ਚੰਡੀਗਡ਼੍ਹ : ਸਿੱਧੂ ਮੂਸੇਵਾਲਾ ਦੀ ਹੱਤਿਆ ’ਚ ਇਸਤੇਮਾਲ ਕੀਤੇ ਗਏ ਹਥਿਆਰਾਂ ਦੀ ਫੋਰੈਂਸਿਕ ਰਿਪੋਰਟ ਆ ਗਈ ਹੈ। ਰਿਪੋਰਟ ਮੁਤਾਬਕ, ਮੂਸੇਵਾਲਾ ਦੀ ਹੱਤਿਆ ’ਚ ਏਕੇ-47 ਤੋਂ ਇਲਾਵਾ ਪੁਆਇੰਟ 30 ਬੋਰ ਤੇ ਨੌਂ ਐੱਮਐੱਮ ਪਿਸਤੌਲ ਦੀ ਵਰਤੋਂ ਹੋਈ। ਜ਼ਿਕਰਯੋਗ ਹੈ ਕਿ ਪਹਿਲਾਂ ਰੂਸੀ ਹਥਿਆਰ ਏਐੱਨ-94 ਦੀ ਵਰਤੋਂ ਹੋਣ ਦੀ ਗੱਲ ਸਾਹਮਣੇ ਆਈ ਸੀ, ਪਰ ਹੁਣ ਜਾਂਚ ਤੋਂ ਸਾਫ਼ ਹੋ ਗਿਆ ਹੈ ਕਿ ਹੱਤਿਆ ’ਚ ਕਿਹਡ਼ੇ-ਕਿਹਡ਼ੇ ਹਥਿਆਰ ਇਸਤੇਮਾਲ ਕੀਤੇ ਗਏ। ਸੱਤ ਗੋਲੀਆਂ ਸਿੱਧੇ ਮੂਸੇਵਾਲਾ ਨੂੰ ਲੱਗੀਆਂ, ਜਦਕਿ ਉਨ੍ਹਾਂ ਦੀ ਥਾਰ ਗੱਡੀ ’ਤੇ 25 ਫਾਇਰ ਕੀਤੇ ਗਏ। ਸ਼ੂਟਰਸ ਵੱਲੋਂ ਮੂਸੇਵਾਲਾ ’ਤੇ ਅੰਨ੍ਹੇਵਾਹ ਚਲਾਈਆਂ ਗੋਲ਼ੀਆਂ ਦੇ ਖੋਲ ਆਸਪਾਸ ਦੇ ਘਰਾਂ, ਕੰਧਾਂ, ਖੇਤਾਂ ’ਚੋਂ ਮਿਲੇ। ਇਸ ਹੱਤਿਆਕਾਂਡ ’ਚ ਇਸਤੇਮਾਲ ਕੀਤੇ ਗਏ ਹਥਿਆਰਾਂ ਨੂੰ ਪੁਲਿਸ ਰਿਕਵਰ ਨਹੀਂ ਕਰ ਸਕੀ। ਕਤਲ ਤੋਂ ਬਾਅਦ ਹਰਿਆਣਾ ਤੋਂ ਕੋਈ ਵਿਅਕਤੀ ਸ਼ੂਟਰਸ ਤੋਂ ਇਹ ਹਥਿਆਰ ਲੈ ਕੇ ਚਲਾ ਗਿਆ।
ਸਿੱਧੂ ਮੂੁਸੇਵਾਲਾ ਹੱਤਿਆ ਕਾਂਡ ’ਚ ਸਾਜ਼ਿਸ਼ ਰਚਣ ਤੇ ਮਦਦ ਕਰਨ ਵਾਲੇ 18 ਮੁਲਜ਼ਮਾਂ ਨੂੰ ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। ਹਾਲਾਂਕਿ, ਇਸ ਕੇਸ ’ਚ ਪੰਜਾਬ ਪੁਲਿਸ ਵੱਲੋਂ ਇਕ ਵੀ ਸ਼ੂਟਰ ਨਹੀਂ ਫਡ਼ਿਆ ਜਾ ਸਕਿਆ। ਹੱਤਿਆ ਕਾਂਡ ਨੂੰ ਅੰਜਾਮ ਦੇਣ ਲਈ ਛੇ ਸ਼ੂਟਰਾਂ ਨੇ ਸਿੱਧੂ ’ਤੇ ਗੋਲ਼ੀਆਂ ਚਲਾਈਆਂ, ਜਿਨ੍ਹਾਂ ’ਚੋਂ ਪ੍ਰਿਅਵਰਤ ਫ਼ੌਜੀ, ਕਸ਼ਿਸ਼, ਅੰਕਿਤ ਸੇਰਸਾ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ, ਜਦਕਿ ਜਗਰੂਪ ਰੂਪਾ, ਮਨਪ੍ਰੀਤ ਮਨੂੰ ਕੁੱਸਾ ਤੇ ਦੀਪਕ ਮੁੰਡੀ ਹਾਲੇ ਫ਼ਰਾਰ ਹਨ







