ਬਤੌਰ ਡਿਪਟੀ ਕਮਿਸ਼ਨਰ ਵਜੋਂ ਅਹੁੱਦਾ ਸੰਭਾਲਣ ਦੇ ਅਗਲੇ ਹੀ ਦਿਨ ਆਈ ਏ ਐਸ ਗੁਰਪ੍ਰੀਤ ਸਿੰਘ ਖਹਿਰਾ ਨੇ ਅੱਜ ਕਣਕ ਦੀ ਖਰੀਦ ਸਬੰਧੀ ਜ਼ਮੀਨੀ ਹਕੀਕਤ ਤੋਂ ਰੁਬਰੂ ਹੋਣ ਲਈ ਜਿਲ੍ਹੇ ਦੀਆਂ ਵੱਖ ਵੱਖ ਅਨਾਜ ਮੰਡੀਆਂ ਦਾ ਦੌਰਾ ਕੀਤਾ, ਡਿਪਟੀ ਕਮਿਸ਼ਨਰ ਨੇ ਸੱਭ ਤੋਂ ਪਹਿਲਾਂ ਮੁਕਤਸਰ ਦੀ ਅਨਾਜ ਮੰਡੀ ਦਾ ਦੌਰਾ ਕੀਤਾ ਜਿਥੇ ਉਨ੍ਹਾਂ ਕਿਸਾਨਾ ਆੜਤੀਆਂ, ਖਰੀਦ ਅਜੰਸੀਆਂ ਅਤੇ ਡੀ ਐਮ ਓ ਨਾਲ ਮੌਕੇ ਤੇ ਹੀ ਹੋਣ ਵਾਲੇ ਮਸਲੇ ਅਤੇ ਮੁਸ਼ਕਿਲਾਂ ਦਾ ਹੱਲ ਕੀਤਾ।
ਉਹਨਾਂ ਦੱਸਿਆ ਕਿ ਜਿਵੇਂ ਜਿਵੇਂ ਕਣਕ ਦੀ ਆਮਦ ਮੰਡੀਆਂ ਵਿਚ ਵਧੇਗੀ ਉਸ ਨਾਲ ਮੰਡੀਆਂ ਵਿਚ ਲੱਗੀਆਂ ਢੇਰੀਆਂ ਵੀ ਕਈ ਗੁਣਾ ਵੱਧ ਜਾਣਗੀਆਂ ਅਤੇ ਇਸ ਦੇ ਮੱਦੇਨਜ਼ਰ ਉਹਨਾਂ ਅਧਕਾਰੀਆਂ ਨੂੰ ਹਦਾਇਤ ਕੀਤੀ ਕੀ ਕਿਸੇ ਵੀ ਹਾਲਤ ਵਿਚ ਕਣਕ ਦੀ ਆਮਦ ਅਤੇ ਖਰੀਦ ਵਿਚ 24 ਘੰਟੇ ਤੋਂ ਵੱਧ ਦਾ ਵਖਵਾ ਨਾ ਪਵੇ। ਮੁਕਤਸਰ ਦੀ ਮੰਡੀ ਵਿਖੇ ਉਹਨਾਂ ਤੋਲ ਅਤੇ ਵੱਟੇ ਦਾ ਨਰਿਖਣ ਕੀਤਾ ਅਤੇ ਆੜਤੀਆਂ ਨੂੰ ਕਿਹਾ ਕਿ ਜਿਥੇ ਵੀ ਮਜਦੂਰਾਂ ਦੀ ਕਮੀ ਆ ਰਹੀ ਹੈ ਉਸ ਨੂੰ ਜਲਦ ਪੂਰਾ ਕਰਕੇ ਕਣਕ ਦੀ ਖਰੀਦ ਵਿਚ ਤੇਜੀ ਲਿਆਂਦੀ ਜਾਵੇ।
