ਮੱਤੇਵਾਲ, ਮਜੀਠਾ: ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਹੈ ਕਿ ਰਾਹੁਲ ਗਾਂਧੀ ਨੇ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਦੇ ਅਹੁਦੇ ਲਈ ਉਮੀਦਵਾਰ ਐਲਾਨ ਕੇ ਪ੍ਰਦੇਸ਼ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਦਾ ਸਹੀ ਅਰਥਾਂ ਵਿਚ ਪੱਪੂ ਬਣਾਇਆ ਹੈ।

ਅੱਜ ਆਪਣੀ ਪਤਨੀ ਤੇ ਮਜੀਠਾ ਹਲਕੇ ਤੋਂ ਅਕਾਲੀ ਦਲ ਤੇ ਬਸਪਾ ਗਠਜੋੜ ਦੇ ਉਮੀਦਵਾਰ ਗਨੀਵ ਕੌਰ ਮਜੀਠੀਆ ਦੇ ਹੱਕ ਵਿਚ ਮੱਤੇਵਾਲ ਦੇ ਬਜ਼ਾਰ ਵਿਚ ਡੋਰ ਟੂ ਡੋਰ ਪ੍ਰਚਾਰ ਕਰਦਿਆਂ ਮਜੀਠੀਆ ਨੇ ਕਿਹਾ ਕਿ ਨਵਜੋਤ ਸਿੱਧੂ ਰਾਹੁਲ ਗਾਂਧੀ ਨੁੰ ਪੱਪੂ-ਪੱਪੂ ਕਹਿੰਦਾ ਸੀ ਤੇ ਮੁੱਖ ਮੰਤਰੀ ਦਾ ਚੇਹਰਾ ਐਲਾਨਣ ਸਮੇਂ ਰਾਹੁਲ ਗਾਂਧੀ ਨੇ ਹੀ ਸਹੀ ਅਰਥਾਂ ਵਿਚ ਉਸ ਦਾ ਪੱਪੂ ਬਣਾ ਦਿੱਤਾ ਹੈ।ਚਰਨਜੀਤ ਸਿੰਘ ਚੰਨੀ ਨੂੰ ਗਰੀਬ ਮੁੱਖ ਮੰਤਰੀ ਦੱਸਣ ‘ਤੇ ਰਾਹੁਲ ਗਾਂਧੀ ਦੇ ਬਿਆਨ ‘ਤੇ ਹੈਰਾਨੀ ਪ੍ਰਗਟ ਕਰਦਿਆਂ ਸਰਦਾਰ ਮਜੀਠੀਆ ਨੇ ਕਿਹਾ ਕਿ ਜੋ ਵਿਅਕਤੀ 150 ਕਰੋੜ ਰੁਪਏ ਦੀ ਜਾਇਦਾਦ ਦਾ ਮਾਲਕ ਹੈ, ਉਸ ਨੂੰ ਰਾਹੁਲ ਗਾਂਧੀ ਗਰੀਬ ਦੱਸ ਰਹੇ ਹਨ ਤਾਂ ਫਿਰ ਉਹਨਾਂ ਵਾਸਤੇ ਸਹੀ ਅਰਥਾਂ ਵਿਚ ਗਰੀਬ ਕੌਣ ਹੋਵੇਗਾ।ਇਸ ਮੌਕੇ ਸਰਦਾਰ ਮਜੀਠੀਆ ਨੇ ਕਾਂਗਰਸ ਦੇ ਸੀਨੀਅਰ ਆਗੂ ਤਰਸੇਮ ਸਿੰਘ ਤੇ ਗੁਰਮੀਤ ਸਿੰਘ ਹੋਰਾਂ ਦੇ ਪਰਿਵਾਰ ਨੂੰ ਅਕਾਲੀ ਦਲ ਵਿਚ ਸ਼ਾਮਲ ਕੀਤਾ। ਉਹਨਾਂ ਦੇ ਨਾਲ ਹਰਪਿੰਦਰ ਸਿੰਘ, ਤਰਸੇਮ ਸਿੰਘ, ਮਖਤਿਆਰ ਸਿੰਘ, ਮਨਧੀਰ ਸਿੰਘ, ਸਰਦੂਲ ਸਿੰਘ ਆਦਿ ਸਮੇਤ ਅਨੇਕਾਂ ਵਿਅਕਤੀ ਅਕਾਲੀ ਦਲ ਵਿਚ ਸ਼ਾਮਲ ਹੋਏ।
ਇਸ ਮੌਕੇ ਦੋ ਵਾਰ ਬਾਰ ਐਸੋਸੀਏਸ਼ਨ ਬਾਬਾ ਬਕਾਲਾ ਦੇ ਪ੍ਰਧਾਨ ਰਹੇ ਐਡਵੋਕੇਟ ਸੁਰਿੰਦਰ ਸਿੰਘ ਵੀ ਆਪਣੇ ਸਾਥੀਆਂ ਸਮੇਤ ਅਕਾਲੀ ਦਲ ਵਿਚ ਸ਼ਾਮਲ ਹੋਏ। ਇਹਨਾਂ ਵਿਚ ਸੁਰਿੰਦਰ ਸਿੰਘ ਰੰਧਾਵਾ, ਜੱਸਾ ਸਿੰਘ, ਪਾਲਾ ਸਿੰਘ, ਜਸਵਿੰਦਰ ਸਿੰਘ, ਗੁਰਮੀਤ ਸਿੰਘ, ਕਸ਼ਮੀਰ ਸਿੰਘ, ਬਲਵਿੰਦਰ ਸਿੰਘ, ਸੋਹਣ ਸਿੰਘ ਆਦਿ ਦੇ ਕਰੀਬ 50 ਪਰਿਵਾਰ ਕਾਂਗਰਸ ਛੱਡ ਕੇ ਅਕਾਲੀ ਦਲ ਵਿਚ ਸ਼ਾਮਲ ਹੋਏ।
ਮੱਤੇਵਾਲ ਵਿਚ ਚੋਣ ਰੈਲੀ ਵਿਚ ਸਰਪੰਚ ਸਰਬਜੀਤ ਕੌਰ ਨੇ ਮੱਤੇਵਾਲ ਅਤੇ ਮਜੀਠਾ ਹਲਕੇ ਦੇ ਵਿਕਾਸ ਲਈ ਸਰਦਾਰ ਮਜੀਠੀਆ ਦਾ ਧੰਨਵਾਦ ਕੀਤਾ। ਸਰਦਾਰ ਮਜੀਠੀਆ ਨੇ ਇਹ ਵੀ ਕਿਹਾ ਕਿ ਮਜੀਠਾ ਹਲਕੇ ਦੇ ਲੋਕਾਂ ਵੱਲੋਂ ਗਨੀਵ ਕੌਰ ਮਜੀਠੀਆ ਦੀ ਕੀਤੀ ਜਾ ਰਹੀ ਡਟਵੀਂ ਹਮਾਇਤ ਲਈ ਉਹ ਹਮੇਸ਼ਾ ਹਲਕੇ ਦੇ ਰਿਣੀ ਰਹਿਣਗੇ। ਉਹਨਾਂ ਕਿਹਾ ਕਿ ਮਜੀਠਾ ਹਲਕੇ ਨੇ ਹੀ ਉਹਨਾਂ ਨੂੰ ਵਾਰ ਵਾਰ ਜਿਤਾ ਕੇ ਪੰਜਾਬ ਦੀ ਸਿਆਸਤ ਦਾ ਧਰੁਵ ਤਾਰਾ ਬਣਾਇਆ।






