ਇਹ ਕਿੱਟ 8 ਜੀਆਂ ਦੇ ਪਰਿਵਾਰ ਦੀ 6 ਮਹੀਨੇ ਦੀ ਲੋੜ ਨੂੰ ਪੂਰਾ ਕਰੇਗੀ

ਮਾਨਸਾ (ਗੁਰਜੰਟ ਸਿੰਘ ਬਾਜੇਵਾਲੀਆ) : ਬਾਗਬਾਨੀ ਵਿਭਾਗ, ਪੰਜਾਬ ਵੱਲੋਂ ਘਰੇਲੂ ਬਗੀਚੀ ਨੂੰ ਉਤਸ਼ਾਹਿਤ ਕਰਨ ਲਈ ਗਰਮ ਰੁੱਤ ਸਬਜ਼ੀਆ ਦੀ ਬੀਜ ਕਿੱਟ ਤਿਆਰ ਕੀਤੀ ਗਈ ਹੈ, ਜੋ ਕਿ 8 ਜੀਆਂ ਦੇ ਪਰਿਵਾਰ ਦੀ 6 ਮਹੀਨੇ ਦੀ ਲੋੜ ਨੂੰ ਪੂਰਾ ਕਰੇਗੀ। ਇਸ ਕਿੱਟ ਅੰਦਰ ਘੀਆ ਕੱਦੂ (ਪੰਜਾਬ ਕੋਮਲ ਤੇ ਪੰਜਾਬ ਬਰਕਤ), ਚੱਪਣ ਕੱਦੂ, ਹਲਵਾ ਕੱਦੂ, ਘੀਆ ਤੋਰੀ, ਟੀਂਡਾ, ਕਰੇਲਾ, ਭਿੰਡੀ, ਲੋਬੀਆ, ਤਰ, ਖੀਰਾ ਦੇ ਬੀਜ ਮੋਜੂਦ ਹਨ।
ਸਹਾਇਕ ਡਾਇਰੈਕਟਰ ਬਾਗਬਾਨੀ, ਮਾਨਸਾ, ਸ੍ਰੀ ਗੁਰਜੀਤ ਸਿੰਘ ਬੱਲ ਨੇ ਦੱਸਿਆ ਕਿ ਸਾਡੇ ਕੋਲ ਸਾਰੇ ਸੋਮੇ ਮੌਜੂਦ ਹੋਣ ਦੇ ਬਾਵਜੂਦ ਵੀ ਸਾਡੇ ਵਿਚ ਸੰਤੁਲਿਤ ਖੁਰਾਕ ਆਪ ਪੈਦਾ ਕਰਨ ਦੀ ਘਾਟ ਪਾਈ ਜਾਂਦੀ ਹੈ, ਜਿਸ ਦੀ ਪੂਰਤੀ ਆਪਣੀ ਘਰੇਲੂ ਬਗੀਚੀ ਵਿਚ ਕੀਤੀ ਜਾ ਸਕਦੀ ਹੈ। ਸਾਰਾ ਸਾਲ ਘਰਾਂ ਵਿਚ ਰੋਜ਼ਾਨਾ ਖ਼ਪਤ ਲਈ ਵਰਤੀਆਂ ਜਾਣ ਵਾਲੀਆਂ ਸਬਜ਼ੀਆਂ ਨੂੰ ਘਰਾਂ/ਟਿਊਬਵੈਲਾਂ ਤੇ ਸੁਚੱਜੇ ਢੰਗ ਨਾਲ ਪੈਦਾ ਕਰਨ ਨੂੰ ਹੀ ਘਰੇਲੂ ਬਗੀਚੀ ਕਿਹਾ ਜਾਂਦਾ ਹੈ। ਘਰੇਲੂ ਬਗੀਚੀ ਵਿਚ ਤਿਆਰ ਕੀਤੀ ਉਪਜ ਨਾ ਸਿਰਫ ਤਾਜ਼ੀ ਹੋਵੇਗੀ, ਸਗੋਂ ਹਾਨੀਕਾਰਕ ਕੀੜੇਮਾਰ ਦਵਾਈਆਂ ਤੋਂ ਮੁਕਤ ਹੋਵੇਗੀ ਅਤੇ ਪੈਦਾ ਕਰਨ ਵਾਲੇ ਦਾ ਅੰਦਾਜ਼ਨ ਸਾਲਾਨਾ 5000/— ਰੂਪੈ ਪ੍ਰਤੀ ਜੀਅ ਖਰਚਾ ਵੀ ਬਚੇਗਾ।
