
ਮੋਗਾ 29 ਅਗਸਤ ( ਹੈੱਪੀ ਢੰਡ) ਹਰਿਆਣਾ ਸਰਕਾਰ ਵੱਲੋਂ ਕੱਲ ਕਰਨਾਲ ਜ਼ਿਲ੍ਹੇ ਵਿੱਚ ਕਿਸਾਨਾਂ ਉੱਤੇ ਕੀਤੇ ਅੰਨ੍ਹੇਵਾਹ ਲਾਠੀਚਾਰਜ ਦੇ ਵਿਰੋਧ ਵਿੱਚ ਅੱਜ ਇੱਥੇ ਮੁੱਖ ਚੌਂਕ ‘ਚ ਖੱਟਰ ਸਰਕਾਰ ਦਾ ਪੁਤਲਾ ਫੂਕਿਆ ਗਿਆ। ਇਸ ਮੌਕੇ ਗੱਲਬਾਤ ਕਰਦਿਆਂ ਕਿਸਾਨ ਆਗੂ ਬੂਟਾ ਸਿੰਘ ਤਖਾਣਵੱਧ, ਦਰਸ਼ਨ ਸਿੰਘ ਰੌਲੀ ਅਤੇ ਸੁਖਜਿੰਦਰ ਮਹੇਸਰੀ ਨੇ ਕਿਹਾ ਕਿ ਖੱਟਰ ਸਰਕਾਰ ਰੋਟੀ ਦੇਣ ਵਾਲੇ ਅੰਨਦਾਤਿਆਂ ਨੂੰ ਵੱਢਣਾ ਬੰਦ ਕਰੇ। ਭਾਜਪਾ ਸਰਕਾਰ ਅਦਾਨੀਆਂ ਅਬਾਨੀਆਂ ਅੱਗੇ ਪੂਛ ਹਿਲਾਉਣ ਦੀ ਥਾਂ, ਦੇਸ਼ ਦੇ ਵਿੱਚ ਅਨਾਜ਼ ਪੈਦਾ ਕਰਨ ਵਾਲਿਆਂ ਦਾ ਸਨਮਾਨ ਕਰੇ। ਕਿਸਾਨ ਆਗੂਆਂ ਨੇ ਕਿਹਾ ਜੇਕਰ ਭਾਜਪਾ ਸਰਕਾਰ ਬੇਸ਼ਰਮੀ ਦੀਆਂ ਸਭ ਹੱਦਾਂ ਟੱਪ ਕੇ ਕਾਰਪੋਰੇਟ ਘਰਾਣਿਆਂ ਦੀ ਦਲਾਲੀ ਖਾਤਰ ਕਿਸਾਨ ਅੰਦੋਲਨ ਨੂੰ ਦਬਾਉਣ ਦੀ ਕੋਸ਼ਿਸ਼ ਕਰੇਗੀ ਤਾਂ ਇਸਨੂੰ ਕਿਸੇ ਵੀ ਕੀਮਤ ਉੱਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਸਰਕਾਰ ਦੇਸ਼ ਦੇ ਮੁੱਠੀਭਰ ਲੁਟੇਰੇ ਘਰਾਣਿਆਂ ਨੂੰ ਦੇਸ਼ ਦੇ ਮਾਲਕ ਬਣਾ ਕੇ, ਲੋਕਾਂ ਨੂੰ ਗੁਲਾਮ ਬਣਾਉਣ ਲਈ ਕਾਲੇ ਕਾਨੂੰਨ ਲਾਗੂ ਕਰਨ ਦੀ ਜਿੱਦ ਕਰ ਰਹੀ ਹੈ। ਕਿਸਾਨ ਅੰਦੋਲਨ ਚਾਹੁੰਦਾ ਕਿ ਅਨਾਜ਼ ਗੁਦਾਮਾਂ ਵਿੱਚ ਕੈਦ ਹੋਣ ਦੀ ਬਜਾਏ, ਦੇਸ਼ ਦੇ ਲੋਕਾਂ ਦਾ ਢਿੱਡ ਭਰਦੇ ਰਹਿਣਾ ਚਾਹੀਦਾ। ਅੱਜ ਰੋਸ ਪ੍ਰਦਰਸ਼ਨ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਮੰਗ ਕੀਤੀ ਕਿ ਲਾਠੀਚਾਰਜ ਦੇ ਗੈਰਮਨੁੱਖੀ ਹੁਕਮ ਦੇਣ ਵਾਲਾ ਐੱਸ ਡੀ ਐੱਮ ਤੁਰੰਤ ਬਰਖ਼ਾਸਤ ਹੋਣਾ ਚਾਹੀਦਾ ਹੈ।
ਇਸ ਮੌਕੇ ਕਿਸਾਨਾਂ ਨੇ ਖੱਟਰ ਸਰਕਾਰ ਦਾ ਪੁਤਲਾ ਸਾੜ ਕੇ ਕਾਲੇ ਕਾਨੂੰਨ ਰੱਦ ਕਰਨ ਦੀ ਮੰਗ ਕੀਤੀ। ਉਹਨਾਂ ਇਹ ਵੀ ਕਿਹਾ ਕਿ ਸਰਕਾਰ ਦੀ ਹਰ ਤਰ੍ਹਾਂ ਦਹਿਸ਼ਤਗਰਦੀ ਦੇ ਬਾਵਜ਼ੂਦ ਕਿਸਾਨ ਅੰਦੋਲਨ ਜਾਰੀ ਰਹੇਗਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸਬਰਾਜ ਸਿੰਘ ਢੁੱਡੀਕੇ, ਕਰਮਵੀਰ ਕੌਰ ਬੱਧਣੀ, ਹਰਪ੍ਰੀਤ ਡਾਲਾ, ਵੀਰ ਸਿੰਘ ਬਹੋਨਾ, ਬੋਹੜ ਬੁੱਟਰ, ਪ੍ਰਗਟ ਸਿੰਘ ਮਹੇਸਰੀ, ਪਰਮਜੀਤ ਸਿੰਘ ਬਹੋਨਾ, ਤੇਜ ਸਿੰਘ ਮਹੇਸਰੀ, ਸੁਖਬੀਰ ਸਿੰਘ ਡਾਲਾ, ਕੁਲਦੀਪ ਸਿੰਘ ਕਪੂਰੇ, ਸਵਰਾਜ ਖੋਸਾ, ਜੱਗਾ ਕਪੂਰੇ, ਹਰਦੀਪ ਸਿੰਘ ਕਪੂਰੇ, ਪਰਮਜੀਤ ਸਿੰਘ ਪੰਮਾ, ਚਮਕੌਰ ਸਿੰਘ ਨੰਬਰਦਾਰ, ਹਰਪਾਲ ਪਾਲਾ, ਕਿਰਨਾ ਬਰਾੜ, ਲਖਵੀਰ ਰਾਜੂ ਅਤੇ ਸ਼ਮਸ਼ੇਰ ਮੱਟੂ ਆਦਿ ਹਾਜ਼ਰ ਸਨ।





