
ਮੁਸਲਮਾਨਾਂ ਦੀ ਵੱਡੀ ਆਬਾਦੀ ਵਾਲੇ ਦੇਸ਼ ਇੰਡੋਨੇਸ਼ੀਆ ਵਿੱਚ ਆਜ਼ਾਨ ਦੇ ਲਾਉਡ ਸਪੀਕਰਾਂ ਦੀ ਆਵਾਜ਼ ਨੂੰ ਘੱਟ ਕਰ ਦਿੱਤਾ ਗਿਆ ਹੈ। ਇੰਡੋਨੇਸ਼ੀਆ ਮਸਜਿਦ ਕੌਂਸਲ ਨੇ ਉੱਚੀ ਆਵਾਜ਼ ਤੋਂ ਪਰੇਸ਼ਾਨ ਲੋਕਾਂ ਨੂੰ ਰਾਹਤ ਦੇਣ ਲਈ ਇਹ ਪਹਿਲ ਕੀਤੀ ਹੈ। ਕੌਂਸਲ ਦੇ ਪ੍ਰਧਾਨ ਯੂਸਫ ਕਾਲਾ ਨੇ ਕਿਹਾ ਕਿ ਦੇਸ਼ ਦੀਆਂ 7.5 ਲੱਖ ਤੋਂ ਵੱਧ ਮਸਜਿਦਾਂ ਦੀ ਸਾਉਂਡ ਸਿਸਟਮ ਵਧੀਆ ਨਹੀਂ ਹੈ।
ਅਜ਼ਾਨ ਦੀ ਉੱਚੀ ਆਵਾਜ਼ ਦੇ ਕਾਰਨ ਕੌਂਸਲ ਨੇ 7 ਹਜ਼ਾਰ ਟੈਕਨੀਸ਼ੀਅਨ ਲਗਾਏ ਹਨ ਅਤੇ ਦੇਸ਼ ਦੀਆਂ ਲਗਭਗ 70 ਹਜ਼ਾਰ ਮਸਜਿਦਾਂ ਦੇ ਲਾਉਡ ਸਪੀਕਰਾਂ ਦੀ ਆਵਾਜ਼ ਨੂੰ ਘਟਾ ਦਿੱਤਾ ਹੈ। ਯੂਸਫ਼ ਦਾ ਕਹਿਣਾ ਹੈ ਕਿ ਇਸ ਦੇ ਲਈ ਇੱਕ ਕਮੇਟੀ ਵੀ ਬਣਾਈ ਗਈ ਹੈ। ਕੌਂਸਲ ਦੇ ਕੋਆਰਡੀਨੇਟਰ ਅਜ਼ੀਸ ਦਾ ਕਹਿਣਾ ਹੈ ਕਿ ਅਜ਼ਾਨ ਦੀ ਉੱਚੀ ਆਵਾਜ਼ ਇਸਲਾਮਿਕ ਪਰੰਪਰਾ ਹੈ, ਜਿਸ ਨਾਲ ਇਹ ਅਵਾਜ਼ ਦੂਰ-ਦੂਰ ਤੱਕ ਪਹੁੰਚਦੀ ਹੈ।
ਜਕਾਰਤਾ ਦੀ ਅਲ-ਇਕਵਾਨ ਮਸਜਿਦ ਦੇ ਚੇਅਰਮੈਨ ਅਹਿਮਦ ਤੌਫੀਕ ਦਾ ਕਹਿਣਾ ਹੈ ਕਿ ਲਾਉਡ ਸਪੀਕਰਾਂ ਦੀ ਆਵਾਜ਼ ਨੂੰ ਘਟਾਉਣਾ ਪੂਰੀ ਤਰ੍ਹਾਂ ਸਵੈਇੱਛੁਕ ਹੈ, ਅਸੀਂ ਸਮਾਜਿਕ ਸਦਭਾਵਨਾ ਬਣਾਈ ਰੱਖਣਾ ਚਾਹੁੰਦੇ ਹਾਂ। ਦੂਜੇ ਪਾਸੇ ਹਿਦਾਤੁੱਲਾਹ ਯੂਨੀਵਰਸਿਟੀ ਦੇ ਅਲੀ ਨੇ ਕਿਹਾ ਕਿ ਬਹੁਤ ਸਾਰੇ ਲੋਕ ਲਾਉਡ ਸਪੀਕਰਾਂ ਦੀ ਉੱਚੀ ਆਵਾਜ਼ ਨੂੰ ਧਾਰਮਿਕ ਲੋੜ ਸਮਝਦੇ ਹਨ ਇਸ ਲਈ ਇਸਦੀ ਆਵਾਜ਼ ਨੂੰ ਵਧਾਇਆ ਜਾਂਦਾ ਹੈ। ਮਸਜਿਦ ਪ੍ਰੀਸ਼ਦ ਦੀ ਪਹਿਲ ਕਦਮੀ ਤੋਂ ਬਾਅਦ, ਹੁਣ ਹਜ਼ਾਰਾਂ ਮਸਜਿਦਾਂ ਦੇ ਲਾਉਡ ਸਪੀਕਰਾਂ ਦੀ ਆਵਾਜ਼ ਘੱਟ ਕਰ ਦਿੱਤੀ ਗਈ ਹੈ। ਹੁਣ ਨੇੜੇ ਰਹਿਣ ਵਾਲੇ ਲੋਕਾਂ ਨੂੰ ਵੀ ਕੋਈ ਸ਼ਿਕਾਇਤ ਨਹੀਂ ਹੈ।
ਤੁਹਾਨੂੰ ਦੱਸ ਦੇਈਏ ਕਿ ਪਿਛਲੇ ਕੁਝ ਸਮੇਂ ਤੋਂ ਅਜ਼ਾਨ ਦੇ ਲਾਉਡ ਸਪੀਕਰਾਂ ਦੀ ਉੱਚੀ ਆਵਾਜ਼ ਨੂੰ ਲੈ ਕੇ ਦੇਸ਼ ਵਿੱਚ ਵਿਰੋਧ ਦੀਆਂ ਆਵਾਜ਼ਾਂ ਉੱਠਣੀਆਂ ਸ਼ੁਰੂ ਹੋ ਗਈਆਂ। ਆਨਲਾਈਨ ਸ਼ਿਕਾਇਤਾਂ ਦੀ ਗਿਣਤੀ ਵਿੱਚ ਵੀ ਵਾਧਾ ਹੋਇਆ ਸੀ। ਲੋਕਾਂ ਨੇ ਆਪਣੀਆਂ ਸ਼ਿਕਾਇਤਾਂ ਵਿਚ ਕਿਹਾ ਸੀ ਕਿ ਲਾਉਡ ਸਪੀਕਰਾਂ ਦੀ ਉੱਚੀ ਆਵਾਜ਼ ਉਨ੍ਹਾਂ ਦੀ ਮਾਨਸਿਕ ਸਿਹਤ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰ ਰਹੀ ਹੈ। ਇਸਦੇ ਕਰਕੇ ਹੀ ਡਿਪਰੈਸ਼ਨ, ਚਿੜਚਿੜੇਪਨ ਅਤੇ ਇਨਸੌਮਨੀਆ ਦੀਆਂ ਸਮੱਸਿਆਵਾਂ ਪੈਦਾ ਹੋ ਰਹੀਆਂ ਹਨ।
ਜੇ ਤੁਹਾਨੂੰ ਨਹੀਂ ਪਤਾ ਹੈ ਤਾਂ ਦੱਸ ਦੇਈਏ ਕਿ ਇੰਡੋਨੇਸ਼ੀਆ ਵਿੱਚ ਦੁਨੀਆਂ ਦੇ ਕਿਸੇ ਵੀ ਹੋਰ ਦੇਸ਼ ਦੇ ਮੁਕਾਬਲੇ ਮੁਸਲਮਾਨਾਂ ਦੀ ਵਧੇਰੇ ਆਬਾਦੀ ਹੈ, ਲਗਭਗ 20.29 ਮਿਲੀਅਨ ਲੋਕ ਆਪਣੀ ਪਛਾਣ ਮੁਸਲਮਾਨਾਂ ਵਜੋਂ ਕਰਦੇ ਹਨ। ਜਨਸੰਖਿਆ ਦੇ ਅੰਕੜਿਆਂ ਦੇ ਅਧਾਰ ਤੇ, ਇੰਡੋਨੇਸ਼ੀਆਈ ਮੁਸਲਮਾਨਾਂ ਵਿੱਚੋਂ 99% ਮੁਸਲਮਾਨ ਨਿਆਂ ਸ਼ਾਸਤਰ ਦੇ ਸੁੰਨੀ ਸਕੂਲ ਦੀ ਪਾਲਣਾ ਕਰਦੇ ਹਨ। ਇੱਥੇ ਲਗਭਗ 10 ਲੱਖ ਸ਼ੀਆ ਅਹਿਮਦੀ ਮੁਸਲਮਾਨ ਹਨ।