ਉਨ੍ਹਾਂ ਕਿਹਾ ਕਿ ਹਰ ਵਿਅਕਤੀ ਨੂੰ ਪ੍ਰਤੀ ਦਿਨ 300 ਗਰਾਮ ਸਬਜ਼ੀਆਂ ਦੀ ਵਰਤੋਂ ਕਰਨੀ ਚਾਹੀਦੀ ਹੈ, ਜੋ ਸਾਡੇ ਰੋਜ਼ਾਨਾ ਦੇ ਲੋੜੀਂਦੇ ਤੱਤਾਂ ਦੀ ਪੂਰਤੀ ਕਰਦੀ ਹੈ। ਉਨ੍ਹਾਂ ਦੱਸਿਆ ਕਿ ਸਬਜ਼ੀਆਂ ਤੋਂ ਸਾਨੂੰ ਅਜਿਹੇ ਖ਼ੁਰਾਕੀ ਤੱਤ ਮਿਲਦੇ ਹਨ ਜੋ ਕਿ ਦੂਸਰੇ ਅਨਾਜਾਂ ਵਿਚ ਨਹੀਂ ਪਾਏ ਜਾਂਦੇ। ਸਬਜੀਆਂ ਵਿਟਾਮਿਨ ਏ ਅਤੇ ਸੀ ਦਾ ਸਭ ਤੋਂ ਉੱਤਮ ਕੁਦਰਤੀ ਸੋਮਾ ਹਨ ਅਤੇ ਵਿਟਾਮਿਨ ਬੀ ਅਤੇ ਬੀ—2 ਵੀ ਸਬਜ਼ੀਆਂ ਵਿਚ ਕਾਫੀ ਮਾਤਰਾ ਵਿਚ ਮਿਲਦੇ ਹਨ। ਇੰਨ੍ਹਾਂ ਵਿਚ ਖਣਿਜ ਪਦਾਰਥ ਜਿਵੇਂ ਕਿ ਕੈਲਸ਼ੀਅਮ, ਲੋਹਾ ਅਤੇ ਫਾਸਫੋਰਸ ਕਾਫੀ ਮਾਤਰਾ ਵਿਚ ਹੁੰਦਾ ਹੈ। ਸਬਜੀਆਂ ਦੇ ਸੇਵਨ ਤੋਂ ਸਾਨੂੰ ਪ੍ਰੋਟੀਨ, ਕਾਰਬੋਹਾਈਡਰੇਟਸ ਅਤੇ ਸੈਲੂਲੋਜ ਵੀ ਮਿਲਦੇ ਹਨ ਜਿੰਨ੍ਹਾਂ ਦੀ ਵਰਤੋਂ ਨਾਲ ਸਾਡੀ ਪਾਚਨ ਸ਼ਕਤੀ ਵੱਧਦੀ ਹੈ। ਇਨ੍ਹਾਂ ਵਿਚ ਐਂਟੀਆਕਸੀਡੈਂਟਸ, ਫਾਈਟੋਕੈਮੀਕਲਜ ਅਤੇ ਕਈ ਹੋਰ ਕੀਮਤੀ ਪਦਾਰਥ ਵੀ ਪਾਏ ਜਾਂਦੇ ਹਨ ਜੋ ਕਿ ਸਾਨੂੰ ਨਿਰੋਗ ਰੱਖਣ ਵਿਚ ਮਦਦ ਕਰਦੇ ਹਨ।
ਬਾਗਬਾਨੀ ਵਿਕਾਸ ਅਫ਼ਸਰ, ਸ੍ਰੀ ਪਰਮੇਸ਼ਰ ਕੁਮਾਰ ਨੇ ਦੱਸਿਆ ਕਿ ਵਿਭਾਗ ਵੱਲੋਂ ਜ਼ਿਲ੍ਹਾ ਮਾਨਸਾ ਲਈ 1400 ਬੀਜ ਕਿੱਟਾਂ ਜਾਰੀ ਕੀਤੀਆਂ ਗਈਆਂ ਹਨ। ਇਸ ਕਿੱਟ ਦੀ ਕੀਮਤ ਸਿਰਫ 80 Wਪਏ ਹੈ, ਜੋ ਕਿ ਦਫ਼ਤਰੀ ਕੰਮਕਾਜ ਵਾਲੇ ਦਿਨ ਦਫ਼ਤਰ ਸਹਾਇਕ ਡਾਇਰੈਕਟਰ ਬਾਗਬਾਨੀ, ਮਾਨਸਾ, ਬਾਗਬਾਨੀ ਵਿਕਾਸ ਅਫ਼ਸਰ, ਸਰਦੂਲਗੜ੍ਹ ਅਤੇ ਬੁਢਲਾਡਾ ਦੇ ਦਫ਼ਤਰ ਤੋਂ ਪ੍ਰਾਪਤ ਕੀਤੀਆਂ ਜਾ ਸਕਦੀਆਂ ਹਨ।






