ਚੰਡੀਗੜ੍ਹ : ਕਬੂਤਰਬਾਜ਼ੀ ਮਾਮਲੇ ‘ਚ ਜੇਲ੍ਹ ਗਏ ਦਲੇਰ ਮਹਿੰਦੀ (Daler Mehndi) ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ (Punjab & Haryana High Court) ਤੋਂ ਰਾਹਤ ਨਹੀਂ ਮਿਲੀ ਹੈ। ਉਨ੍ਹਾਂ ਨੂੰ 15 ਸਤੰਬਰ ਤਕ ਜੇਲ੍ਹ ‘ਚ ਰਹਿਣਾ ਪਵੇਗਾ। ਦਰਅਸਲ ਪੰਜਾਬੀ ਗਾਇਕ ਦਲੇਰ ਮਹਿੰਦੀ ਵੱਲੋਂ 2 ਸਾਲ ਕੈਦ ਦੀ ਪਟੀਸ਼ਨ ‘ਤੇ ਰੀਵਿਊ ਕਰਨ ਦੀ ਅਪੀਲ ਕੀਤੀ ਸੀ ਜਿਸ ‘ਤੇ ਅੱਜ ਸੁਣਵਾਈ ਹੋਈ।

ਜ਼ਿਕਰਯੋਗ ਹੈ ਕਿ ਮਸ਼ਹੂਰ ਪੰਜਾਬੀ ਗਾਇਕ ਦਲੇਰ ਮਹਿੰਦੀ ਮਨੁੱਖੀ ਤਸਕਰੀ ਦੇ ਮਾਮਲੇ ਵਿੱਚ ਜੇਲ੍ਹ ‘ਚ ਹੈ। ਪਿਛਲੇ ਹਫ਼ਤੇ ਪਟਿਆਲਾ ਦੇ ਵਧੀਕ ਸੈਸ਼ਨ ਜੱਜ ਨੇ ਦਲੇਰ ਮਹਿੰਦੀ ਨੂੰ ਸਜ਼ਾ ਸੁਣਾਈ ਸੀ। ਅਦਾਲਤ ਨੇ ਦਲੇਰ ਮਹਿੰਦੀ ਨੂੰ ਦੋਸ਼ੀ ਠਹਿਰਾਏ ਜਾਣ ਵਿਰੁੱਧ ਦਾਇਰ ਅਪੀਲ ਨੂੰ ਖਾਰਜ ਕਰ ਦਿੱਤਾ ਸੀ। ਮਹਿੰਦੀ ਨੇ ਹੁਣ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕਰਕੇ ਇਸ ਫੈਸਲੇ ਨੂੰ ਚੁਣੌਤੀ ਦਿੱਤੀ ਤੇ ਬੁੱਧਵਾਰ ਨੂੰ ਉਸ ‘ਤੇ ਸੁਣਵਾਈ ਹੋਈ। ਚਾਰ ਸਾਲ ਦੀ ਅਪੀਲ ‘ਤੇ ਸੁਣਵਾਈ ਤੋਂ ਬਾਅਦ ਇਸ ਮਹੀਨੇ 14 ਜੁਲਾਈ ਨੂੰ ਵਧੀਕ ਸੈਸ਼ਨ ਜੱਜ ਨੇ ਦਲੇਰ ਮਹਿੰਦੀ ਦੀ ਅਪੀਲ ਖਾਰਜ ਕਰ ਕੇ ਸਜ਼ਾ ਬਰਕਰਾਰ ਰੱਖਣ ਦਾ ਹੁਕਮ ਦਿੱਤਾ ਸੀ।



