17.4 C
Chandigarh

TODAY NOW NEWS

Friday, March 20, 2026
Homeਅੰਤਰਰਾਸ਼ਟਰੀਮਾਨਸਾ ਦੀ ਹਰਪ੍ਰੀਤ ਕੌਰ ਨੇ ਅਸਟ੍ਰੇਲੀਅਨ ਯੂਨੀਵਰਸਿਟੀ ਤੋਂ ਅਕੈਡਮਿਕ ਐਕਸੀਲੈਂਸ ਐਵਾਰਡ ਹਾਸਿਲ...

ਮਾਨਸਾ ਦੀ ਹਰਪ੍ਰੀਤ ਕੌਰ ਨੇ ਅਸਟ੍ਰੇਲੀਅਨ ਯੂਨੀਵਰਸਿਟੀ ਤੋਂ ਅਕੈਡਮਿਕ ਐਕਸੀਲੈਂਸ ਐਵਾਰਡ ਹਾਸਿਲ ਕੀਤਾ।

ਮਾਸਟਰ ਆਫ਼ ਇਨਫਰਮੇਸ਼ਨ ਟੈਕਨੋਲੋਜੀ (ਕੰਪਿਊਟਰ ਸਾਇੰਸ) ਦੀ ਸਟੱਡੀ ਵਿੱਚੋਂ 07 ਵਿੱਚੋਂ 6.25 ਅੰਕ ਪ੍ਰਾਪਤ ਕੀਤੇ

ਮਾਨਸਾ (ਗੁਰਜੰਟ ਸਿੰਘ ਬਾਜੇਵਾਲੀਆ): ਮਾਨਸਾ ਦੀ ਹਰਪ੍ਰੀਤ ਕੌਰ ਨੇ ਅਸਟ੍ਰੇਲੀਆ ਵਿਖੇ ਕੁਈਨਜਲੈਂਡ ਸਟੇਟ ਦੀ ਗਰਿਫਥ ਯੂਨੀਵਰਸਿਟੀ ਤੋਂ ਮਾਸਟਰ ਆਫ਼ ਇਨਫਰਮੇਸ਼ਨ ਟੈਕਨੋਲੋਜੀ (ਕੰਪਿਊਟਰ ਸਾਇੰਸ) ਦੀ ਸਟੱਡੀ ਵਿੱਚੋਂ 07 ਵਿੱਚੋਂ 6.25 ਅੰਕ ਪ੍ਰਾਪਤ ਕਰਕੇ ਅਕੈਡਮਿਕ ਐਕਸੀਲੈਂਸ ਦਾ ਗਰਿਫਥ ਐਵਾਰਡ ਹਾਸਿਲ ਕੀਤਾ। ਇਸ ਪ੍ਰਾਪਤੀ ਨਾਲ ਉਸਨੂੰ ਇਸ ਸਾਲ ਸਟੇਟ ਯੂਨੀਵਰਸਿਟੀ ਨਾਲ ਜੁੜੇ ਸਾਰੇ ਕੈਂਪਸਾਂ ਵਿੱਚੋਂ ਟੋਪ 5 ਪ੍ਰਤੀਸ਼ਤ ਵਿਦਿਆਰਥੀਆਂ ਦੀ ਸੂਚੀ ਵਿੱਚ ਆਪਣਾ ਨਾਮ ਦਰਜ ਕਰਵਾਉਣ ਦਾ ਮਾਣ ਪ੍ਰਾਪਤ ਹੋਇਆ। ਇਸ ਪ੍ਰਾਪਤੀ ਤੇ ਮਾਣ ਮਹਿਸੂਸ ਕਰਦਿਆਂ ਉਹਨਾਂ ਦੀ ਮਾਤਾ ਪਰਮਜੀਤ ਕੌਰ ਅਤੇ ਪਿਤਾ ਸ਼ਮਸ਼ੇਰ ਸਿੰਘ ਸਰਾਓ (ਜੋ ਕਿ ਸਹਿਕਾਰਤਾ ਵਿਭਾਗ ਦੇ ਰਾਜ ਪੱਧਰੀ ਸਹਿਕਾਰੀ ਅਦਾਰੇ ਪਨਕੋਫੈਡ ਪੰਜਾਬ ਵਿੱਚ ਸੇਵਾ ਨਿਭਾ ਰਹੇ ਹਨ) ਵਾਸੀ ਵਾਰਡ ਨੰ. 