ਇਲਾਕੇ ਦੀ ਮਹਾਨ ਸਖਸ਼ੀਅਤ ਸੰਤ ਬਾਬਾ ਅਵਤਾਰ ਸਿੰਘ ਜੀ ਘਰਿਆਲਾ ਨੇ ਉਹਨਾਂ ਨੂੰ ਸਨਮਾਨਿਤ ਕੀਤਾ

ਤਰਨਤਾਰਨ (ਰਿੰਪਲ ਗੋਲਣ) : ਸਰਹੱਦੀ ਕਸਬਾ ਖੇਮਕਰਨ ਦੇ ਜੰਮਪਲ ਮਹਿਤਾਬ ਸਿੰਘ ਪੱਤੂ ਜੋ ਕਿ ਫੁੱਟਬਾਲ ਦੀ ਇੰਡੀਅਨ ਸੁਪਰਲੀਗ ਵਿਚ 2021 ਦੀ ਜੇਤੂ ਟੀਮ ਮੁੰਬਈ ਸਿਟੀ ਐਫ ਸੀ ਦਾ ਹਿੱਸਾ ਸਨ ਅੱਜ ਆਪਣੇ ਜੱਦੀ ਪਿੰਡ ਖੇਮਕਰਨ ਵਿਖੇ ਪਹੁੰਚੇ।ਇਸ ਮੌਕੇ ਇਲਾਕਾ ਵਾਸੀਆਂ ਵੱਲੋਂ ਅਤੇ ਇਲਾਕੇ ਦੀ ਮਹਾਨ ਸਖਸ਼ੀਅਤ ਸੰਤ ਬਾਬਾ ਅਵਤਾਰ ਸਿੰਘ ਜੀ ਘਰਿਆਲਾ ਨੇ ਉਹਨਾਂ ਨੂੰ ਸਨਮਾਨਿਤ ਕੀਤਾ।ਇਸ ਮੌਕੇ ਮਹਿਤਾਬ ਨੇ ਕਿਹਾ ਕਿ ਆਪਣੇ ਪਿੰਡ ਪਹੁੰਚਕੇ ਉਹ ਬਹੁਤ ਮਾਣ ਤੇ ਖੁਸ਼ੀ ਮਹਿਸੂਸ ਕਰ ਰਹੇ ਹਨ ਕਿ ਜਿਸ ਖੇਮਕਰਨ ਦੀ ਗਰਾਉਂਡ ਵਿਚ ਉਹ ਆਪਣੇ ਸਾਥੀਆਂ ਨਾਲ ਫੁਟਬਾਲ ਖੇਡਿਆ ਕਰਦੇ ਸੀ ਅੱਜ ਉਨ੍ਹਾਂ ਦੇ ਸਨਮਾਨ ਕਸਬਾ ਵਾਸੀਆਂ ਵੱਲੋਂ ਉਸੇ ਗਰਾਉਂਡ ਵਿਚ ਕੀਤਾ ਜਾ ਰਿਹਾ ਹੈ ।ਉਨ੍ਹਾਂ ਕਿਹਾ ਕਿ ਮੈਂ ਇਸ ਗਰਾਉਂਡ ਨਾਲ ਆਪਣੀਆਂ ਯਾਦਾਂ ਨੂੰ ਕਦੇ ਵੀ ਭੁਲਾ ਨਹੀਂ ਸਕਦਾ।ਇਸ ਮੌਕੇ ਉਹਨਾਂ ਆਪਣੇ ਪਰਿਵਾਰ ਅਤੇ ਕਲੱਬ ਦੇ ਸਾਥੀਆਂ ਦਾ ਦਿਲੋਂ ਧੰਨਵਾਦ ਕਰਦਿਆਂ ਕਿਹਾ ਕਿ ਇਨ੍ਹਾਂ ਨੇ ਮੇਰੀ ਬਹੁਤ ਸਪੋਟ ਕੀਤੀ ਜਿਸ ਕਰਕੇ ਮੈਂ ਅੱਜ ਇਹ ਮੁਕਾਮ ਹਾਸਲ ਕਰ ਸਕਿਆ ਹਾਂ।ਉਨ੍ਹਾਂ ਕਿਹਾ ਕਿ ਉਹ ਵਿਦੇਸ਼ ਦੀ ਧਰਤੀ ਤੇ ਵੀ ਖੇਡ ਚੁੱਕੇ ਹਨ ਅਤੇ ਹੁਣ ਉਹ ਭਾਰਤੀ ਟੀਮ ਵਿਚ ਖੇਡ ਕੇ ਦੇਸ਼ ਦਾ ਨਾਂ ਰੋਸ਼ਨ ਕਰਨਾ ਚਾਉਂਦੇ ਹਨ ।
ਇਸ ਮੌਕੇ ਪੁੱਜੇ ਸੰਤ ਬਾਬਾ ਅਵਤਾਰ ਸਿੰਘ ਜੀ ਘਰਿਆਲਾ ਨੇ ਕਿਹਾ ਕਿ ਸਰਕਾਰਾਂ ਨੂੰ ਖੇਡਾਂ ਨੂੰ ਪ੍ਰਫੁੱਲਤ ਕਰਨ ਲਈ ਕੁੱਝ ਕਰਨਾ ਚਾਹੀਦਾ ਸੀ ਸਰਕਾਰਾਂ ਨਹੀਂ ਕਰ ਰਹੀਆਂ ਪਰ ਫਿਰ ਵੀ ਆਪਣੀ ਮਿਹਨਤ ਨਾਲ ਮਹਿਤਾਬ ਸਿੰਘ ਨੇ ਇਲਾਕੇ ਦਾ ਨਾਮ ਰੋਸ਼ਨ ਕੀਤਾ ਹੈ।ਅਤੇ ਅਜਿਹੇ ਖਿਡਾਰੀਆਂ ਲਈ ਸਰਕਾਰ ਕੁੱਝ ਨਾ ਕੁਝ ਜਰੂਰ ਕਰੇ ਉਨ੍ਹਾਂ ਬਾਕੀ ਖਿਡਾਰੀਆਂ ਨੂੰ ਵੀ ਖੇਡਾਂ ਨਾਲ ਜੁੜਨ ਦੀ ਅਪੀਲ ਕੀਤੀ। ਇਸ ਮੌਕੇ ਨਗਰ ਪੰਚਾਇਤ ਖੇਮਕਰਨ ਦੇ ਪ੍ਰਧਾਨ ਆਲਮ ਪੱਤੂ ਨੇ ਵੀ ਮਹਿਤਾਬ ਸਿੰਘ ਦੀ ਸ਼ਲਾਘਾ ਕੀਤੀ।