ਉਹਨਾ ਹਦਾਇਤ ਕੀਤੀ ਕਿ ਇਸ ਸਬੰਧੀ ਪਹਿਲਾਂ ਤੋਂ ਹੀ ਪ੍ਰਬੰਧ ਮੁਕੰਮਲ ਕਰ ਲਏ ਜਾਣ ਤਾਂ ਜ਼ੋ ਕਿਸਾਨਾਂ ਨੂੰ ਗਰਮੀ ਵਿਚ ਖੱਜਲ ਖੁਆਰੀ ਦਾ ਸਾਹਮਣਾ ਨਾ ਕਰਨਾ ਪਵੇ। ਮੰਡੀਆਂ ਦੇ ਦੌਰੇ ਦੌਰਾਨ ਡਿਪਟੀ ਕਮਿਸ਼ਨਰ ਨੇ ਜਿਲ੍ਹਾ ਮੰਡੀ ਅਫਸਰ ਨੂੰ ਇਸ ਗੱਲ ਨੂੰ ਵੀ ਯਕੀਨੀ ਬਣਾਉਣ ਲਈ ਕਿਹਾ ਕਿ ਵੱਧ ਰਹੇ ਤਾਪਮਾਨ ਕਾਰਣ ਕਿਸੇ ਵੀ ਕਿਸਾਨ ਜਾਂ ਮਜ਼ਦੂਰ ਨੂੰ ਪੀਣ ਵਾਲੇ ਪਾਣੀ ਦੀ ਕਿਲਤ ਮਹਿਸੂਸ਼ ਨਾ ਹੋਵੇ।
ਉਹਨਾਂ ਯਕੀਨ ਦੁਆਇਆ ਕਿ ਜਿਲ੍ਹਾ ਪ੍ਰਸ਼ਾਸ਼ਨ ਹਰ ਹਿਲੇ ਹਾੜੀ (ਰੱਬੀ) ਦੀ ਇਸ ਫਸਲ ਨੂੰ ਸੁਚੱਜੇ ਢੰਗ ਨਾਲ ਅਤੇ ਬਿਨਾ ਕਿਸੇ ਰੁਕਾਵਟ ਦੇ ਕਰਵਾਉਣ ਲਈ ਵਚਨਬੱਧ ਹੈ।ਇਸ ਤੋਂ ਉਪਰੰਤ ਉਹਨਾਂ ਅਨਾਜ ਮੰਡੀ ਦੋਦਾ, ਬੁੱਟਰ ਸਰੀਂਹ ਅਤੇ ਭਲਾਈਆਣਾ ਦਾ ਵੀ ਅਚਨਚੇਤੀ ਦੌਰਾ ਕੀਤਾ ਅਤੇ ਖਰੀਦ ਪ੍ਰਬੰਧਾਂ ਦਾ ਜਾਇਜ਼ਾ ਲਿਆ।
ਉਨ੍ਹਾਂ ਖਰੀਦ ਏਜੰਸੀਆਂ ਨੂੰ ਇਹ ਵੀ ਹਦਾਇਤ ਕੀਤੀ ਕਿ ਕਣਕ ਦੀ ਫਸਲ ਨਿਰਧਾਰਤ ਅਨਾਜ ਮੰਡੀਆਂ ਵਿਚੋਂ ਹੀ ਖਰੀਦੀ ਜਾਵੇ ਅਤੇ ਕਿਸੇ ਵੀ ਪ੍ਰਾਇਵੇਟ ਵਿਆਕਤੀ ਨੇ ਕਣਕ ਦੀ ਖਰੀਦ ਕਰਨੀ ਹੈ, ਉਹ ਅਨਾਜ ਮੰਡੀਆਂ ਵਿਚੋਂ ਹੀ ਖਰੀਦੇਗਾ ਤਾਂ ਜੋ ਮਾਰਕਿਟ ਕਮੇਟੀ ਦੀ ਚੋਰੀ ਨੂੰ ਰੋਕਿਆ ਜਾ ਸਕੇ।
ਇਸ ਮੌਕੇ ਸ੍ਰੀਮਤੀ ਸਵਰਨਜੀਤ ਕੌਰ ਐਸ ਡੀ ਐਮ ਸ੍ਰੀ ਮੁਕਤਸਰ ਸਾਹਿਬ, ਹਿਮਾਂਸ਼ੂ ਕੁੱਕੜ ਡੀ.ਐਫ.ਐਸ.ਸੀ, ਸੋਰਵ ਗਰਗ ਜਿਲ੍ਹਾ ਮੰਡੀ ਅਫਸਰ, ਗੁਰਦੀਪ ਸਿੰਘ ਮਾਨ ਜਿਲ੍ਹਾ ਲੋਕ ਸੰਪਰਕ ਅਫਸਰ ਵੀ ਮੌਜੂਦ ਸਨ।