21, ਵਾਟਰ ਵਰਕਸ ਰੋਡ, ਮਾਨਸਾ ਨੇ ਕਿਹਾ ਕਿ ਹਰਪ੍ਰੀਤ ਕੌਰ ਸ਼ੁਰੂ ਤੋਂ ਹੀ ਮਿਹਨਤੀ ਹੈ। ਇਸ ਨੇ ਮੁੱਢਲੀ ਵਿੱਦਿਆ ਸ੍ਰ. ਚੇਤਨ ਸਿੰਘ ਸਰਵ-ਹਿੱਤਕਾਰੀ ਵਿੱਦਿਆ ਮੰਦਿਰ ਮਾਨਸਾ ਤੋਂ ਕੀਤੀ ਹੈ ਅਤੇ ਹਮੇਸ਼ਾ ਹੀ ਚੰਗੇ ਨੰਬਰ ਪ੍ਰਾਪਤ ਕਰਦੀ ਰਹੀ ਹੈ। ਇਸ ਸਕੂਲ ਤੋਂ ਮਾਰਚ 2011 ਵਿੱਚ ਮੈਟ੍ਰਿਕੁਲੇਸ਼ਨ ਵਿੱਚੋਂ ਇਸ ਨੇ 88 ਪ੍ਰਤੀਸ਼ਤ ਅੰਕ ਪ੍ਰਾਪਤ ਕੀਤੇ। ਪੜ੍ਹਾਈ ਦੇ ਨਾਲ-ਨਾਲ ਇਹ ਸਕੂਲ ਵਿੱਚ ਖੇਡਾਂ ਅਤੇ ਹੋਰ ਸੱਭਿਆਚਰਕ ਸਰਗਰਮੀਆਂ ਵਿੱਚ ਹਿੱਸਾ ਲੈਂਦੀ ਰਹੀ ਹੈ। ਇਸ ਸਕੂਲ ਦੇ ਪ੍ਰਿੰਸੀਪਲ ਸ਼੍ਰੀ ਜਗਦੀਪ ਪਟਿਆਲ ਦੀ ਯੋਗ ਅਗਵਾਹੀ ਅਤੇ ਟੀਚਰ ਸ਼੍ਰੀਮਤੀ ਭੁਪਿੰਦਰ ਕੌਰ ਦੀ ਦੇਖ-ਰੇਖ ਹੇਠ ਸਕੂਲ ਗੇਮਜ਼ ਫੈਡਰੇਸ਼ਨ ਆਫ਼ ਇੰਡੀਆ ਵੱਲੋਂ ਕਰਵਾਈਆਂ ਜਾਂਦੀਆਂ ਖੇਡਾਂ ਵਿੱਚੋਂ ਖੇਡ ਕਬੱਡੀ ਵਿੱਚ ਇਸੇ ਹੀ ਸਕੂਲ ਵਿੱਚ ਪੜ੍ਹਦੀ ਆਪਣੀ ਵੱਡੀ ਭੈਣ ਰੀਤਇੰਦਰ ਪ੍ਰੀਤ ਕੌਰ ਦੀ ਤਰ੍ਹਾਂ ਸਾਲ 2006-07 ਤੋਂ 2008-09 ਤੱਕ ਲਗਾਤਾਰ ਸਕੂਲ ਟੀਮ ਨੂੰ ਲੀਡ ਦਿਲਵਾਉਣ ਵਿੱਚ ਆਪਣਾ ਯੋਗਦਾਨ ਅਦਾ ਕੀਤਾ। ਸਾਲ 2008-09 ਵਿੱਚ ਬੀਜਾਪੁਰ ਵਿਖੇ ਹੋਏ 54ਵੀਂ ਨੈਸ਼ਨਲ ਕਬੱਡੀ ਚੈਂਪੀਅਨਸ਼ਿਪ ਫਾਰ ਸਕੂਲ ਬੁਆਇਜ਼ ਐਂਡ ਗਰਲਜ਼, ਅੰਡਰ-14 ਦੀ ਟੀਮ ਵਿੱਚ ਖੇਡਦੇ ਹੋਏ ਜਿੱਤ ਪ੍ਰਾਪਤ ਕਰਕੇ ਸਕੂਲ ਨੂੰ ਨੈਸ਼ਨਲ ਚੈਂਪੀਅਨਸ਼ਿਪ ਟਰਾਫ਼ੀ ਦਿਲਵਾਉਣ ਦਾ ਮਾਣ ਹਾਸਿਲ ਕੀਤਾ। ਸਾਲ 2009-10 ਵਿੱਚ ਸਕੂਲ ਦੀ ਖੋ-ਖੋ ਟੀਮ ਵਿੱਚ ਸ਼ਾਮਿਲ ਹੋ ਕੇ ਟੀਮ ਨੂੰ ਪਹਿਲਾਂ ਸਥਾਨ ਦਿਲਵਾਇਆ। ਇਸੇ ਹੀ ਸਾਲ ਸਕਾਊਟਸ ਅਤੇ ਗਾਇਡਜ਼ ਪੰਜਾਬ ਵੱਲੋਂ ਸਕੂਲ ਵਿੱਚ ਲਗਾਈ ਤ੍ਰਿਤੀਆਂ ਸੋਪਾਨ ਸਕਾਊਟ/ਗਾਇਡ ਦੀ ਟ੍ਰੇਨਿੰਗ ਪਾਸ ਕੀਤੀ।
ਮੈਟ੍ਰਿਕ ਤੋਂ ਬਾਅਦ ਸਾਲ 2011 ਵਿੱਚ ਇਸ ਨੇ ਭਾਰਤ ਸਰਕਾਰ ਦੀ ਡੀਂਮਡ ਯੂਨੀਵਰਸਿਟੀ ਸੰਤ ਲੌਂਗੋਵਾਲ ਇੰਸਟੀਚਿਊਟ ਆਫ਼ ਇੰਜੀਨੀਅਰ ਐਂਡ ਟੈਕਨੋਲੋਜੀ ਲੌਂਗੋਵਾਲ ਜਿਲ੍ਹਾ ਸੰਗਰੂਰ ਦੇ ਆਲ ਇੰਡੀਆ ਪੱਧਰ ਦਾਖਲਾ ਟੈਸਟ ਵਿੱਚੋਂ ਮੈਰਿਟ ਪ੍ਰਾਪਤ ਕਰਕੇ ਕੰਪਿਊਟਰ ਐਪਲੀਕੇਸ਼ਨ ਦੇ ਦੋ ਸਾਲਾ ਸਰਟੀਫਿਕੇਟ ਕੋਰਸ ਵਿੱਚ ਦਾਖਲਾ ਲੈ ਕੇ ਪਹਿਲੇ ਦਰਜੇ ਵਿੱਚ ਪਾਸ ਕੀਤਾ। ਇਸ ਉਪਰੰਤ ਇਸੇ ਹੀ ਯੂਨੀਵਰਸਿਟੀ ਤੋਂ ਕੰਪਿਊਟਰ ਸਾਇੰਸ ਅਤੇ ਐਪਲੀਕੇਸ਼ਨ ਵਿੱਚ ਦੋ ਸਾਲਾ ਡਿਪਲੋਮਾ ਅਵੱਲ ਦਰਜੇ ਵਿੱਚ ਪਾਸ ਕੀਤਾ। ਇਸੇ ਹੀ ਯੂਨੀਵਰਸਿਟੀ ਤੋਂ ਸਾਲ 2017-18 ਵਿੱਚ ਕੰਪਿਊਟਰ ਸਾਇੰਸ ਅਤੇ ਇੰਜੀਨੀਅਰਿੰਗ ਵਿਸ਼ੇ ਤੇ ਬੀ-ਟੈਕ ਦੀ ਡਿਗਰੀ ਚੰਗੇ ਅੰਕਾਂ ਵਿੱਚ ਪ੍ਰਾਪਤ ਕੀਤੀ। ਸਾਲ 2018 ਦੌਰਾਨ ਹੀ ਐਨ.