16.8 C
Chandigarh

TODAY NOW NEWS

Friday, March 20, 2026
Homeਲਾਈਫ ਸਟਾਈਲਸਾਹਿਤ ਤੇ ਸੱਭਿਆਚਾਰਪਰਵਾਸੀ ਪੰਜਾਬੀ ਸਾਹਿਤ (ਸ਼ਬਦ ਤੇ ਸੰਵਾਦ): ਮੇਰੀ ਦ੍ਰਿਸ਼ਟੀ ਤੋਂ

ਪਰਵਾਸੀ ਪੰਜਾਬੀ ਸਾਹਿਤ (ਸ਼ਬਦ ਤੇ ਸੰਵਾਦ): ਮੇਰੀ ਦ੍ਰਿਸ਼ਟੀ ਤੋਂ

ਦੀਪਕ ਮਹਿਤਾ (ਐਮ.ਫਿਲ.)

ਸੁਰਜੀਤ ਕੈਨੇਡਾ ਪੰਜਾਬੀ ਸਾਹਿਤ ਦੀ ਇਕ ਸਮਰੱਥਾਵਾਨ ਲੇਖਿਕਾ ਹੈ। ਉਨ੍ਹਾਂ ਨੇ ਆਪਣੀ ਸਾਧਨਾ ਰਾਹੀਂ ਕਵਿਤਾ, ਕਹਾਣੀ ਤੇ ਸਾਹਿਤ ਸਮੀਖਿਆ ਦੇ ਖੇਤਰ ਵਿਚ ਵਡਮੁੱਲਾ ਯੋਗਦਾਨ ਪਾਇਆ ਹੈ। ਮੁੱਢਲੇ ਤੌਰ ‘ਤੇ ਕਹਾਣੀਆਂ ਲਿਖਣੀਆਂ ਸ਼ੁਰੂ ਕਰ ਦਿੱਤੀਆਂ ਸਨ ਪਰੰਤੂ ਇਨ੍ਹਾਂ ਨੂੰ ਪੁਸਤਕ ਰੂਪ ਵਿਚ ਉਨ੍ਹਾਂ ਨੇ 2005 ਵਿਚ ਲਿਆਂਦਾ ਹੈ।
ਉਨ੍ਹਾਂ ਦੀ ਸਿਰਜਣਕਾਰੀ ਅਜੋਕੇ ਸਮਾਜਿਕ ਸਭਿਆਚਾਰਕ ਵੱਖ-ਵੱਖ ਸੰਦਰਭਾਂ ਵਿਚ ਵਿਸ਼ੇਸ਼ ਅਰਥ ਰੱਖਦੀ ਹੈ। ਉਨ੍ਹਾਂ ਦੀ ਸਾਹਿਤਿਕ ਵਿਲੱਖਣਤਾ ਸਾਹਿਤਿਕ ਕਰਮ ਵਿਚੋਂ ਪਹਿਚਾਣੀ ਜਾ ਸਕਦੀ ਹੈ। ਉਨ੍ਹਾਂ ਦੀਆਂ ਚਰਚਿਤ ਪੁਸਤਕਾਂ ‘ਸ਼ਿਕਸਤ ਰੰਗ’, ‘ਹੇ ਸਾਥੀ’, ‘ਵਿਸਮਾਦ’ ਅਤੇ ‘ਪਾਰਲੇ ਪੁਲ’ ਇਸ ਗੱਲ ਦੀ ਗਵਾਹੀ ਭਰਦੀਆਂ ਹਨ ਕਿ ਉਨ੍ਹਾਂ ਦੀਆਂ ਸਾਹਿਤਿਕ ਰਚਨਾਵਾਂ ਵਿਚ ਇਕ ਅਜਬ ਜਲੌਅ ਹੈ। ਜੇਕਰ ਇਸ ਪ੍ਰਸੰਗ ਵਿਚ ਉਨ੍ਹਾਂ ਦੀ ਹਥਲੀ ਪੁਸਤਕ ‘ਪਰਵਾਸੀ ਪੰਜਾਬੀ ਸਾਹਿਤ (ਸ਼ਬਦ ਤੇ ਸੰਵਾਦ)’ ਤੇ ਇਕ ਨਜ਼ਰ ਮਾਰੀ ਜਾਵੇ ਤਾਂ ਵੱਖ-ਵੱਖ ਪੁਸਤਕਾਂ ਤੇ ਲਿਖੇ ਗਏ ਸੰਖੇਪ ਲੇਖਾਂ ਦੀ ਇਹ ਪੁਸਤਕ ਪਰਵਾਸੀ ਪ੍ਰਵੇਸ਼ ਵਿਚ ਪੰਜਾਬੀ ਮਾਤ-ਭਾਸ਼ਾ ਸਾਹਿਤ ਤੇ ਸਭਿਆਚਾਰ ਦੀ ਅਗਵਾਈ ਅਤੇ ਪ੍ਰੇਰਣਾ ਸ੍ਰੋਤ ਦਸਤਾਵੇਜ਼ ਵਜੋਂ ਵਿਸ਼ੇਸ਼ ਮੁੱਦਿਆਂ ਵੱਲ ਧਿਆਨ ਕੇਂਦਰਿਤ ਕਰਦੀ ਹੈ। ਇਹ ਪਰਵਾਸੀ ਪੰਜਾਬੀ ਸਾਹਿਤ ਦੇ ਵੰਨ-ਸੁਵੰਨੇ ਰੰਗਾਂ ਦੀ ਪਛਾਣ ਕਰਾਉਂਦੀ ਹੈ। ਇਸ ਪੁਸਤਕ ਵਿਚ ਸ਼ਾਮਿਲ ਸਾਰੇ ਹੀ ਲੇਖ ਗੌਲਣਯੋਗ ਤੇ ਵਿਚਾਰਨਯੋਗ ਹਨ। ਇਹ ਲੇਖ ਸਮਕਾਲੀ ਪੰਜਾਬੀ ਸਾਹਿਤ ਸਾਧਨਾਂ ਦੇ ਖੇਤਰ ਵਿਚ ਨਵਾਂ ਸੰਵਾਦ ਛੇੜਦੇ ਹਨ। ਇਹੀ ਗੱਲ ਇਸ ਪੁਸਤਕ ਦੀ ਵਿਲੱਖਣਤਾ ਨੂੰ ਛੂੰਹਦੀ ਹੈ।
ਸੁਰਜੀਤ ਨੇ ਕੈਨੇਡਾ ਵਿਚ ਪੰਜਾਬੀ ਨਾਰੀ-ਕਾਵਿ ਬਾਰੇ ਜੋ ਹੁਣ ਤੱਕ ਸਾਹਿਤ ਰਚਿਆ ਗਿਆ ਹੈ, ਉਸਦੇ ਵੱਖ-ਵੱਖ ਥੀਮਿਕ ਪਾਸਾਰਾਂ ਨੂੰ ਉਜਾਗਰ ਕੀਤਾ ਹੈ ਜੋ ਕਿ ਬਹੁ-ਪਾਸਾਰੀ ਹਨ। ਲਗਭਗ ਇਸ ਪੁਸਤਕ ਦੇ ਸਾਰੇ ਲੇਖਾਂ ਵਿਚ ਉਹ ਔਰਤ ਦੀ ਪਛਾਣ ਤੇ ਹੱਕ ਵਿਚ ਭੁਗਤਦੀ ਹੈ ਅਤੇ ਵੇਲਾ ਵਿਹਾ ਚੁੱਕੀਆਂ ਵੱਖ-ਵੱਖ ਕਦਰਾਂ-ਕੀਮਤਾਂ ਦੇ ਵਿਰੋਧ ਵਿਚ ਖੜ੍ਹੀ ਹੁੰਦੀ ਹੈ। ਸੁਰਜੀਤ ਕਲਸੀ ਇਸ ਰੂੜ੍ਹੀਵਾਦੀ ਮਾਨਸਿਕਤਾ ਦੀ ਪੁਸ਼ਟੀ ਕਵਿਤਾ ਦੇ ਜ਼ਰੀਏ ਇਉਂ ਪੇਸ਼ ਕਰਦੀ ਹੈ-

