਕਤ

ਡਾ. ਹਰਜੋਧ ਸਿੰਘ ਭਾਈ ਵੀਰ ਸਿੰਘ ਚੇਅਰ ਦੇ ਚੇਅਰਮੈਨ ਨਿਯੁਕਤ

ਪੰਜਾਬੀ ਯੂਨੀਵਰਸਿਟੀ, (Raj Rani) ਪਟਿਆਲਾ ਦੇ ਵਾਈਸ ਚਾਂਸਲਰ ਪ੍ਰੋਫ਼ੈਸਰ ਅਰਵਿੰਦ ਨੇ ਪੰਜਾਬੀ ਸਾਹਿਤ ਅਧਿਐਨ ਵਿਭਾਗ ਦੇ ਪ੍ਰੋਫ਼ੈਸਰ ਹਰਜੋਧ ਸਿੰਘ ਨੂੰ ਭਾਈ ਵੀਰ ਸਿੰਘ ਚੇਅਰ ਦੇ ਚੇਅਰਮੈਨ ਨਿਯੁਕਤ ਕੀਤਾ ਹੈ। ਇਸ ਨਾਲ ਕਈ ਅਰਸੇ ਬਾਅਦ ਇਸ ਮਹੱਤਵਪੂਰਨ ਚੇਅਰ ਉਤੇ ਕੰਮ ਨੂੰ ਹੁਲਾਰਾ ਮਿਲੇਗਾ। ਪਹਿਲਾਂ ਵਾਈਸ ਚਾਂਸਲਰ ਨੇ ਪੰਜਾਬੀ ਯੂਨੀਵਰਸਿਟੀ ਦੀਆਂ ਪੰਜਾਬੀ ਪ੍ਰਤੀ ਜ਼ਿੰਮੇਵਾਰੀਆਂ ਨੂੰ ਸਮਝਦਿਆਂ ਪੰਜਾਬੀ ਦੇ ਕੁਝ ਮੋਢੀ ਤੇ ਉਘੇ ਕਵੀਆਂ ਦੀਆਂ ਚੋਣਵੀਆਂ ਰਚਨਾਵਾਂ ਨੂੰ ਸ਼ਾਹ ਮੁਖੀ ਲਿਪੀ ਵਿਚ ਪ੍ਰਕਾਸ਼ਿਤ ਕਰਨ ਦੀ ਯੋਜਨਾ ਬਣਾਈ ਸੀ ਜਿਸਦਾ ਕੰਮ ਵੀ ਡਾ. ਹਰਜੋਧ ਸਿੰਘ ਨੂੰ ਹੀ ਸੌਂਪਿਆ ਗਿਆ ਸੀ।


