ਕਪੂਰਥਲਾ : ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੱਛਮੀ ਤੋਂ ਆਮ ਆਦਮੀ ਪਾਰਟੀ (AAP) ਦੇ ਵਿਧਾਇਕ ਡਾ. ਜਸਵੀਰ ਸਿੰਘ (Dr. Jasbir Singh) ਬੁੱਧਵਾਰ ਨੂੰ ਢਿੱਲਵਾਂ ਨੇੜੇ ਵਾਪਰੇ ਸੜਕ ਹਾਦਸੇ ਦੌਰਾਨ ਉਸ ਸਮੇਂ ਵਾਲ ਵਾਲ ਬੱਚ ਗਏ ਜਦੋਂ ਉਨ੍ਹਾਂ ਦੀ ਨਿੱਜੀ ਗੱਡੀ ਹਾਦਸਾਗ੍ਰਸਤ ਹੋ ਗਈ।

ਘਟਨਾ ਸਥਾਨ ਤੋਂ ਇਕੱਤਰ ਕੀਤੀ ਜਾਣਕਾਰੀ ਅਨੁਸਾਰ ਵਿਧਾਇਕ ਡਾ. ਜਸਵੀਰ ਸਿੰਘ ਆਪਣੀ ਨਿੱਜੀ ਕਾਰ ਪੀਬੀ ਜੀਰੋ 2 ਡੀ ਜ਼ੈੱਡ 0300 ‘ਤੇ ਜਲੰਧਰ ਤੋਂ ਅੰਮ੍ਰਿਤਸਰ ਜਾ ਰਹੇ ਸਨ। ਜਿਵੇਂ ਹੀ ਉਹ ਢਿੱਲਵਾਂ ਬੱਸ ਅੱਡੇ ਨੇੜੇ ਪਹੁੰਚੇ, ਉਨ੍ਹਾਂ ਦੀ ਗੱਡੀ ਨੇ ਅੱਗੇ ਜਾ ਰਹੀ ਆਈ 20 ਕਾਰ ਨੂੰ ਪਿੱਛਿਓਂ ਟੱਕਰ ਮਾਰੀ ਦਿੱਤੀ। ਘਟਨਾ ਸਥਾਨ ‘ਤੇ ਮੌਜੂਦ ਲੋਕਾਂ ਦਾ ਕਹਿਣਾ ਹੈ ਕਿ ਗੱਡੀ ਦੀ ਸਪੀਡ ਬਹੁਤ ਜ਼ਿਆਦਾ ਸੀ ਜਿਸ ਕਾਰਨ ਬੇਕਾਬੂ ਹੋ ਕੇ ਪਹਿਲਾਂ ਫੁੱਟਪਾਥ ਨਾਲ ਟਕਰਾਈ ਤੇ ਫਿਰ ਟਾਇਰ ਫਟ ਜਾਣ ਕਾਰਨ ਗੱਡੀ ਕਰੀਬ 200 ਫੁੱਟ ਅੱਗੇ ਜਾ ਕੇ ਸੜਕ ਕਿਨਾਰੇ ਖੜ੍ਹੀ ਇਕ ਜ਼ੈੱਨ ਕਾਰ ਤੇ ਟਰੈਕਟਰ-ਟਰਾਲੀ ‘ਚ ਜਾ ਵੱਜੀ। ਹਾਦਸਾ ਏਨਾ ਭਿਆਨਕ ਸੀ ਕਿ ਦੋਵੇਂ ਕਾਰਾ ਦੇ ਪਰਖੱਚੇ ਉੱਡ ਗਏ ਪਰ ਗਣੀਮਤ ਇਹ ਰਹੀ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਵਿਧਾਇਕ ਸਮੇਤ ਸਾਰੇ ਸਵਾਰ ਵਾਲ-ਵਾਲ ਬੱਚ ਗਏ ਹਨ। ਆਈ 20 ਕਾਰ ਸਵਾਰਾਂ ਦਾ ਕਹਿਣਾ ਸੀ ਕਿ ਸਾਡੀ ਗੱਡੀ ਪੂਰੀ ਤਰ੍ਹਾਂ ਕੰਡਮ ਹੋ ਚੁੱਕੀ ਹੈ ਪਰ ਵਿਧਾਇਕ ਵੱਲੋਂ ਉਨ੍ਹਾਂ ਨਾਲ ਕਿਸੇ ਕਿਸਮ ਦੀ ਕੋਈ ਹਮਦਰਦੀ ਜਾ ਮੁਆਵਜ਼ੇ ਦੀ ਗੱਲ ਨਹੀਂ ਕੀਤੀ ਗਈ। ਵਿਧਾਇਕ ਸਹਿਬ ਵਲੋਂ ਗੱਡੀ ‘ਚੋਂ ਉਤਰਦੇ ਸਾਰ ਪਹਿਲਾਂ ਕਾਰ ਦੀਆਂ ਨੰਬਰ ਪਲੇਟਾਂ ਨੂੰ ਉਤਾਰਿਆ ਜਾਂਦਾ ਹੈ ਤੇ ਗੱਡੀ ਦੀ ਪਛਾਣ ਛੁਪਾਉਣ ਦੀ ਕੋਸ਼ਿਸ਼ ਗਈ। ਘਟਨਾ ਸਥਾਨ ‘ਤੇ ਪਹੁੰਚੇ ਪੁਲਿਸ ਥਾਣਾ ਢਿੱਲਵਾਂ ਮੁਖੀ ਸੁਖਦੇਵ ਸਿੰਘ ਵਲੋਂ ਮਾਮੂਲੀ ਜ਼ਖ਼ਮੀਆਂ ਨੂੰ ਮੱਲ੍ਹਮ ਪੱਟੀ ਕਰਵਾਉਣ ਉਪਰੰਤ ਹਾਦਸਾਗ੍ਰਸਤ ਗੱਡੀਆਂ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਅਗਲੀ ਕਾਰਵਾਈ ਅਰੰਭ ਕਰ ਦਿੱਤੀ ਹੈ। ਹੁਣ ਦੇਖਣਾ ਹੋਵੇਗਾ ਕਿ ਪੀੜਤਾਂ ਨੂੰ ਕੀ ਇਨਸਾਫ਼ ਦਿੱਤਾ ਜਾਂਦਾ ਹੈ।





