
ਕੋਲਕਾਤਾ : ਕੋਲਕਾਤਾ ‘ਚ ਗ਼ੈਰ ਸਰਕਾਰੀ ਬੱਸਾਂ ਵਿਚ ਕਿੰਨਰਾਂ (ਟ੍ਰਾਂਸਜੈਂਡਰ) ਲਈ ਸੀਟਾਂ ਰਾਖਵੀਆਂ ਹੋਣਗੀਆਂ। ਇਹ ਸਹੂਲਤ ਕੋਲਕਾਤਾ ਵਿਚ ਪੈਡਮੈਨ ਦੇ ਨਾਂ ਤੋਂ ਮਸ਼ਹੂਰ ਸ਼ੋਭਨ ਮੁਖੋਪਾਧਿਆਏ ਦੀ ਪਹਿਲ ‘ਤੇ ਸ਼ੁੱਕਰਵਾਰ ਤੋਂ ਉਪਲੱਬਧ ਹੋਵੇਗੀ। ਉਨ੍ਹਾਂ ਗ਼ੈਰ ਸਰਕਾਰੀ ਬੱਸ ਮਾਲਕਾਂ ਦੇ ਸੰਗਠਨ ਨੂੰ ਇਸ ਬਾਰੇ ਮਤਾ ਦਿੱਤਾ ਸੀ ਜਿਸ ਨੂੰ ਉਨ੍ਹਾਂ ਮੰਨ ਲਿਆ ਹੈ। ਹਾਲਾਂਕਿ, ਕਈ ਪੜਾਅ ਵਿਚ ਸਾਰੀਆਂ ਬੱਸਾਂ ਵਿਚ ਸੀਟਾਂ ਰਾਖਵੀਆਂ ਹੋਣਗੀਆਂ। ਕੋਲਕਾਤਾ ਦੇ ਬਾਂਸਦ੍ਰੋਣੀ ਇਲਾਕੇ ਦੇ ਰਹਿਣ ਵਾਲੇ ਸ਼ੋਭਨ ਨੇ ਦੱਸਿਆ ਕਿ ਹਾਲੇ 205 ਤੇ 205ਏ ਰੂਟ ਦੀਆਂ ਗ਼ੈਰ ਸਰਕਾਰੀ ਬੱਸਾਂ ਵਿਚ ਕਿੰਨਰਾਂ ਲਈ ਰਾਖਵੀਆਂ ਸੀਟਾਂ ਦੀ ਵਿਵਸਥਾ ਸ਼ੁਰੂ ਹੋਣ ਜਾ ਰਹੀ ਹੈ। ਮੇਰੀ ਕੁਝ ਹੋਰ ਰੂਟਾਂ ਦੇ ਬੱਸ ਮਾਲਕਾਂ ਨਾਲ ਗੱਲਬਾਤ ਚੱਲ ਰਹੀ ਹੈ, ਛੇਤੀ ਹੀ ਉਥੇ ਵੀ ਇਹ ਸਹੂਲਤ ਮਿਲੇਗੀ। ਇਸ ਦੌਰਾਨ ਉਨ੍ਹਾਂ ਦੱਸਿਆ ਕਿ ਕੁਝ ਸਾਲ ਪਹਿਲਾਂ ਮੇਰੀ ਇਕ ਜਾਣ-ਪਛਾਣ ਦੀ ਕਿੰਨਰ ਨੂੰ ਮੈਟਰੋ ਟ੍ਰੇਨ ਵਿਚੋਂ ਇਸ ਲਈ ਉਤਾਰ ਦਿੱਤਾ ਗਿਆ ਸੀ, ਕਿਉਂਕਿ ਉਹ ਔਰਤਾਂ ਦੀ ਸੀਟ ‘ਤੇ ਜਾ ਕੇ ਬੈਠ ਗਈ ਸੀ। ਇਸ ਘਟਨਾ ਤੋਂ ਬਾਅਦ ਤੋਂ ਹੀ ਉਨ੍ਹਾਂ ਫ਼ੈਸਲਾ ਕਰ ਲਿਆ ਸੀ ਕਿ ਔਰਤਾਂ, ਦਿਵਿਆਂਗਾਂ ਤੇ ਸੀਨੀਅਰ ਨਾਗਰਿਕਾਂ ਦੀ ਤਰ੍ਹਾਂ ਹੀ ਕਿੰਨਰਾਂ ਲਈ ਵੀ ਰਾਖਵੀਆਂ ਸੀਟਾਂ ਦੀ ਵਿਵਸਥਾ ਕਰਾਂਗਾ। ਦੱਸਣਯੋਗ ਹੈ ਕਿ ਸ਼ੋਭਨ ਦੀਆਂ ਕੋਸ਼ਿਸ਼ਾਂ ਨਾਲ ਹੀ ਕੋਲਕਾਤਾ ਨਗਰ ਨਿਗਮ ਤਹਿਤ ਸੰਚਾਲਤ ਹੋਣ ਵਾਲੇ ਪਖ਼ਾਨਿਆਂ ‘ਚ ਕਿੰਨਰਾਂ ਲਈ ਵੱਖਰੇ ਪਖ਼ਾਨਿਆਂ ਦੀ ਵਿਵਸਥਾ ਸੰਭਵ ਹੋ ਸਕੀ ਹੈ।






