
ਤਲਵੰਡੀ ਭਾਈ,21 ਨਵੰਬਰ(ਹਰਜਿਦਰ ਸਿੰਘ ਕਤਨਾ)-ਸਥਾਨਿਕ ਹਰਾਜ ਰੋਡ ਤੇ ਸੇਮਨਾਲੇ ਸਥਿੱਤ ਰਿਹਾਇਸ਼ੀ ਖੇਤਰ ’ਚ ਇਕ ਵਿਅਕਤੀ ਵਲੋਂ ਆਪਣੀ ਪਤਨੀ ਅੰਨ੍ਹੇਵਾਹ ਕੁੱਟਮਾਰ ਕਰਦੇ ਹੋਏ ਉਸਦੀ ਹੱਤਿਆ ਕਰ ਦੇਣ ਦਾ ਸਮਾਚਾਰ ਹੈ। ਮ੍ਰਿਤਕਾ ਕਰੀਬ 30 ਵਰਿਆਂ ਦੀ ਸੀ ਅਤੇ ਉਹ 3 ਮਾਸੂਮ ਬੇਟੀਆਂ ਤੇ ਇਕ ਲੜਕੇ ਦੀ ਮਾਂ ਸੀ। ਇਸ ਸਬੰਧੀ ਪ੍ਰਾਪਤ ਹੋਈ ਜਾਣਕਾਰੀ ਘਰੇਲੂ ਕਲੇਸ਼ ਦੇ ਚੱਲਦਿਆਂ ਅਮਨਦੀਪ ਸਿੰਘ ਪੁੱਤਰ ਸਰਜੰਟ ਸਿੰਘ ਵਾਸੀ ਨੇੜੇ ਸੇਮਨਾਲਾ ਤਲਵੰਡੀ ਭਾਈ ਨੇ ਘਰੇਲੂ ਕਲੇਸ਼ ਦੇ ਚੱਲਦਿਆਂ ਆਪਣੀ ਪਤਨੀ ਦੀ ਕੁੱਟਮਾਰ ਕੀਤੀ। ਜਿਸ ਕਾਰਨ ਉਸਦੇ ਸਰੀਰ ਤੇ ਸੱਟਾਂ ਲੱਗ ਗਈਆਂ ਅਤੇ ਉਕਤ ਸੱਟਾਂ ਦੀ ਤਾਬ ਨਾ ਸਹਾਰਦੇ ਹੋਏ ਉਸਦੀ ਮੌਤ ਹੋ ਗਈ। ਇਸ ਸਬੰਧੀ ਪੁਲਿਸ ਕੋਲ ਬਿਆਨ ਦਰਜ ਕਰਵਾਉਂਦਿਆਂ ਮ੍ਰਿਤਕਾ ਦੇ ਭਰਾ ਕੁਲਦੀਪ ਸਿੰਘ ਪੁੱਤਰ ਗੁਰਦੇਵ ਸਿੰਘ ਵਾਸੀ ਪਿੰਡ ਨੀਲੇ ਵਾਲਾ ਨੇ ਦੱਸਿਆ ਕਿ ਉਸਦੀ ਭੇਣ ਮਨਦੀਪ ਕੌਰ ਉਰਫ ਬਲਵੀਰ ਕੌਰ ਉਰਫ ਕਾਲੇ ਦਾ ਵਿਆਹ ਕਰੀਬ 10 ਸਾਲ ਪਹਿਲਾਂ ਅਮਨਦੀਪ ਸਿੰਘ ਪੁੱਤਰ ਸਰਜੰਟ ਸਿੰਘ ਵਾਸੀ ਤਲਵੰਡੀ ਭਾਈ ਨਾਲ ਹੋਇਆ ਸੀ ਅਤੇ ਉਸਦੀ ਭੈਣ ਦਾ ਪਤੀ ਅਮਨਦੀਪ ਸਿੰਘ ਅਕਸਰ ਉਸਦੀ ਭੈਣ ਦੀ ਕੁੱਟਮਾਰ ਕਰਦਾ ਰਹਿੰਦਾ ਸੀ ਅਤੇ ਬੀਤੀ ਰਾਤ ਉਸਨੇ ਉਸਦੀ ਭੈਣ ਦੀ ਕੁੱਟਮਾਰ ਕੀਤੀ ਸੀ। ਜਿਸ ਕਾਰਨ ਉਸਦੀ ਭੈਣ ਦੀ ਮੌਤ ਹੋ ਗਈ। ਥਾਣਾ ਤਲਵੰਡੀ ਭਾਈ ਦੇ ਮੁਖੀ ਜਸਵੰਤ ਸਿੰਘ ਨੇ ਦੱਸਿਆ ਕਿ ਮਾਮਲੇ ਸਬੰਧੀ ਮੁਦੱਈ ਕੁਲਦੀਪ ਸਿੰਘ ਦੇ ਬਿਆਨ ਕਲਮਬੱਧ ਕਰਨ ਉਪਰੰਤ ਮੁਲਜਮ ਅਮਨਦੀਪ ਸਿੰਘ ਖਿਲਾਫ ਹੱਤਿਆ ਦੇ ਦੋਸ਼ ਹੇਠ ਮੁਕੱਦਮਾਂ ਦਰਜ ਕਰ ਲਿਆ ਗਿਆ ਹੈ ਅਤੇ ਮ੍ਰਿਤਕਾ ਦਾ ਪੋਸਟ ਮਾਰਟਮ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਘਟਨਾਂ ਉਪਰੰਤ ਮੁਲਜਮ ਫਰਾਰ ਹੋ ਗਿਆ, ਜਿਸ ਨੂੰ ਕਾਬੂ ਕਰਨ ਲਈ ਕਾਰਵਾਈ ਜਾਰੀ ਹੈ।






