ਸੈਕਰਾਮੈਂਟੋ 15 ਜੂਨ (ਹੁਸਨ ਲੜੋਆ ਬੰਗਾ)- ਨਿਊਯਾਰਕ ਦੀ ਇਕ ਉੱਚ ਅਦਾਲਤ ਨੇ ਮਨੁੱਖੀ ਹੱਕਾਂ ਬਾਰੇ ਇਕ ਗਰੁੱਪ ਦੁਆਰਾ ਦਾਇਰ ਬੇਨਤੀ ਰੱਦ ਕਰ ਦਿੱਤੀ ਜਿਸ ਵਿਚ ਮੰਗ ਕੀਤੀ ਗਈ ਸੀ ਕਿ ‘ਬਰੌਨਕਸ ਚਿੜਿਆ ਘਰ’ ਵਿਚ ਬੰਦ ਹਾਥੀ ਨੂੰ ਕਿਸੇ ਰੱਖ ਵਿਚ ਛੱਡ ਦਿੱਤਾ ਜਾਵੇ।

ਜੱਜ ਨੇ ਆਪਣੇ ਫੈਸਲੇ ਵਿਚ ਕਿਹਾ ਕਿ ਹਾਥੀ ਕੋਈ ‘ਵਿਅਕਤੀ’ ਨਹੀਂ ਹੈ ਜਿਸ ਦੇ ਆਧਾਰ ’ਤੇ ਉਹ ਆਜ਼ਾਦੀ ਦਾ ਹੱਕਦਾਰ ਹੈ। ਇਹ ਹਾਥੀ ਹੈਪੀ ਨਾਂ ਦੀ ਇਕ ਹੱਥਣੀ ਹੈ ਜਿਸ ਨੂੰ ਉਸ ਸਮੇ ਚਿੜਿਆ ਘਰ ਲਿਆਇਆ ਗਿਆ ਸੀ ਜਦੋਂ ਉਹ ਇਕ ਸਾਲ ਦੀ ਸੀ । ਪਿਛਲੇ 45 ਸਾਲ ਤੋਂ ਇਹ ਹੱਥਣੀ ਬਰੌਨਕਸ ਚਿੜਿਆ ਘਰ ਵਿਚ ਹੈ। ਮੁੱਖ ਜੱਜ ਜਾਨੇਟ ਡੀਫੀਓਰ ਨੇ ਮਨੱਖੀ ਹੱਕਾਂ ਬਾਰੇ ਗਰੁੱਪ ਦੀ ਬੇਨਤੀ ਰੱਦ ਕਰਦਿਆਂ ਕਿਹਾ ਕਿ ਗਰੁੱਪ ਨੂੰ ਹਾਥੀ ਦੀ ਤਰਫੋਂ ਅਰਜੀ ਦਾਇਰ ਕਰਨ ਵਿਚ ਕੋਈ ਤਰਕ ਨਜ਼ਰ ਨਹੀਂ ਆਉਂਦਾ। ਜੱਜ ਨੇ ਆਪਣੇ ਫੈਸਲੇ ਵਿਚ ਲਿਖਿਆ ਹੈ ‘‘ ਹੈਬੀਅਸ ਕਾਰਪਸ ਇਕ ਪ੍ਰਕ੍ਰਿਆ ਹੈ ਜਿਸ ਤਹਿਤ ਗੈਰ ਕਾਨੂੰਨੀ ਤੌਰ ’ਤੇ ਬੰਦੀ ਬਣਾਏ ਗਏ ਮਨੁੱਖਾਂ ਦੇ ਹੱਕਾਂ ਨੂੰ ਸੁਰੱਖਿਅਤ ਕੀਤਾ ਜਾਂਦਾ ਹੈ ਨਾ ਕਿ ਪਸ਼ੂਆਂ ਦੇ ਹੱਕਾਂ ਨੂੰ।