ਪਰੰਪਰਾ ਨੇ ਦਿੱਤਾ ਦਿਲ ਦਾ ਸੁਰਾਖ਼
ਹੱਸਦੀ ਹੱਸਦੀ ਕਹਿੰਦੀ ਸੀ ਮਾਂ
ਉਹਦੀ ਮਾਂ ਦੇ ਦਿਲ ਵਿਚ ਵੀ
ਤੇ ਉਹਦੀ ਮਾਂ ਦੀ ਮਾਂ ਦੇ ਦਿਲ ਵਿਚ ਵੀ
ਤੇ ਉਹਦੀ ਮਾਂ ਦੀ ਮਾਂ ਦੇ ਦਿਲ ਵਿਚ ਵੀ
ਸੀ ਇਕ ਸੁਰਾਖ਼
ਹੋਰ ਅੱਗੇ ਉਹ ਲਿਖਦੀ ਹੈ-
ਗੁੜ੍ਹਤੀ ਦੇ ਨਾਲ ਮੁਹਰਾ ਚੱਟਦੀ
ਹਨੇਰੇ ਜਿਨ੍ਹਾਂ ਦੀ ਕਾਲਖ ਹਰਦੀ
ਪੀ ਪੀ ਅੱਗੇ ਭਰਮਾਂ-ਵਹਿਮਾਂ ਦੀ
ਹਰ ਦੁਖੜਾ ਸੀਨੇ ਜਰਦੀ

ਜਿੱਥੇ ਸੁਰਜੀਤ ਦੀ ਕਵਿਤਾ ਵਿਚ ਰੂੜ੍ਹੀਵਾਦੀ ਮਾਨਸਿਕ ਵਿਚਾਰਾਂ ਨੂੰ ਪੁਸ਼ਟੀ ਵਜੋਂ ਆਪਣੀ ਕਵਿਤਾ ਵਿਚ ਪੇਸ਼ ਕੀਤਾ ਗਿਆ ਹੈ, ਉੱਥੇ ਇਹ ਵੀ ਸੁਨੇਹਾ ਦਿੱਤਾ ਗਿਆ ਹੈ ਕਿ ਨਾਰੀ ਆਪਣੇ ਅਸਤਿੱਤਵ ਨੂੰ ਸਵੈ-ਮਾਣ ਨਾਲ ਜੀਉਣਾ ਚਾਹੁੰਦੀ ਹੈ ਅਤੇ ਇਸ ਦਰਦ ਨੂੰ ਹੋਰ ਨਹੀਂ ਸਹਿਣਾ ਚਾਹੁੰਦੀ।
ਜਸਵੀਰ ਮੰਗੂਵਾਲ ਨੇ ਜ਼ਿੰਦਾਦਿਲੀ ਨਾਲ ਇੱਥੋਂ ਤੱਕ ਆਖ ਦਿੱਤਾ-

ਮੈਨੂੰ ਨਹੀਂ ਚਾਹੀਦਾ ਸੱਤ ਜਨਮਾਂ ਦਾ ਸਾਥ
ਮੈਂ ਜੀਉਣਾ ਚਾਹੁੰਦੀ ਹਾਂ ਇਕੋ ਜਨਮ
ਜੀਅ ਭਰਕੇ, ਆਪਣੀ ਰੂਹ ਦੇ ਨਾਲ