ਆਪਣਾ ਅਹੁਦਾ ਸੰਭਾਲਣ ਮਗਰੋਂ ਡਾ. ਹਰਜੋਧ ਸਿੰਘ ਨੇ ਇਸ ਨਿਯੁਕਤੀ ਲਈ ਵਾਈਸ ਚਾਂਸਲਰ ਪ੍ਰੋਫ਼ੈਸਰ ਅਰਵਿੰਦ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਵਾਈਸ ਚਾਂਸਲਰ ਦੀਆਂ ਉਮੀਦਾਂ ਉੱਤੇ ਖਰੇ ਉਤਰਨ ਦੀ ਪੂਰੀ ਕੋਸ਼ਿਸ਼ ਕਰਨਗੇ। ਉਹਨਾਂ ਕਿਹਾ ਕਿ ਇਸ ਵਰ੍ਹੇ ਆਧੁਨਿਕ ਪੰਜਾਬੀ ਸਾਹਿਤ ਦੇ ਮੋਢੀ ਭਾਈ ਵੀਰ ਸਿੰਘ ਹੁਰਾਂ ਦੀ 150ਵੀਂ ਜਨਮ ਵਰ੍ਹੇਗੰਢ ਸ਼ੁਰੂ ਹੋ ਰਹੀ ਹੈ ਅਤੇ ਉਨ੍ਹਾਂ ਨੇ ਆਪਣੀ ਜ਼ਿੰਮੇਵਾਰੀ ਨੂੰ ਸਮਝਦੇ ਹੋਏ ਇਸ ਅਵਸਰ ‘ਤੇ ਕੁਝ ਵਿਸ਼ੇਸ਼ ਯੋਜਨਾਵਾਂ ਵਿਉਂਤੀਆਂ ਹਨ। ਜਿਸ ਵਿੱਚ ਭਾਈ ਵੀਰ ਸਿੰਘ ਰਚਨਾ ਕੋਸ਼, ਭਾਈ ਵੀਰ ਸਿੰਘ ਰਚਨਾਵਲੀ ਅਤੇ ਅਨੁਕ੍ਰਮਣਿਕਾ ਕੋਸ਼ ਆਦਿ ਪ੍ਰੋਜੈਕਟ ਸ਼ਾਮਿਲ ਹਨ ਇਨ੍ਹਾਂ ਪ੍ਰੋਜੈਕਟਾਂ ਦਾ ਸ਼ੁਰੂ ਕਰਨ ਦਾ ਇੱਕ ਹੀ ਉਦੇਸ਼ ਹੈ ਤਾਂ ਜੋ ਪੰਜਾਬੀ ਸਾਹਿਤ ਜਗਤ ਭਾਈ ਵੀਰ ਸਿੰਘ ਜੀ ਦੇ ਮਹਾਨ ਕਾਰਜਾਂ ਤੋਂ ਜਾਣੂ ਹੋ ਸਕੇ ਅਤੇ ਭਵਿੱਖ ਦੇ ਖੋਜਾਰਥੀਆਂ ਨੂੰ ਰਚਨਾ ਪ੍ਰਤੀ ਸਰੋਤ ਵੀ ਉਪਲਬਧ ਹੋ ਸਕਣ ਅਤੇ ਨਾਲ ਹੀ ਉਹ ਵਾਈਸ ਚਾਂਸਲਰ ਦੇ ਸ਼ਾਹਮੁਖੀ ਵਾਲੇ ਪ੍ਰੋਜੈਕਟ ਦੀ ਸ਼ੁਰੂਆਤ ਭਾਈ ਵੀਰ ਸਿੰਘ ਦੀਆਂ ਚੋਣਵੀਆਂ ਕਵਿਤਾਵਾਂ ਦੇ ਸ਼ਾਹਮੁਖੀ ਪ੍ਰਕਾਸ਼ਨ ਨਾਲ ਹੀ ਕਰਨਗੇ।
ਉਹਨਾਂ ਇਹ ਵੀ ਕਿਹਾ ਕਿ ਉਹ ਇਸ ਚੇਅਰ ਉਤੇ ਪਹਿਲਾਂ ਕੰਮ ਕਰ ਚੁਕੇ ਵਿਦਵਾਨਾਂ ਦੇ ਕੰਮ ਨੂੰ ਅਗਾਂਹ ਵਧਾਉਣ ਦੇ ਨਾਲ ਨਾਲ ਭਾਈ ਵੀਰ ਸਿੰਘ ਦੀ 150ਵੀਂ ਵਰ੍ਹੇਗੰਢ ਮਨਾਉਂਦਿਆਂ ਅੰਤਰ ਰਾਸ਼ਟਰੀ ਕਾਨਫ਼ਰੰਸ ਕਰਵਾਉਣ ਦੀ ਯੋਜਨਾ ਉਤੇ ਵੀ ਕੰਮ ਕਰਨਗੇ। ਉਹਨਾਂ ਕਿਹਾ ਕਿ ਉਹਨਾਂ ਦਾ ਮਨੋਰਥ ਦੁਨੀਆਂ ਭਰ ਵਿਚ ਬੈਠੇ ਪੰਜਾਬੀ ਲੇਖਕਾਂ ਨੂੰ ਭਾਈ ਵੀਰ ਸਿੰਘ ਚੇਅਰ ਰਾਹੀਂ ਪੰਜਾਬੀ ਯੂਨੀਵਰਸਿਟੀ ਨਾਲ ਜੋੜਨਾ ਹੈ। ਇਸ ਮਕਸਦ ਲਈ ਪੰਜਾਬੀ ਯੂਨੀਵਰਸਿਟੀ ਅਲੁਮਨੀ ਦੇ ਵੱਖ ਵੱਖ ਚੈਪਟਰਾਂ ਨਾਲ ਸਲਾਹ ਮਸ਼ਵਰਾ ਸ਼ੁਰੂ ਕਰ ਲਿਆ ਗਿਆ ਹੈ।

Today Now News

RELATED ARTICLES
- Advertisment -

POPULAR POSTS