17.4 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਮਿਸ਼ਨ ਤੰਦਰੁਸਤ ਪੰਜਾਬ ਤਹਿਤ ਪਹਿਲੇ ਪੜਾਅ ਵਜੋਂ 5 ਖੇਡ ਮੈਦਾਨਾਂ ਦਾ ਉਦਘਾਟਨ...

ਮਿਸ਼ਨ ਤੰਦਰੁਸਤ ਪੰਜਾਬ ਤਹਿਤ ਪਹਿਲੇ ਪੜਾਅ ਵਜੋਂ 5 ਖੇਡ ਮੈਦਾਨਾਂ ਦਾ ਉਦਘਾਟਨ ।

ਡਿਪਟੀ ਕਮਿਸ਼ਨਰ ਅਤੇ ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ ਨੇ ਆਨਲਾਈਨ ਲਿਆ ਹਿੱਸਾ ।
ਏ.ਡੀ.ਸੀ ਵਿਕਾਸ ਵੱਲੋਂ ਸਰਪੰਚਾਂ ਨਾਲ ਰਾਬਤਾ ਕਰਕੇ ਖੇਡ ਸਰਗਰਮੀਆਂ ਤੇਜ਼ ਕਰਨ ਦਾ ਸੱਦਾ ।

ਮਾਨਸਾ (ਗੁਰਜੰਟ ਸਿੰਘ ਬਾਜੇਵਾਲੀਆ) : ਰਾਸ਼ਟਰ ਪਿਤਾ ਮਹਾਤਮਾ ਗਾਂਧੀ ਜੀ ਦੇ ਜਨਮ ਦਿਵਸ ਦੇ ਮੌਕੇ ‘ਤੇ ਅੱਜ ਜ਼ਿਲ੍ਹਾ ਮਾਨਸਾ ਦੇ 5 ਪਿੰਡਾਂ ਵਿੱਚ ਪੇਂਡੂ ਖੇਡ ਸਟੇਡੀਅਮਾਂ ਤੇ ਖੇਡ ਮੈਦਾਨਾਂ ਦਾ ਰਸਮੀ ਤੌਰ ‘ਤੇ ਉਦਘਾਟਨ ਕਰਦਿਆਂ ਪਿੰਡਾਂ ਵਿੱਚ ਖੇਡ ਸਭਿਆਚਾਰ ਨੂੰ ਉਤਸ਼ਾਹਿਤ ਕਰਨ ਦਾ ਸੱਦਾ ਦਿੱਤਾ ਗਿਆ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਆਨਲਾਈਨ ਵੀਡੀਓ ਕਾਨਫਰੰਸ ਰਾਹੀਂ ਜਿਥੇ ਪੰਜਾਬ ਦੇ 150 ਖੇਡ ਸਟੇਡੀਅਮਾਂ ਦਾ ਉਦਘਾਟਨ ਕੀਤਾ ਗਿਆ ਉਥੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਮਾਨਸਾ ਵਿਖੇ ਡਿਪਟੀ ਕਮਿਸ਼ਨਰ ਸ਼੍ਰੀ ਮਹਿੰਦਰਪਾਲ ਅਤੇ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਸ਼੍ਰੀ ਪ੍ਰੇਮ ਮਿੱਤਲ ਨੇ ਜ਼ਿਲ੍ਹਾ ਮਾਨਸਾ ਦੇ ਪਿੰਡ ਖੀਵਾ ਕਲਾਂ, ਬੀਰੋਕੇ ਕਲਾਂ, ਰਾਏਪੁਰ, ਭੈਣੀ ਬਾਘਾ ਅਤੇ ਆਹਲੂਪੁਰ ਵਿਖੇ ਤਿਆਰ ਖੇਡ ਮੈਦਾਨ ਪਿੰਡ ਵਾਸੀਆਂ ਨੂੰ ਸਮਰਪਿਤ ਕੀਤੇ।

ਇਸ ਮੌਕੇ ਚੇਅਰਮੈਨ ਸ਼੍ਰੀ ਪ੍ਰੇਮ ਮਿੱਤਲ ਨੇ ਕਿਹਾ ਕਿ ਇਹ ਪੰਜਾਬ ਸਰਕਾਰ ਦਾ ਇੱਕ ਬਿਹਤਰੀਨ ਉਪਰਾਲਾ ਹੈ ਜਿਸ ਨਾਲ ਪਿੰਡਾਂ ਦੇ ਬੱਚੇ ਅਤੇ ਜਵਾਨ ਨਿਯਮਤ ਤੌਰ ‘ਤੇ ਖੇਡ ਗਤੀਵਿਧੀਆਂ ਵਿੱਚ ਹਿੱਸਾ ਲੈ ਕੇ ਆਪਣੀ ਪ੍ਰਤਿਭਾ ਵਿੱਚ ਨਿਖਾਰ ਲਿਆ ਸਕਣਗੇ ਅਤੇ ਬਜ਼ੁਰਗਾਂ ਨੂੰ ਵੀ ਸੈਰ ਕਰਨ ਲਈ ਇੱਕ ਸੁਰੱਖਿਅਤ ਟਰੈਕ ਮਿਲ ਸਕੇਗਾ। ਉਨ੍ਹਾਂ ਕਿਹਾ ਕਿ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਦੁਆਰਾ ਮਗਨਰੇਗਾ ਤਹਿਤ ਤਿਆਰ ਕਰਵਾਏ ਇਨ੍ਹਾਂ ਖੇਡ ਮੈਦਾਨਾਂ ਨਾਲ ਪਿੰਡਾਂ ਦੀ ਸਮੁੱਚੀ ਨੁਹਾਰ ਬਦਲੇਗੀ ਅਤੇ ਪੜਾਅਵਾਰ ਉਦਘਾਟਨ ਹੋਣ ਨਾਲ ਜਲਦੀ ਹੀ ਜ਼ਿਲ੍ਹੇ ਦੇ ਬਹੁ ਗਿਣਤੀ ਪਿੰਡਾਂ ਵਿੱਚ ਅਜਿਹੇ ਆਧੁਨਿਕ ਖੇਡ ਮੈਦਾਨ ਤਿਆਰ ਹੋ ਜਾਣਗੇ।

ਇਸ ਮੌਕੇ ਡਿਪਟੀ ਕਮਿਸ਼ਨਰ ਸ਼੍ਰੀ ਮਹਿੰਦਰ ਪਾਲ ਨੇ ਕਿਹਾ ਕਿ ਬਲਾਕ ਮਾਨਸਾ, ਭੀਖੀ, ਬੁਢਲਾਡਾ, ਝੁਨੀਰ ਅਤੇ ਸਰਦੂਲਗੜ੍ਹ ਦੇ ਇਨ੍ਹਾਂ ਪਿੰਡਾਂ ਵਿੱਚ ਨੇੜਲੇ ਪਿੰਡਾਂ ਦੇ ਖਿਡਾਰੀ ਵੀ ਆ ਕੇ ਖੇਡ ਸਕਣਗੇ ਕਿਉਂ ਜੋ ਇਹ ਖੇਡ ਮੈਦਾਨ ਵੱਖ ਵੱਖ ਖੇਡਾਂ ਲਈ ਢੁਕਵੇਂ ਸਾਬਤ ਹੋਣਗੇ। ਉਨ੍ਹਾਂ ਇਹ ਵੀ ਕਿਹਾ ਕਿ ਖੇਡ ਹੁਨਰ ਨੂੰ ਤਰਾਸ਼ਣ ਲਈ ਹੁਣ ਪਿੰਡਾਂ ਦੇ ਹੋਣਹਾਰ ਖਿਡਾਰੀਆਂ ਨੂੰ ਸ਼ਹਿਰਾਂ ਦੇ ਖੇਡ ਮੈਦਾਨਾਂ ਵਿੱਚ ਜਾਣ ਦੀ ਜ਼ਰੂਰਤ ਨਹੀਂ ਪਵੇਗੀ। ਉਨ੍ਹਾਂ ਕਿਹਾ ਕਿ ਇਹ ਸਟੇਡੀਅਮ ਕ੍ਰਮਵਾਰ ਇੱਕ ਏਕੜ, ਦੋ ਏਕੜ ਅਤੇ ਚਾਰ ਏਕੜ ਦੇ ਆਧਾਰ ‘ਤੇ ਬਣਾਏ ਜਾ ਰਹੇ ਹਨ ਤੇ ਸਰਕਾਰ ਵੱਲੋਂ ਨੇੜ ਭਵਿੱਖ ਵਿੱਚ ਇਨ੍ਹਾਂ ਖੇਡ ਮੈਦਾਨਾਂ ਲਈ ਖੇਡਾਂ ਦਾ ਸਮਾਨ ਮੁਹੱਈਆ ਕਰਵਾਉਣ ਲਈ ਵੀ ਯੋਜਨਾ ਨੂੰ ਲਾਗੂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਬੱਚਿਆਂ ਤੇ ਨੌਜਵਾਨਾਂ ਦੀ ਸ਼ਕਤੀ ਨੂੰ ਖੇਡਾਂ ਰਾਹੀਂ ਨਵੀਂ ਦਿਸ਼ਾ ਪ੍ਰਦਾਨ ਕਰਨ ਵਿੱਚ ਇਹ ਖੇਡ ਮੈਦਾਨ ਵਰਦਾਨ ਸਾਬਤ ਹੋਣਗੇ। ਇਸ ਮੌਕੇ ਸਹਾਇਕ ਕਮਿਸ਼ਨਰ ਸ਼੍ਰੀਮਤੀ ਸਰਬਜੀਤ ਕੌਰ ਵੀ ਮੌਜੂਦ ਸਨ।

