ਗੁਰਦਾਸਪੁਰ : ਬੇਰੁਜ਼ਗਾਰੀ ਅੱਜ ਦੀ ਨੌਜਵਾਨ ਪੀੜ੍ਹੀ ਲਈ ਇੱਕ ਅਹਿਮ ਮਸਲਾ ਹੈ। ਗਰੀਬ ਘਰਾਂ ਦੇ ਨੌਜਵਾਨ ਸੋਚਦੇ ਹਨ ਕਿ ਜ਼ਿਆਦਾ ਪੜ੍ਹ ਲਿਖ ਕੇ ਉਹ ਚੰਗੀ ਨੌਕਰੀ ਅਤੇ ਰੁਤਬਾ ਹਾਸਲ ਕਰ ਲੈਣਗੇ ਪਰ ਉੱਚ ਵਿੱਦਿਆ ਹਾਸਲ ਕਰਨ ਤੋਂ ਬਾਅਦ ਵੀ ਪੈਸੇ ਪੱਖੋਂ ਮਾੜੇ ਘਰਾਂ ਦੇ ਨੌਜਵਾਨਾਂ ਨੂੰ ਨੌਕਰੀਆਂ ਲਈ ਥਾਂ-ਥਾਂ ਉੱਤੇ ਭਟਕਨਾ ਪੈਂਦਾ ਹੈ। ਇੱਥੇ ਘਰ-ਘਰ ਨੌਕਰੀ ਅਤੇ ਹੁਨਰ ਨੂੰ ਤਰਜੀਹ ਦੇਣ ਦੇ ਸਰਕਾਰਾਂ ਦੇ ਦਾਅਵੇ ਖੋਖਲੇ ਸਾਬਤ ਹੁੰਦੇ ਹਨ।ਥੱਕ-ਹਾਰ ਕੇ ਕੁੱਝ ਨੌਜਵਾਨ ਤਾਂ ਆਪਣੇ ਹੁਨਰ ਅਤੇ ਪੜ੍ਹਾਈ ਨੂੰ ਦਰਕਿਨਾਰ ਕਰਕੇ ਘਰ ਬੈਠ ਕੇ ਛੋਟਾ-ਮੋਟਾ ਕੰਮ ਧੰਧਾ ਹੀ ਆਪਣਾ ਹੀ ਕਰ ਲੈਣਾ ਚੰਗਾ ਸਮਝਦੇ ਹਨ। ਇੱਕ ਅਜਿਹੀ ਹੀ ਲੜਕੀ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਬਾਗੋਵਾਨਾਂ ਦੀ ਰਹਿਣ ਵਾਲੀ 25 ਸਾਲਾਂ ਮਨਪ੍ਰੀਤ ਕੌਰ ਵੀ ਹੈ ਜੋ ਐਮਐਸਸੀ ਕੰਪਿਊਟਰ ਸਾਇੰਸ ਕਰਨ ਤੋਂ ਬਾਅਦ ਵੀ ਖੇਤਾਂ ਵਿੱਚ ਝੋਨਾ ਲਾਉਣ ਅਤੇ ਲੋਕਾਂ ਦੇ ਘਰਾਂ ਵਿੱਚ ਵੱਖ-ਵੱਖ ਤਰ੍ਹਾਂ ਦਾ ਕੰਮ ਕਰਨ ਲਈ ਮਜਬੂਰ ਹੈ।ਮਨਪ੍ਰੀਤ ਦੱਸਦੀ ਹੈ ਕਿ ਉਹ ਚਾਰ ਭੈਣ ਭਰਾ ਸੀ। ਹੁਣ ਘਰ ਵਿੱਚ ਉਹ ਉਸ ਦੀ ਛੋਟੀ ਭੈਣ ਅਤੇ ਮਾਂ ਹੀ ਰਹਿੰਦੇ ਹਨ। ਮਾਂ ਪਰਮਜੀਤ ਕੌਰ ਦਾ ਸੁਪਨਾ ਸੀ ਕਿ ਉਸ ਦੇ ਬੱਚੇ ਪੜ੍ਹ-ਲਿਖ ਕੇ ਕਿਸੇ ਵੱਡੇ ਅਹੁਦੇ ਉੱਤੇ ਪਹੁੰਚ ਜਾਣ ਤਾਂ ਜੋ ਜਿਹੜੀ ਗਰੀਬੀ ਉਸ ਨੇ ਵੇਖੀ ਹੈ ਉਹ ਉਸ ਦੇ ਬੱਚਿਆਂ ਨੂੰ ਨਾ ਦੇਖਣੀ ਪਵੇ। ਵੱਡੀ ਭੈਣ ਗ੍ਰੈਜੂਏਟ ਹੈ ਅਤੇ ਉਸਨੇ ਕਈ ਭਰਤੀਆਂ ਵੇਖੀਆਂ ਪਰ ਅੱਵਲ ਰਹਿਣ ਦੇ ਬਾਵਜੂਦ ਪੈਸੇ ਪੱਖੋਂ ਗੱਲ ਸਿਰੇ ਨਹੀਂ ਸੀ ਚੜ੍ਹਦੀ। ਉਹ ਲਗਪਗ ਦੋ ਸਾਲ ਪਹਿਲਾਂ ਵਿਆਹੀ ਗਈ ਹੈ। ਭਰਾ ਵੀ ਭਰਤੀ ਦੀ ਤਿਆਰੀ ਕਰਦਾ ਸੀ ਪਰ ਕੁੱਝ ਸਾਲ ਪਹਿਲਾਂ (2015) ਦੌੜ ਲਾਉਂਦਿਆਂ ਹੀ ਉਸ ਨੂੰ ਅਟੈਕ ਆਇਆ ਅਤੇ ਉਸ ਦੀ ਮੌਤ ਹੋ ਗਈ।

ਡਿਗਰੀਆਂ ਹਾਸਲ ਕਰ ਕੇ ਵੀ ਨਾ ਮਿਲੀ ਨੌਕਰੀ ਤਾਂ ਲੜਕੀ ਲਾਉਣ ਲੱਗੀ ਮਾਂ ਨਾਲ ਝੋਨਾਪਿਤਾ ਨੇ ਇਸੇ ਦੁੱਖੋਂ ਮੰਜਾ ਫੜ ਲਿਆ ਅਤੇ ਹੌਲੀ-ਹੌਲੀ ਮੌਤ ਦੇ ਵੱਲ ਵਧਦੇ ਗਏ ਅਤੇ ਅਖੀਰ ਇੱਕ ਦਿਨ ਉਹ ਵੀ ਚੱਲ ਵਸੇ। ਮਾਂ ਨੇ ਫਿਰ ਵੀ ਲੋਕਾਂ ਦੇ ਘਰਾਂ ਵਿਚ ਕੰਮ ਕਰ-ਕਰ ਕੇ ਭੈਣਾਂ ਨੂੰ ਪੜ੍ਹਾਇਆ। ਉਸ ਨੇ ਪਹਿਲਾਂ ਬੀਐਸਸੀ ਕੀਤੀ ਤੇ ਹੁਣ MSC ਕੰਪਿਊਟਰ ਸਾਇੰਸ ਕੀਤੀ। ਪਟਵਾਰੀ ਅਤੇ ਹੋਰ ਕਈ ਟੈਸਟ ਦੇਣ ਦੇ ਬਾਵਜੂਦ ਗੱਲ ਨਹੀਂ ਬਣੀ, ਕਿਉਂਕਿ ਉਨ੍ਹਾਂ ਕੋਲ ਪੈਸਾ ਨਹੀਂ ਹੈ। ਨੌਕਰੀ ਲਈ ਵੀ ਜਗ੍ਹਾ-ਜਗ੍ਹਾ ਧੱਕੇ ਖਾਧੇ ਅਤੇ ਹੁਣ ਉਹ ਥੱਕ-ਹਾਰ ਕੇ ਆਪਣੀ ਮਾਂ ਨਾਲ ਹੀ ਲੋਕਾਂ ਦੇ ਘਰਾਂ ਵਿੱਚ ਕੰਮ ਕਰਨ ਅਤੇ ਖੇਤਾਂ ਵਿੱਚ ਝੋਨਾ ਲਾਉਣ ਲਈ ਮਜਬੂਰ ਹੋ ਗਈ ਹੈ।



