ਹੁਸ਼ਿਆਰਪੁਰ, 19 ਮਾਰਚ: ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਦੱਸਿਆ ਕਿ ਦੇਸ਼ ਦੀ ਕਲਾ ਤੇ ਸੰਸਕ੍ਰਿਤੀ ਨੂੰ ਸੰਜੋਏ ਹੋਏ ਕਰਾਫ਼ਟਸ ਬਾਜ਼ਾਰ ਦਿਨ ਐਤਵਾਰ 20 ਮਾਰਚ ਨੂੰ ਲਾਜਵੰਤੀ ਆਊਟਡੋਰ ਸਟੇਡੀਅਮ ਵਿਚ ਸ਼ੁਰੂ ਹੋਣ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਕੈਬਨਿਟ ਮੰਤਰੀ ਸ੍ਰੀ ਬ੍ਰਹਮ ਸ਼ੰਕਰ ਜਿੰਪਾ ਸ਼ਾਮ 6 ਕਰਾਫ਼ਟਸ ਬਾਜ਼ਾਰ ਦਾ ਉਦਘਾਟਨ ਕਰਨਗੇ। ਉਨ੍ਹਾਂ ਦੱਸਿਆ ਕਿ 29 ਮਾਰਚ ਤੱਕ ਲੱਗਣ ਵਾਲੇ ਇਸ ਕਰਾਫ਼ਟਸ ਬਾਜ਼ਾਰ ਵਿਚ 14 ਰਾਜਾਂ ਤੇ 2 ਕੇਂਦਰੀ ਸ਼ਾਸਤ ਪ੍ਰਦੇਸ਼ਾਂ ਦੇ 150 ਦੇ ਕਰੀਬ ਦਸਤਕਾਰ ਹਿੱਸਾ ਲੈ ਕੇ ਲੋਕਾਂ ਤੱਕ ਦੇਸ਼ ਦੇ ਵੱਖ-ਵੱਖ ਰਾਜਾਂ ਦੀ ਦਸਤਕਾਰੀ ਦੇ ਨਮੂਨਿਆਂ ਨੂੰ ਪੇਸ਼ ਕਰਨਗੇ ਤਾਂ ਜੋ ਲੋਕ ਇਕ ਹੀ ਛੱਤ ਹੇਠ ਆਪਣੀ ਅਮੀਰ ਸੰਸਕ੍ਰਿਤੀ ਨਾਲ ਜੁੜੀਆਂ ਕਲਾਕ੍ਰਿਤੀਆਂ ਦੀ ਖਰੀਦਕਾਰੀ ਕਰ ਸਕਣ।

ਉਨ੍ਹਾਂ ਦੱਸਿਆ ਕਿ 10 ਦਿਨ ਤੱਕ ਹਰ ਰੋਜ਼ ਉਤਰੀ ਖੇਤਰ ਸੰਸਕ੍ਰਿਤੀਕ ਕੇਂਦਰ ਦੇ 150 ਤੋਂ ਕਲਾਕਾਰਾਂ ਵਲੋਂ ਵੱਖ-ਵੱਖ ਰਾਜਾਂ ਦੇ ਲੋਕ ਨਾਚ ਦਾ ਵੀ ਪ੍ਰਦਰਸ਼ਨ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਮੌਕੇ ਤ੍ਰਿਪੁਰਾ, ਮਧਿਆ ਪ੍ਰਦੇਸ਼, ਹਿਮਾਚਲ ਪ੍ਰਦੇਸ਼, ਜੰਮੂ ਤੇ ਕਸ਼ਮੀਰ, ਗੁਜਰਾਤ, ਪੰਜਾਬ, ਉੜੀਸਾ, ਅਸਾਮ, ਮਨੀਪੁਰ, ਛਤੀਸਗੜ੍ਹ, ਉਤਰ ਪ੍ਰਦੇਸ਼, ਉਤਰਾਖੰਡ, ਹਰਿਆਣਾ, ਰਾਜਸਥਾਨ ਦੇ ਲੋਕ ਨਾਚ, ਲੋਕ ਸੰਗੀਤ ਤੋਂ ਇਲਾਵਾ ਨਚਾਰ, ਬਾਜੀਗਰ, ਬੀਨ ਜੋਗੀ, ਨਗਾੜਾ, ਮਲਵੱਈ ਗਿੱਧਾ ਆਦਿ ਵੀ ਵਿਸ਼ੇਸ਼ ਆਕਰਸ਼ਣ ਦਾ ਕੇਂਦਰ ਰਹਿਣਗੇ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਲੋਕਾਂ ਲਈ ਕਰਾਫਟਸ ਬਾਜ਼ਾਰ ਰੋਜ ਸਵੇਰੇ 10 ਵਜੇ ਤੋਂ ਰਾਤ 10 ਵਜੇ ਤੱਕ ਖੁੱਲ੍ਹੇਗਾ। ਉਨ੍ਹਾਂ ਦੱਸਿਆ ਕਿ ਕਰਾਫਟਸ ਬਾਜ਼ਾਰ ਦੇਸ਼ ਦੀ ਦਸਤਕਾਰੀ ਦੇ ਦਿਲਕਸ਼ ਨਮੂਨਿਆਂ ਨੂੰ ਪੇਸ਼ ਕਰੇਗਾ ਅਤੇ ਦੇਸ਼ ਦੇ ਦਸਤਕਾਰਾਂ ਲਈ ਆਪਣੀ ਦਸਤਕਾਰੀ ਨੂੰ ਵੇਚਣ ਦਾ ਇਹ ਇਕ ਵੱਡਾ ਮੌਕਾ ਹੈ। ਉਨ੍ਹਾਂ ਕਿਹਾ ਕਿ ਇਸ ਆਯੋਜਨ ਦਾ ਉਦੇਸ਼ ਦੇਸ਼ ਦੇ ਦਸਤਕਾਰਾਂ ਲਈ ਇਸ ਤਰ੍ਹਾਂ ਦਾ ਮੰਚ ਪ੍ਰਦਾਨ ਕਰਨਾ ਹੈ ਜਿਥੇ ਉਨ੍ਹਾਂ ਨੂੰ ਆਪਣੇ ਸਮਾਨ ਨੂੰ ਵੇਚਣ ਲਈ ਕਿਸੇ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਦੱਸਿਆ ਕਿ 24 ਮਾਰਚ ਨੂੰ ਸ਼ਾਮ 7 ਵਜੇ ਕਰਾਫ਼ਟਸ ਬਾਜ਼ਾਰ ਵਿਚ ਸਟਾਰ ਨਾਈਟ ਦਾ ਆਯੋਜਨ ਕੀਤਾ ਜਾ ਰਿਹਾ ਹੈ, ਜਿਸ ਵਿਚ ਪ੍ਰਸਿੱਧ ਪੰਜਾਬੀ ਗਾਇਕ ਸਤਿੰਦਰ ਸਰਤਾਜ ਆਪਣੇ ਗੀਤਾਂ ਨਾਲ ਸਮਾਂ ਬੰਨ੍ਹਣਗੇ। ਇਸ ਤੋਂ ਇਲਾਵਾ 26 ਮਾਰਚ ਨੂੰ ਸ਼ਾਮ 7 ਵਜੇ ਕਾਮੇਡੀ ਨਾਈਟ ਦਾ ਵੀ ਆਯੋਜਨ ਕੀਤਾ ਜਾ ਰਿਹਾ ਹੈ, ਜਿਸ ਵਿਚ ਸਟੈਂਡਅਪ ਕਾਮੇਡੀਅਨ ਮਨਪ੍ਰੀਤ ਸਿੰਘ ਲੋਕਾਂ ਦਾ ਮਨੋਰੰਜਨ ਕਰਨਗੇ। ਉਨ੍ਹਾਂ ਕਿਹਾ ਕਿ ਜਨਤਾ ਦੀ ਸੁਵਿਧਾ ਲਈ ਵੱਖ-ਵੱਖ ਰਾਜਾਂ ਨਾਲ ਸਬੰਧਤ ਫੂਡ ਸਟਾਲ ਤੋਂ ਇਲਾਵਾ ਬੱਚਿਆਂ ਲਈ ਝੂਲਿਆਂ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਹੈ। ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਪਰਿਵਾਰ ਸਮੇਤ ਇਸ ਕਰਾਫ਼ਟਸ ਬਾਜ਼ਾਰ ਵਿਚ ਆਉਣ ਦੀ ਅਪੀਲ ਕੀਤੀ ਤਾਂ ਜੋ ਦੇਸ਼ ਭਰ ਤੋਂ ਆਏ ਦਸਤਕਾਰਾਂ ਦਾ ਹੌਂਸਲਾ ਵਧਾਇਆ ਜਾ ਸਕੇ।