ਉਹ ਜਿੱਥੇ ਨਾਰੀ ਦੀ ਹੋਂਦ ਦੀ ਪਛਾਣ ਤੇ ਉਸਦੇ ਅਸਤਿੱਤਵ ਦੀ ਗੱਲ ਹੋਈ ਉੱਥੇ ਨਾਲ ਹੀ ਗਲੋਬਲੀ ਸਮਾਜ ਦੀਆਂ ਕਾਲੀਆਂ ਕਰਤੂਤਾਂ ਨੂੰ ਬੜੀ ਦਲੇਰੀ ਨਾਲ ਭੰਡਿਆ ਹੈ। ਸੁਖਿੰਦਰ ਨੇ ਇਨ੍ਹਾਂ ਕਵਿਤਾਵਾਂ ਵਿਚ, ਸਮਾਜ ਵਿਚ ਗੰਦ ਫੈਲਾਉਣ ਵਾਲੇ ਹਰ ਮਾਧਿਅਮ ਨੂੰ ਭੰਡਿਆ ਹੈ, ਚਾਹੇ ਉਹ ਸਾਹਿਤ, ਰਾਜਨੀਤੀ, ਫ਼ਿਲਮਾਂ, ਟੀ.ਵੀ. ਜਾਂ ਇੰਟਰਨੈਟ ਹੋਵੇ। ਪਾਠਕ ਜਦੋਂ ਸੁਖਿੰਦਰ ਦੀਆਂ ਕਵਿਤਾਵਾਂ ਪੜ੍ਹਦਾ ਹੈ ਤਾਂ ਉਹ ਦੇਖਦਾ ਹੈ ਕਿ ਇਹ ਸਮੋਸਾ ਅਜੋਕੇ ਖਪਤ ਸਭਿਆਚਾਰ ਦਾ ਚਿੰਨ੍ਹ ਬਣ ਕੇ ਉਸ ਦੀ ਕਵਿਤਾ ਵਿਚ ਉਜਾਗਰ ਹੋਇਆ ਹੈ। ਉਹ ਆਪਣੀ ਪਹਿਲੀ ਕਵਿਤਾ ਵਿਚ ਰਾਜਨੀਤੀ ਤੇ ਸਮੋਸੇ ਦੇ ਸੰਬੰਧ ਨੂੰ ਇਸ ਤਰ੍ਹਾਂ ਪੇਸ਼ ਕਰਦਾ ਹੈ-
ਰਾਜਨੀਤੀ ਨੂੰ ਅਸੀਂ ਅਖੰਡਪਾਠਾਂ, ਸਮੋਸਿਆਂ ਤੇ ਔਰਿੰਜ ਜੂਸ ਤੱਕ ਸੀਮਿਤ ਕਰਕੇ ਰੱਖ ਦਿੱਤਾ ਹੈ
ਸੁਖਿੰਦਰ ਨੇ ਜਿੱਥੇ ਸਮਾਜ ਦੀਆਂ ਕਾਲੀਆਂ ਕਰਤੂਤਾਂ ਨੂੰ ਬੜੀ ਦਲੇਰੀ ਨਾਲ ਭੰਡਿਆ ਹੈ। ਉੱਥੇ ਪਾਠਕ ਨੂੰ ਨਾਲ ਹੀ ਇਸ ਗੱਲ ਦੀ ਖ਼ੁਸ਼ੀ ਹੁੰਦੀ ਹੈ ਕਿ ਔਰਤ ਦੇ ਇਸ ਦਰਦ ਨੂੰ ਪਹਿਚਾਨਣ ਤੇ ਉਸ ਦੇ ਹੁੰਦੇ ਸ਼ੋਸ਼ਣ ਵਿਰੁੱਧ ਬੋਲਣ ਵਾਲੇ ਇਹ ਬੋਲ ਕਿਸੇ ਔਰਤ ਦੇ ਨਹੀਂ ਸਗੋਂ ਇਕ ਮਰਦ ਦੇ ਹਨ ਤੇ ਔਰਤ ਦੇ ਮਾਂ ਰੂਪ ਨੂੰ ਬਿਆਨ ਕਰਦਾ ਹੋਇਆ ਉਹ ਲਿਖਦਾ ਹੈ-

ਕਿ ਇੱਟਾਂ, ਸੀਮੇਂਟ ਅਤੇ ਲੋਹੇ ਦੀਆਂ ਕੰਧਾਂ ਨਾਲ
ਬਣੀਆਂ ਕੰਧਾਂ ਤੇ ਛੱਤਾਂ ਵਾਲਾ ਮਕਾਨ
ਮਾਂ ਦੀ ਹੋਂਦ ਨਾਲ ਹੀ
ਘਰ ‘ਚ ਬਦਲ ਜਾਂਦਾ ਹੈ
ਜਿੱਥੇ ਚਿੜੀਆਂ ਚਹਿਕਦੀਆਂ ਹਨ
ਜਿੱਥੇ ਗੁਲਾਬ ਮਹਿਕਦੇ ਹਨ।

ਇਸ ਤਰ੍ਹਾਂ ਸੁਖਿੰਦਰ ਦੀਆਂ ਕਵਿਤਾਵਾਂ ਵਿਚ ਬਹੁਤ ਸਾਰੇ ਔਰਤ ਪੱਖੀ ਵਿਚਾਰ ਹੈ ਕਿ ਔਰਤ ਨੂੰ ਉਮਰ ਭਰ ਗ਼ੁਲਾਮ ਰੱਖਣਾ ਵਿਦਰੋਹ ਦੇ ਭਾਂਬੜ ਬਾਲ ਸਕਦਾ ਹੈ। ਉਸ ਦੀ ‘ਸੁਆਲ’ ਨਾਮੀ ਕਵਿਤਾ ਵਿਚ ਔਰਤ ਦੇ ਮੂੰਹੋਂ ਉਹ ਇੰਝ ਅਖਵਾਉਂਦਾ ਹੈ-

