
ਸੈਕਰਾਮੈਂਟੋ 6 ਅਪ੍ਰੈਲ (ਹੁਸਨ ਲੜੋਆ ਬੰਗਾ)- ਏਰੀ, ਪੈਨਸਿਲਵੈਨੀਆ ਦੇ ਇਕ ਹਾਈ ਸਕੂਲ ਵਿਚ ਵਿਦਿਆਰਥੀ ਨੇ ਗੋਲੀ ਚਲਾ ਕੇ ਇਕ ਵਿਦਿਆਰਥੀ ਨੂੰ ਜ਼ਖਮੀ ਕਰ ਦਿੱਤਾ। ਏਰੀ ਦੇ ਪਬਲਿਕ ਸਕੂਲ ਨੇ ਜਾਰੀ ਇਕ ਬਿਆਨ ਵਿਚ ਕਿਹਾ ਹੈ ਕਿ ਜ਼ਖਮੀ ਹੋਏ ਵਿਦਿਆਰਥੀ ਦੀ ਹਾਲਤ ਸਥਿੱਰ ਹੈ । ਏਰੀ ਪੁਲਿਸ ਵਿਭਾਗ ਦੇ ਉੱਪ ਮੁੱਖੀ ਮਾਈਕ ਨੋਲਨ ਨੇ ਦੱਸਿਆ ਕਿ ਸ਼ੱਕੀ ਦੋਸ਼ੀ ਵਿਦਿਆਰਥੀ ਵਿਰੁੱਧ ਮਾਮਲਾ ਦਰਜ ਕਰ ਲਿਆ ਗਿਆ ਹੈ। ਉਨਾਂ ਕਿਹਾ ਕਿ ਸ਼ੱਕੀ ਵਿਦਿਆਰਥੀ ਘਟਨਾ ਤੋਂ ਬਾਅਦ ਫਰਾਰ ਹੋ ਗਿਆ ਹੈ ਤੇ ਉਸ ਦੀ ਭਾਲ ਲਈ ਕਈ ਏਜੰਸੀਆਂ ਕੰਮ ਕਰ ਰਹੀਆਂ ਹਨ। ਨੋਲਨ ਅਨੁਸਾਰ ਸ਼ੱਕੀ ਵਿਦਿਆਰਥੀ ਨੇ ਗਿਣਮਿਥੇ ਕੇ ਆਪਣੇ ਸਾਥੀ ਵਿਦਿਆਰਥੀ ਨੂੰ ਨਿਸ਼ਾਨਾ ਬਣਾਇਆ ਹੈ ਤੇ ਇਹ ਅਚਨਚੇਤ ਵਾਪਰੀ ਘਟਨਾ ਨਹੀਂ ਹੈ। ਗੋਲੀ ਚੱਲਣ ਦੀ ਸੂਚਨਾ ਮਿਲਣ ‘ਤੇ ਮਾਪਿਆਂ ਵਿਚ ਅਫਰਾ ਤਫਰੀ ਮਚ ਗਈ ਤੇ ਉਹ ਆਪਣੇ ਬੱਚਿਆਂ ਬਾਰੇ ਜਾਣਕਾਰੀ ਲੈਣ ਲਈ ਸਕੂਲ ਵੱਲ ਭੱਜੇ। ਫਿਲਹਾਲ ਸਕੂਲ ਨੂੰ ਬੰਦ ਕਰ ਦਿੱਤਾ ਗਿਆ ਹੈ। ਸ਼ਹਿਰ ਦੇ ਮੇਅਰ ਜੋ ਸ਼ੰਬਰ ਨੇ ਇਕ ਬਿਆਨ ਵਿਚ ਘਟਨਾ ਨੂੰ ਬਹੁਤ ਹੀ ਅਫਸੋਸਨਾਕ ਕਰਾਰ ਦਿੱਤਾ ਹੈ। ਉਨਾਂ ਨੇ ਵਿਦਿਆਰਥੀਆਂ, ਅਧਿਆਪਕਾਂ ਤੇ ਸਕੂਲ ਦੇ ਪ੍ਰਬੰਧਕਾਂ ਨੂੰ ਹਰ ਤਰਾਂ ਦੀ ਮੱਦਦ ਦੀ ਪੇਸ਼ਕਸ਼ ਕੀਤੀ ਹੈ। ਉਨਾਂ ਨੇ ਸਕੂਲਾਂ ਨੂੰ ਸੁਰੱਖਿਅਤ ਬਣਾਉਣ ਉਪਰ ਜੋਰ ਦਿੱਤਾ ਹੈ।