ਇਸੇ ਦੌਰਾਨ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸ਼੍ਰੀਮਤੀ ਅਮਰਪ੍ਰੀਤ ਕੌਰ ਸੰਧੂ ਨੇ ਇਨ੍ਹਾਂ ਵੱਖ ਵੱਖ ਪਿੰਡਾਂ ਦਾ ਦੌਰਾ ਕਰਕੇ ਆਨਲਾਈਨ ਉਦਘਾਟਨੀ ਸਮਾਰੋਹ ਦੇ ਪ੍ਰਬੰਧਾਂ ਨੂੰ ਨੇਪਰੇ ਚੜ੍ਹਾਇਆ ਅਤੇ ਪਿੰਡ ਖੀਵਾ ਕਲਾਂ ਦੀ ਸਰਪੰਚ ਕਮਲਦੀਪ ਕੌਰ, ਬੀਰੋਕਲਾਂ ਦੇ ਸਰਪੰਚ ਗੁਰਵਿੰਦਰ ਸਿੰਘ, ਰਾਏਪੁਰ ਦੇ ਸਰਪੰਚ ਕੁਲਵਿੰਦਰ ਸਿੰਘ, ਭੈਣੀ ਬਾਘਾ ਦੀ ਸਰਪੰਚ ਸਰਬਜੀਤ ਕੌਰ ਅਤੇ ਆਹਲੂਪੁਰ ਦੇ ਸਰਪੰਚ ਜਗਜੀਤ ਸਿੰਘ ਨਾਲ ਰਾਬਤਾ ਕਰਦੇ ਹੋਏ ਪਿੰਡਾਂ ਵਿੱਚ ਖੇਡ ਸਰਗਰਮੀਆਂ ਨੂੰ ਵਿਆਪਕ ਪੱਧਰ ‘ਤੇ ਉਤਸ਼ਾਹਿਤ ਕਰਨ ਲਈ ਪ੍ਰੇਰਿਆ। ਸਮੂਹ ਸਰਪੰਚਾਂ ਤੇ ਗ੍ਰਾਮ ਪੰਚਾਇਤਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਵਿਸ਼ਵਾਸ ਦਿਵਾਇਆ ਕਿ ਉਨ੍ਹਾਂ ਦੇ ਪਿੰਡਾਂ ਦੇ ਬੱਚੇ ਤੇ ਨੌਜਵਾਨ ਪੀੜ੍ਹੀ ਖੇਡਾਂ ਦੇ ਖੇਤਰ ਵਿੱਚ ਨਾਮਣਾ ਖੱਟਣ ਲਈ ਲਗਾਤਾਰ ਮਿਹਨਤ ਨਾਲ ਖੇਡਾਂ ਵਿੱਚ ਹਿੱਸਾ ਲਵੇਗੀ।

Today Now News

RELATED ARTICLES
- Advertisment -

POPULAR POSTS