
ਫਿਰੋਜ਼ਪੁਰ,6 ਨਵੰਬਰ(ਹਰਜਿੰਦਰ ਸਿੰਘ ਕਤਨਾ)ਸਿੱਖ ਧਰਮ ਦੇ ਬਾਨੀ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸੰਗੀ ਸਾਥੀ ਰਹੇ ਰਬਾਬੀ ਭਾਈ ਮਰਦਾਨਾ ਜੀ ਦੀ ਯਾਦ ਵਿੱਚ ਪੰਜਾਬ ਸਰਕਾਰ ਵਲੋਂ ਤਿਆਰ ਕੀਤੀ ਲਾਟ ਪ੍ਰਸਿੱਧ ਸਮਾਜ ਸੇਵੀ ਅਤੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੁੱਖੀ ਡਾ ਐਸ ਪੀ ਸਿੰਘ ਓਬਰਾਏ ਜੀ 7 ਨਵੰਬਰ ਨੂੰ ਖੁਲ੍ਹੇ ਦਰਸ਼ਨ ਦੀਦਾਰ ਲਈ ਸੰਗਤਾਂ ਦੇ ਸਪੁਰਦ ਕਰਨ ਜਾ ਰਹੇ ਹਨ।ਇਸ ਇਤਿਹਾਸਕ ਲਾਟ ਦੇ ਨਿਰਮਾਣ ਵਿੱਚ ਡਾ ਐਸ ਪੀ ਸਿੰਘ ਓਬਰਾਏ ਦਾ ਵੱਡਾ ਯੋਗਦਾਨ ਹੈ।ਇਸ ਲਾਟ ਤੇ ਭਾਈ ਮਰਦਾਨਾ ਜੀ ਸਮੇਤ ਪੰਜਵੀ ਪਾਤਸ਼ਾਹੀ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸਮਕਾਲੀ ਰਾਗੀ ਰਬਾਬੀ ਭਾਈ ਸੱਤਾ ਜੀ, ਰਬਾਬੀ ਭਾਈ ਬਲਵੰਦ ,ਰਬਾਬੀ ਭਾਈ ਬਾਬਕ ਜੀ ਦੀਆਂ ਮੂਰਤੀਆਂ ਵੀ ਸੁਸ਼ੋਭਿਤ ਹਨ। ਸਮੁੱਚੀ ਮਾਨਵਤਾ ਅਤੇ ਸਾਂਝੀਵਾਲਤਾ ਦਾ ਸੁਨੇਹਾਂ ਦੇਣ ਵਾਲੀ ਇਸ ਯਾਦਗਾਰੀ ਲਾਟ ਦੇ ਨਿਰਮਾਣ ਵਿੱਚ ਫਿਰੋਜ਼ਪੁਰ ਦੀ ਭਾਈ ਮਰਦਾਨਾ ਜੀ ਕੀਰਤਨ ਸੇਵਾ ਸੋਸਾਇਟੀ ਦੇ ਪ੍ਰਧਾਨ ਸ ਹਰਪਾਲ ਸਿੰਘ ਭੁੱਲਰ ਅਤੇ ਮੈਂਬਰਾਂ ਦਾ ਵੀ ਯੋਗਦਾਨ ਹੈ।ਜੇਕਰ ਡਾ ਓਬਰਾਏ ਜੀ ਗੱਲ ਕੀਤੀ ਜਾਵੇ ਤਾਂ ਡਾ ਓਬਰਾਏ ਜੀ ਦਾ ਨਾਮ ਹੁਣ ਕਿਸੇ ਜਾਣ ਪਹਿਚਾਣ ਦਾ ਮੁਥਾਜ ਨਹੀਂ ਹੈ।ਦੁਨੀਆਂ ਦੇ ਚੋਟੀ ਦੇ ਉਦਯੋਗ ਪਤੀਆਂ ਵਿੱਚ ਉਨ੍ਹਾਂ ਦਾ ਨਾਮ ਆਉਂਦਾ ਹੈ।ਇਸ ਦੇ ਨਾਲ ਹੀ ਉਹ ਸਮਾਜ ਸੇਵੀ ਵੀ ਹਨ ਜੋ ਆਪਣੀ ਕਮਾਈ ਵਿਚੋਂ 98 ਫੀਸਦੀ ਹਿੱਸਾ ਜੋ ਕਰੋੜਾਂ ਵਿੱਚ ਬਣਦਾ ਹੈ ਹਰ ਮਹੀਨੇ ਲੋੜਵੰਦ ਅਤੇ ਗਰੀਬ ਲੋਕਾਂ ਤੇ ਖਰਚ ਕਰਦੇ ਹਨ। ਅਰਬ ਦੇਸ਼ਾਂ ਵਿੱਚ ਮੌਤ ਦੀ ਸਜ਼ਾ ਵਾਲੇ ਪੰਜਾਬ ਸਮੇਤ ਹੋਰ ਸੈਂਕੜੇ ਨੌਜਵਾਨਾਂ ਨੂੰ ਉਹ ਆਪਣੇ ਕੋਲੋਂ ਕਰੋੜਾਂ ਦੀ ਬਲੱਡ ਮਨੀ ਦੇ ਕੇ ਉਹ ਉਨ੍ਹਾਂ ਦੇ ਤੱਕ ਪਹੁੰਚਾ ਚੁੱਕੇ ਹਨ।ਇਸ ਤੋਂ ਇਲਾਵਾ ਓਹਨਾ ਦੀ ਸੰਸਥਾ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵਲੋਂ 15000 ਪਰਿਵਾਰਾਂ ਨੂੰ ਜਿਨ੍ਹਾਂ ਵਿੱਚ ਵਿਧਵਾਵਾਂ, ਅੰਗਹੀਣ , ਜੰਗੀ ਫੌਜੀ ਅਤੇ ਆਰਥਿਕ ਤੋਰ ਕਮਜ਼ੋਰ ਅਤੇ ਕਿਸਾਨ ਸੰਘਰਸ਼ ਵਿੱਚ ਸ਼ਹੀਦ ਹੋਣ ਵਾਲੇ ਕਿਸਾਨਾਂ ਦੇ ਪਰਿਵਾਰਾਂ ਕਮਜ਼ੋਰ ਹੁੰਦੇ ਹਨ ਹਰ ਮਹੀਨੇ 500 ਤੋਂ 10000 ਰੁਪਏ ਮਹੀਨਾ ਪੱਕੇ ਤੌਰ ਤੇ ਦਿੰਦੇ। ਓਹਨਾ ਵਲੋਂ ਜਿੱਥੇ ਕੋਰੋਨਾ ਸਮੇਂ ਵਿੱਚ ਘਰਾਂ ਵਿੱਚ ਬੰਦ ਹੋ ਕੇ ਰਹਿ ਗਏ ਲੋਕਾਂ ਦੇ ਘਰ ਘਰ ਜਾ ਕੇ ਰਾਸ਼ਨ ਦਿੱਤਾ ਗਿਆ ਸੀ ਉਥੇ ਕੋਰੋਨਾ ਮਹਾਮਾਰੀ ਨਾਲ ਅੱਗੇ ਹੋ ਲੜਾਈ ਲੜਨ ਵਾਲੇ ਯੋਧਿਆਂ ਦੀ ਸੁਰੱਖਿਆ ਲਈ ਵੀ ਕੋਰੋਨਾ ਤੋਂ ਬਚਾਅ ਦਾ ਸਾਮਾਨ ਵੀ ਦਿੱਤਾ ਗਿਆ ਸੀ।ਕੋਰੋਨਾ ਦੀ ਦੂਜੀ ਵਾਰੀ ਵਿੱਚ ਜਦੋਂ ਦੇਸ ਅੰਦਰ ਆਕਸੀਜ਼ਨ ਦੀ ਭਾਰੀ ਕਮੀ ਆਈ ਸੀ ਤਾਂ ਡਾ ਓਬਰਾਏ ਨੇ ਆਪਣੇ ਖਰਚ ਤੇ ਇਕੱਲੇ ਪੰਜਾਬ ਵਿੱਚ ਕਰੋੜਾਂ ਦੀ ਲਾਗਤ ਨਾਲ ਪੰਜ ਆਕਸੀਜ਼ਨ ਪਲਾਂਟ ਲਗਾ ਕੇ ਸਰਕਾਰ ਦੇ ਸਪੁਰਦ ਕੀਤੇ। ਇਸ ਤੋਂ ਇਲਾਵਾ ਹਜ਼ਾਰਾਂ ਖਿਡਾਰੀਆਂ ਲਈ ਰੋਜ਼ਾਨਾ ਡਾਈਟ ਅਤੇ ਹਜ਼ਾਰਾਂ ਵਿਦਿਆਰਥੀਆਂ ਦੀਆਂ ਸਕੂਲਾਂ ਅਤੇ ਕਾਲਜਾਂ ਦੀਆਂ ਫੀਸਾਂ ਵੀ ਭਰੀਆਂ ਜਾ ਰਹੀਆਂ ਹਨ। ਲੋਕਾਂ ਦੇ ਨੇੜੇ ਹੋ ਕੇ ਦੁੱਖ ਦਰਦ ਸਮਝਣ ਅਤੇ ਉਹਨਾਂ ਦੇ ਹੱਲ ਕਰਨ ਦੇ ਮਕਸਦ ਨਾਲ ਪੰਜਾਬ ਵਿੱਚ ਟਰੱਸਟ ਦੇ ਜਿਲ੍ਹਾ ਪੱਧਰ ਤੇ 30 ਤੋਂ ਵੱਧ ਦਫਤਰ ਹਨ
। ਮੌਜੂਦਾ ਕਿਸਾਨ ਸੰਘਰਸ਼ ਵਿੱਚ ਵੀ ਉਹਨਾਂ ਵਲੋਂ ਵੱਡਾ ਯੋਗਦਾਨ ਪਾਇਆ ਜਾ ਰਿਹਾ ਹੈ।ਦਿੱਲੀ ਦੇ ਵੱਖ ਵੱਖ ਬਾਰਡਰਾਂ ਉਪਰ ਜਿੱਥੇ ਖੇਤੀਬਾੜੀ ਆਧਾਰਿਤ ਬਣੇ ਕਾਨੂੰਨ ਵਾਪਸ ਲੈਣ ਦੀ ਮੰਗ ਕਰ ਰਹੇ ਕਿਸਾਨਾਂ ਦੀ ਸਹੂਲਤ ਲਈ ਉਨ੍ਹਾਂ ਵਲੋਂ ਰਿਹਾਇਸ਼, ਲੰਗਰ, ਦਵਾਈਆਂ ਅਤੇ ਨਿੱਤ ਵਰਤੋਂ ਦੀਆਂ ਵਸਤਾਂ ਦਾ ਵੀ ਮੁਫ਼ਤ ਪ੍ਰਬੰਧ ਕੀਤਾ ਹੋਇਆ ਹੈ।।ਉਨ੍ਹਾਂ ਵਲੋਂ ਜਿਲ੍ਹਾ ਵਾਰ ਟੀਮਾਂ ਵੀ ਤਿਆਰ ਕੀਤੀਆਂ ਗਈਆਂ ਹਨ। ਜੇਕਰ ਫਿਰੋਜ਼ਪੁਰ ਦੀ ਗੱਲ ਕੀਤੀ ਜਾਵੇ ਤਾਂ ਇਥੇ ਵੀ 21 ਮੈਂਬਰੀ ਟੀਮ ਕੰਮ ਕਰ ਰਹੀ ਹੈ ਤੇ ਸ ਹਰਜਿੰਦਰ ਸਿੰਘ ਕਤਨਾ ਟੀਮ ਦੇ ਪ੍ਰਧਾਨ ਹਨ।ਇਸ ਤੋਂ ਇਲਾਵਾ ਸ੍ਰੀਮਤੀ ਅਮਰਜੀਤ ਕੌਰ ਛਾਬੜਾ ਉਪ ਪ੍ਰਧਾਨ ਸੰਜੀਵ ਬਜਾਜ ਸਕੱਤਰ,ਨਰਿੰਦਰ ਬੇਰੀ ਕੈਸ਼ੀਅਰ ਸਮੇਤ ਬਹਾਦਰ ਸਿੰਘ ਭੁੱਲਰ ਬਲਾਕ ਪ੍ਰਧਾਨ ਵਜੋਂ ਟੀਮ ਵਿੱਚ ਸੇਵਾ ਨਿਭਾਅ ਰਹੇ ਹਨ । ਜਿਲ੍ਹੇ ਵਿੱਚ ਫਿਰੋਜ਼ਪੁਰ ਅਤੇ ਮੱਖੂ ਵਿੱਚ ਦੋ ਆਧੁਨਿਕ ਲੈਬੋਰਟਰੀਆਂ ਵੀ ਖੋਲੀਆਂ ਗਈਆਂ ਹਨ ਜਿੱਥੇ ਬਿਲਕੁੱਲ ਨਾਮਾਤਰ ਰੇਟਾਂ ਤੇ ਟੈਸਟ ਕੀਤੇ ਜਾਂਦੇ ਹਨ।ਸੋ ਉਮੀਦ ਹੈ ਕੇ 7 ਨਵੰਬਰ ਦਾ ਦਿਨ ਫਿਰੋਜ਼ਪੁਰ ਵਾਸੀਆਂ ਲਈ ਯਾਦਗਾਰੀ ਦਿਨ ਹੋਵੇਗਾ।






