ਚੰਡੀਗੜ੍ਹ/ਸੰਗਰੂਰ: Punjab Election 2022: ਆਮ ਆਦਮੀ ਪਾਰਟੀ (Aam Aadmi Party) ਪੰਜਾਬ ਦੇ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਭਗਵੰਤ ਮਾਨ (Bhagwant Mann) ਨੇ ਬੁੱਧਵਾਰ ਨੂੰ ਆਪਣੇ ਵਿਧਾਨ ਸਭਾ ਹਲਕੇ ਧੂਰੀ (Dhuri Assembly) ਵਿੱਚ ਡੋਰ-ਟੂ-ਡੋਰ ਚੋਣ ਪ੍ਰਚਾਰ ਕੀਤਾ। ਚੋਣ ਕਮਿਸ਼ਨ ਦੇ ਕੋਵਿਡ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਦਿਆਂ AAP ਆਗੂ ਮਾਨ ਨੇ ਘਰ-ਘਰ ਜਾ ਕੇ ਲੋਕਾਂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਸੁਣੀਆਂ। ਧੂਰੀ ਦੇ ਲੋਕ ਮਾਨ ਨੂੰ ਦੇਖਣ ਲਈ ਕਾਫੀ ਉਤਸ਼ਾਹਿਤ ਨਜ਼ਰ ਆਏ। ਥਾਂ-ਥਾਂ ਲੋਕਾਂ ਨੇ ਮਾਨ ਦਾ ਫੁੱਲਾਂ ਦੀ ਵਰਖਾ ਕਰਕੇ ਅਤੇ ਹਾਰ ਪਾ ਕੇ ਸਵਾਗਤ ਕੀਤਾ ਅਤੇ ਉਨ੍ਹਾਂ ਦੀ ਜਿੱਤ ਲਈ ਆਪਣੀਆਂ ਸ਼ੁਭਕਾਮਨਾਵਾਂ ਦਿੱਤੀਆਂ।

ਬੁੱਧਵਾਰ ਨੂੰ ਭਗਵੰਤ ਮਾਨ ਨੇ ਆਪਣੇ ਤੈਅ ਪ੍ਰੋਗਰਾਮ ਅਨੁਸਾਰ ਧੂਰੀ ਵਿਧਾਨ ਸਭਾ ਹਲਕੇ ਦੇ ਵੱਖ-ਵੱਖ ਪਿੰਡਾਂ ਰੁੜਗੜ੍ਹ, ਈਸਾਪੁਰ ਲੰਡਾ, ਫਰਵਾਹੀ, ਕਲੇਰਾਂ, ਚਾਂਗਲੀ, ਕਾਤਰੋਂ, ਘਨੌਰੀ ਕਲਾਂ, ਘਨੌਰ ਕਲਾਂ, ਘਨੌਰ ਖੁਰਦ, ਬਮਾਲ ਅਤੇ ਧੂਰੀ ਸ਼ਹਿਰ ਦਾ ਦੌਰਾ ਕੀਤਾ ਅਤੇ ਇਲਾਕੇ ਦੇ ਲੋਕਾਂ ਨਾਲ ਗੱਲਬਾਤ ਕੀਤੀ। ਮਾਨ ਨੇ ਲੋਕਾਂ ਨੂੰ ਆਮ ਆਦਮੀ ਪਾਰਟੀ ਦਾ ਸਾਥ ਦੇਣ ਦੀ ਅਪੀਲ ਕਰਦਿਆਂ ਕਿਹਾ ਕਿ 20 ਫਰਵਰੀ ਤੱਕ ਸਾਡੀ ਜ਼ਿੰਮੇਵਾਰੀ ਤੁਹਾਡੀ ਹੈ, ਉਸ ਤੋਂ ਬਾਅਦ ਤੁਹਾਡੀ ਸਾਰੀ ਜ਼ਿੰਮੇਵਾਰੀ ਸਾਡੀ ਹੋਵੇਗੀਮਾਨ ਨੇ ਕਿਹਾ ਕਿ ਸਾਡੀ ਲੜਾਈ ਪਰਿਵਾਰ ਅਤੇ ਕੁਰਸੀ ਬਚਾਉਣ ਦੀ ਨਹੀਂ ਹੈ। ਸਾਡੀ ਲੜਾਈ ਪੰਜਾਬ ਨੂੰ ਬਚਾਉਣ ਦੀ ਹੈ। ਪੰਜਾਬ ਦੇ ਨੌਜਵਾਨਾਂ ਦਾ ਭਵਿੱਖ ਬਚਾਉਣ ਦੀ ਹੈ। ਕਿਸਾਨਾਂ ਅਤੇ ਖੇਤੀ ਨੂੰ ਬਚਾਉਣ ਦੀ ਹੈ। ਪੰਜਾਬ ਦੇ ਉਦਯੋਗ ਅਤੇ ਕਾਰੋਬਾਰ ਨੂੰ ਬਚਾਉਣਾ ਦੀ ਹੈ। ਅਸੀਂ ਪੰਜਾਬ ਦੀ ਕਿਸਾਨੀ ਅਤੇ ਜਵਾਨੀ ਦੋਵਾਂ ਨੂੰ ਬਚਾਵਾਂਗੇ। ਰੁਜ਼ਗਾਰ ਅਤੇ ਉਚੇਰੀ ਸਿੱਖਿਆ ਦੀ ਘਾਟ ਕਾਰਨ ਵਿਦੇਸ਼ ਜਾਣ ਲਈ ਮਜ਼ਬੂਰ ਹੋ ਰਹੇ ਨੌਜਵਾਨਾਂ ਨੂੰ ਸਿੱਖਿਆ ਅਤੇ ਰੁਜ਼ਗਾਰ ਦੇ ਯੋਗ ਮੌਕੇ ਮੁਹੱਈਆ ਕਰਵਾ ਕੇ ਪੰਜਾਬ ਵਿੱਚੋਂ ਪੈਸੇ ਅਤੇ ਹੁਨਰ ਦੀ ਨਿਕਾਸੀ ਨੂੰ ਰੋਕਾਂਗੇ।ਮਾਨ ਨੇ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ‘ਤੇ ਹਮਲਾ ਬੋਲਦਿਆਂ ਕਿਹਾ ਕਿ ਜੋ ਵਿਅਕਤੀ ਆਪਣੀ ਮਾਂ ਦੀ ਸੇਵਾ ਨਹੀਂ ਕਰ ਸਕਦਾ, ਉਹ ਪੰਜਾਬ ਦੇ ਲੋਕਾਂ ਦੀ ਕੀ ਸੇਵਾ ਕਰੇਗਾ। ਇਹ ਆਪਣੀ ਮਾਂ ਨੂੰ ਸਤਾਉਣ ਦਾ ਹੀ ਨਤੀਜਾ ਹੈ ਕਿ ਅੱਜ ਸਿੱਧੂ ਦੀ ਰਾਜਨੀਤੀ ਜ਼ੀਰੋ ਹੋ ਗਈ ਹੈ। ਮਾਨ ਨੇ ਅਕਾਲੀ ਦਲ ਅਤੇ ਪ੍ਰਕਾਸ਼ ਸਿੰਘ ਬਾਦਲ ‘ਤੇ ਵੀ ਨਿਸ਼ਾਨਾ ਸਾਧਿਆ। ਉਨ੍ਹਾਂ ਕਿਹਾ ਕਿ ਅਕਾਲੀ ਦਲ ‘ਖਾਲੀ ਦਲ’ ਹੈ। ਪ੍ਰਕਾਸ਼ ਸਿੰਘ ਬਾਦਲ ਪਿਛਲੇ ਤਿੰਨ ਵਾਰ ਲੋਕਾਂ ਤੋਂ ਇਹ ਕਹਿ ਕੇ ਵੋਟਾਂ ਮੰਗ ਰਹੇ ਹਨ ਕਿ ਇਹ ਉਨ੍ਹਾਂ ਦੀ ਆਖਰੀ ਚੋਣ ਹੈ। ਉਹ ਇਸ ਵਾਰ ਵੀ ਲੋਕਾਂ ਨੂੰ ਕਹਿ ਰਹੇ ਹਨ ਕਿ ਸੇਵਾ ਦਾ ਇੱਕ ਮੌਕਾ ਹੋਰ ਦਿਓ। ਅਸਲ ਵਿੱਚ ਉਨ੍ਹਾਂ ਦੀ ਉਮਰ ਹੁਣ ਸੇਵਾ ਕਰਨ ਦੀ ਨਹੀਂ, ਕਰਵਾਉਣ ਦੀ ਹੈ, ਪਰ ਸੱਤਾ ਦੇ ਲਾਲਚ ਵਿੱਚ ਉਹ 94 ਸਾਲ ਦੀ ਉਮਰ ਵਿੱਚ ਵੀ ਚੋਣ ਲੜ ਰਹੇ ਹਨ।
ਮਾਨ ਨੇ ਕਿਹਾ ਕਿ ਅੱਜ ਪੰਜਾਬ ਦੀ ਸੱਤਾ ‘ਤੇ ਕੁਝ ਸਿਆਸੀ ਪਰਿਵਾਰਾਂ ਦਾ ਕਬਜ਼ਾ ਹੈ। ਅਸੀਂ ਲੋਕਾਂ ਦੀ ਸੱਤਾ ਨੂੰ ਖਾਸ ਲੋਕਾਂ ਤੋਂ ਖੋਹ ਕੇ ਆਮ ਲੋਕਾਂ ਤੱਕ ਪਹੁੰਚਾਵਾਂਗੇ। ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਦੇ ਸਾਰੇ ਵਰਗਾਂ ਦੀ ਸਰਕਾਰ ਹੋਵੇਗੀ। ਨੌਜਵਾਨ, ਕਿਸਾਨ, ਵਪਾਰੀ-ਕਾਰੋਬਾਰੀ ਅਤੇ ਮੁਲਾਜ਼ਮਾਂ ਸਮੇਤ ਸਾਰੇ ਵਰਗਾਂ ਦੀਆਂ ਸਮੱਸਿਆਵਾਂ ਸੁਣੀਆਂ ਜਾਣਗੀਆਂ ਅਤੇ ਉਨ੍ਹਾਂ ਦਾ ਜਲਦੀ ਹੱਲ ਕੀਤਾ ਜਾਵੇਗਾ। ਮਾਨ ਨੇ ਲੋਕਾਂ ਨੂੰ ਪੰਜਾਬ ਅਤੇ ਪੰਜਾਬ ਦੇ ਨੌਜਵਾਨਾਂ ਅਤੇ ਬੱਚਿਆਂ ਦੀ ਤਕਦੀਰ ਬਦਲਣ ਲਈ ਆਮ ਆਦਮੀ ਪਾਰਟੀ ਦੇ ਚੋਣ ਨਿਸ਼ਾਨ ਝਾੜੂ ਦਾ ਬਟਨ ਦਬਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਜਿਸ ਤਰ੍ਹਾਂ ਅਸੀਂ ਸੰਗਰੂਰ ਦੇ ਸਾਂਸਦ ਹੁੰਦਿਆਂ ਸੰਸਦ ਵਿੱਚ ਹਮੇਸ਼ਾ ਪੰਜਾਬ ਦੀ ਆਵਾਜ਼ ਬੁਲੰਦ ਕੀਤੀ ਹੈ, ਉਸੀ ਤਰ੍ਹਾਂ ਮੁੱਖ ਮੰਤਰੀ ਬਣਨ ‘ਤੇ ਅਸੀਂ ਪੰਜਾਬ ਦੇ ਹਰ ਵਰਗ ਦੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਲਈ ਦਿਨ ਰਾਤ ਮਿਹਨਤ ਕਰਾਂਗੇ ਅਤੇ ਲੋਕਾਂ ਨੂੰ ਉਨ੍ਹਾਂ ਦਾ ਬਣਦਾ ਹੱਕ ਦਿਲਾਵਾਂਗੇ।




