ਡਾ ਬਲਰਾਜ ਬੈਂਸ ਡਾ ਕਰਮਜੀਤ ਕੌਰ ਬੈਂਸ

ਕੋਧਰੇ ਦਾ ਸੂਪ ਬਹੁਤ ਪੌਸ਼ਟਿਕ ਹੁੰਦਾ ਹੈ। ਇਸ ਦਾ ਕੜਾਹ,ਖੀਰ, ਦਲੀਆ, ਖਿਚੜੀ,ਪੁਲਾਉ ਜਾਂ ਸੂਪ ਬਣਾਉਣਾ ਵੀ ਸੌਖਾ ਹੁੰਦਾ ਹੈ ਤੇ ਇਸਨੂੰ ਹਜ਼ਮ ਕਰਨਾ ਵੀ ਸੌਖਾ ਹੁੰਦਾ ਹੈ।
ਇਹ ਬੱਚਿਆਂ, ਬਜ਼ੁਰਗਾਂ, ਨੌਜਵਾਨਾਂ ਸਭ ਲਈ ਫਾਇਦੇਮੰਦ ਹੁੰਦਾ ਹੈ। ਬੱਚਿਆਂ ਦਾ ਵਾਧਾ ਵਿਕਾਸ, ਨੌਜਵਾਨਾਂ ਦੇ ਮਸਲ ਬਣਾਉਣ ਅਤੇ ਬਜ਼ੁਰਗਾਂ ਦੀ ਕਬਜ਼ ਹਟਾਉਣ ਅਤੇ ਪਾਚਣ ਪ੍ਰਣਾਲੀ ਸਹੀ ਰੱਖਣ ਚ ਮਦਦ ਕਰਦਾ ਹੈ। ਉਂਜ ਪੈਂਤੀ ਚਾਲੀ ਸਾਲ ਦੀਆਂ ਔਰਤਾਂ ਲਈ ਖਾਸ ਕਰਕੇ ਬਹੁਤ ਲਾਭਦਾਇਕ ਹੁੰਦਾ ਹੈ।
ਜੇ ਕੋਈ ਇਸ ਉਮਰ ਦੀ ਔਰਤ ਕੋਧਰੇ ਦਾ ਸੂਪ ਬਣਾ ਕੇ ਇਕ ਵਾਰ ਰੋਜ਼ਾਨਾ ਪੀਂਦੀ ਹੈ ਤਾਂ ਉਹਨੂੰ ਮੈਟਾਬੌਲਿਕ ਡਿਸੀਜ਼ਜ਼ ਨਹੀਂ ਬਣਨਗੀਆਂ ਜੋ ਕਿ ਔਰਤਾਂ ਨੂੰ ਇਸ ਉਮਰ ਤੋਂ ਸ਼ੁਰੂ ਹੋ ਹੀ ਜਾਂਦੀਆਂ ਹਨ।
ਇਸ ਉਮਰ ਦੀਆਂ ਔਰਤਾਂ ਨੂੰਦਿਲ ਸੰਬੰਧੀ ਨੁਕਸ, ਬੀਪੀ ਵਧਣਾ ਘਟਣਾ, ਕੋਲੈਸਟਰੋਲ ਵਧਣਾ ਆਦਿ ਨੁਕਸ ਬਣ ਸਕਦੇ ਹੁੰਦੇ ਹਨ। ਨਤੀਜੇ ਵਜੋਂ ਨੀਂਦ ਘਟਣੀ, ਯਾਦਾਸ਼ਤ ਘਟਣੀ, ਚਮੜੀ ਖੁਸ਼ਕ ਹੋਣੀ, ਸ਼ਾਮ ਨੂੰ ਲੱਤਾਂ ਦਰਦ, ਕੜੱਲਾਂ,ਧੌਣ ਨੂੰ ਖਿੱਚ ਪੈਣੀ, ਬੇਚੈਨੀ ਮਹਿਸੂਸ ਹੋਣੀ, ਬਿਨਾਂ ਵਜ੍ਹਾ ਤਣਾਉ ਮਹਿਸੂਸ ਕਰਨਾ, ਪਰਹੇਜ਼ ਦੇ ਬਾਵਜੂਦ ਪੇਟ ਵਧਣਾ, ਪੇਟ ਖੁੱਲ੍ਹ ਕੇ ਸਾਫ਼ ਨਾਂ ਹੋਣਾ ਆਦਿ ਤਕਲੀਫਾਂ ਮਹਿਸੂਸ ਹੁੰਦੀਆਂ ਹਨ।
ਅੱਧੀ ਕੌਲੀ ਕੋਧਰਾ ਚਾਰ ਗੁਣਾ ਪਾਣੀ ਪਾ ਕੇ ਰਾਤ ਭਰ ਭਿਉਂ ਦਿਓ। ਅਗਲੇ ਦਿਨ ਪਾਣੀ ਡੋਲ੍ਹ ਕੇ ਨਵਾਂ ਪਾਣੀ ਪਾ ਕੇ ਕਿਸੇ ਸਟੀਲ ਦੇ ਭਾਰੇ ਤਲੇ ਵਾਲੇ ਭਾਂਡੇ ਵਿੱਚ ਉਬਲਣਾ ਰੱਖ ਦਿਉ। ਥੋੜ੍ਹੀ ਜਿਹੀ ਕਾਲੀ ਮਿਰਚ, ਦੇਸੀ ਲੂਣ, ਅਜਵੈਣ, ਜੀਰਾ, ਸੁੰਢ, ਲਸਣ ਅਤੇ ਗੰਢਾ ਪਾ ਕੇ ਚਟਣੀ ਬਣਾ ਕੇ ਅਤੇ ਚੰਗੀ ਤਰ੍ਹਾਂ ਪੀਸਕੇ ਇਸ ਵਿੱਚ ਪਾਉ।
ਚੰਗੀ ਤਰ੍ਹਾਂ ਪੱਕ ਕੇ ਤਿਆਰ ਹੋਏ ਸੂਪ ਨੂੰ ਰੋਜ਼ਾਨਾ ਇੱਕ ਵਾਰ ਚਾਹ ਕੌਫ਼ੀ ਦੁੱਧ ਦੀ ਜਗ੍ਹਾ ਸਵੇਰੇ ਜਾਂ ਦੁਪਹਿਰੇ ਪੀਤਾ ਜਾ ਸਕਦਾ ਹੈ। ਇਹ ਸੰਘਣਾ ਪੀਣ ਦੀ ਬਜਾਏ ਪਤਲਾ ਪੀਣਾ ਚਾਹੀਦਾ ਹੈ। ਇਹ ਬਹੁਤਾ ਠੰਢਾ ਜਾਂ ਬਹੁਤਾ ਗਰਮ ਗਰਮ ਵੀ ਨਹੀਂ ਪੀਣਾ ਚਾਹੀਦਾ। ਇਸ ਵਿੱਚ ਲੂਣ ਜਾਂ ਹੋਰ ਮਸਾਲੇ ਵੀ ਜ਼ਿਆਦਾ ਨਹੀਂ ਪਾਉਣੇ ਚਾਹੀਦੇ।
ਡਾ ਬਲਰਾਜ ਬੈਂਸ ਡਾ ਕਰਮਜੀਤ ਕੌਰ ਬੈਂਸ
ਬੈਂਸ ਹੈਲਥ ਸੈਂਟਰ ਮੋਗਾ
9463038229,9465412596