ਮੈਂ ਤਾਂ ਸਦੀਆਂ ਤੋਂ ਇਹ ਸ਼ਬਦ ਸੁਣਨ ਲਈ
ਬੇਤਾਬ ਬੈਠੀ ਹਾਂ
ਔਰਤ ਵੀ ਸਾਹ ਲੈਂਦਾ
ਹੱਡ ਮਾਸ ਦਾ
ਇਕ ਪੁਤਲਾ ਹੈ

ਉਨ੍ਹਾਂ ਦੁਆਰਾ ਹੋਰ ਵੀ ਵੱਖ-ਵੱਖ ਸੰਖੇਪ ਲੇਖਾਂ ਵਿਚ ਪੰਜਾਬੀ ਮਾਤ-ਭਾਸ਼ਾ ਤੇ ਸਾਹਿਤ ਦੀਆਂ ਵੱਖ-ਵੱਖ ਵਿਧਾਵਾਂ ਦੇ ਜ਼ਰੀਏ ਹੀ ਸਭਿਆਚਾਰ ਦੀ ਅਗਵਾਈ ਅਤੇ ਪ੍ਰੇਰਣਾ ਸ੍ਰੋਤ ਦਸਤਾਵੇਜ਼ ਵਜੋਂ ਵਿਸ਼ੇਸ਼ ਅਰਥਾਂ ਵਿਚ ਉਸ ਦੀ ਪੇਸ਼ਕਾਰੀ ਵੱਖ-ਵੱਖ ਲੇਖਾਂ ਨੂੰ ਪੜ੍ਹ ਕੇ ਪਤਾ ਲਗਦੀ ਹੈ ਜੋ ਕਿ ਬਹੁ-ਪਾਸਾਰੀ ਵਿਸ਼ਿਆਂ ਨੂੰ ਉਜਾਗਰ ਕਰਦੀ ਹੈ।

ਉਪਰੋਕਤ ਵਿਚਾਰਾਂ ਨੂੰ ਸਮੇਟਦੇ ਹੋਏ ਇਹ ਕਿਹਾ ਜਾ ਸਕਦਾ ਹੈ ਕਿ ਸੁਰਜੀਤ ਕੈਨੇਡਾ ਪੰਜਾਬੀ ਸਾਹਿਤ ਜਗਤ ਦੀ ਇਕ ਗਹਿਰ-ਗੰਭੀਰ ਤੇ ਚਿੰਤਨਸ਼ੀਲ ਸ਼ਖ਼ਸੀਅਤ ਹੈ। ਜੇਕਰ ਇਸ ਪ੍ਰਸੰਗ ਵਿਚ ਉਨ੍ਹਾਂ ਦੀ ਪ੍ਰਕਾਸ਼ਿਤ ਪੁਸਤਕ ‘ਪਰਵਾਸੀ ਪੰਜਾਬੀ ਸਾਹਿਤ ਸ਼ਬਦ ਤੇ ਸੰਵਾਦ’ ਵਿਚ ਵੱਖ-ਵੱਖ ਲਿਖੇ ਗਏ ਸੰਖੇਪ ਲੇਖਾਂ ਦੀ ਇਹ ਪੁਸਤਕ ਪੰਜਾਬੀ ਜਗਤ ਲਈ ਇਕ ਕਾਰਜਸ਼ੀਲ ਦੇ ਕੰਮ ਵਜੋਂ ਪਾਠਕਾਂ ਲਈ ਸਹਾਇਕ ਸਿੱਧ ਹੋਵੇਗੀ ਕਿਉਂਕਿ ਇਹ ਪਰਵਾਸੀ ਪੰਜਾਬੀ ਸਾਹਿਤ ਦੇ ਵੰਨ-ਸੁਵੰਨੇ ਰੰਗਾਂ ਦੀ ਪਛਾਣ ਕਰਾਉਂਦੀ ਹੈ।

Today Now News

RELATED ARTICLES
- Advertisment -

POPULAR POSTS