ਆਈ.ਟੀ. ਰਾਹੀਂ ਐੱਮ-ਟੈਕ ਦੇ ਦਾਖਲਾ ਟੈਸਟ ਸੈਂਟਰਲਾਇਜਡ ਕੌਂਸਲਿੰਗ ਫਾਰ ਐਮ-ਟੈਕ (ਸੀ.ਸੀ.ਐਮ.ਟੀ-2018) ਵਿੱਚੋਂ 485 ਰੈਂਕ ਸਕੋਅਰ ਪ੍ਰਾਪਤ ਕਰਕੇ ਗੇਟ ਦਾ ਟੈਸਟ ਕਲੀਅਰ ਕੀਤਾ। ਇਸ ਯੂਨੀਵਰਸਿਟੀ ਦੇ ਯੂਥ-ਫੈਸਟੀਵਲਾਂ ਦੀਆਂ ਸੱਭਿਆਚਾਰਕ ਸਰਗਰਮੀਆਂ ਵਿੱਚ ਹਿੱਸਾ ਲਿਆ ਅਤੇ ਯੂਨੀਵਰਸਿਟੀ ਦੀ ਡਿਸਿਪਲਨ ਕਮੇਟੀ ਦੀ ਮੈਂਬਰ ਅਤੇ ਕੰਨਵੀਨਰ ਰਹੀ।
ਇਸ ਉਪਰੰਤ ਹਰਪ੍ਰੀਤ ਕੌਰ ਨੇ ਆਪਣੀ ਵੱਡੀ ਭੈਣ ਰੀਤਇੰਦਰ ਪ੍ਰੀਤ ਕੌਰ (ਜਿਸ ਨੇ ਹਾਲ ਹੀ ਵਿੱਚ ਅਸਟ੍ਰੇਲੀਆ ਵਿਖੇ ਸਟੱਡੀ ਵੀਜ਼ੇ ਤੇ ਜਾ ਕੇ ਅਸਟ੍ਰੇਲੀਅਨ ਯੂਨੀਵਰਸਿਟੀ ਤੋਂ ਮਾਸਟਰ ਇਨ ਪਬਲਿਕ ਹੈਲਥ ਦੀ ਡਿਗਰੀ ਪ੍ਰਾਪਤ ਕੀਤੀ ਹੈ) ਕੋਲ ਜਾ ਕੇ ਮਾਸਟਰ ਆਫ਼ ਇਨਫਾਰਮੇਸ਼ਨ ਟੈਕਨੋਲੋਜੀ (ਕੰਪਿਊਟਰ ਸਾਇੰਸ) ਕਰਨ ਨੂੰ ਤਰਜੀਹ ਦਿੱਤੀ ਅਤੇ ਯੂਨੀਵਰਸਿਟੀ ਤੋਂ ਅਕੈਡਮਿਕ ਐਸੀਲੈਂਸ ਐਵਾਰਡ 2020 ਪ੍ਰਾਪਤ ਕੀਤਾ। ਇਨ੍ਹਾਂ ਵੱਲੋਂ ਪ੍ਰਾਪਤ ਕੀਤੇ ਤਗਮੇ, ਸਨਮਾਣ ਚਿੰਨ ਅਤੇ ਮੈਰਿਟ ਸਰਟੀਫਿਕੇਟ ਉਹਨਾਂ ਦੀ ਮਿਹਨਤ ਦੀ ਗਵਾਹੀ ਭਰਦੇ ਹਨ। ਇਨ੍ਹਾਂ ਦੇ ਮਾਤਾ-ਪਿਤਾ ਆਪਣੀਆਂ ਬੇਟੀਆਂ ਤੇ ਮਾਣ ਮਹਿਸੂਸ ਕਰਦੇ ਹੋਏ ਕਾਮਨਾ ਕਰਦੇ ਹਨ ਕਿ ਪ੍ਰਮਾਤਮਾ ਇਹਨਾਂ ਨੂੰ ਹੋਰ ਬੁਲੰਦੀਆਂ ਤੇ ਪਹੁੰਚਾਵੇ ਅਤੇ ਖੁਸ਼ੀਆਂ ਬਖਸ਼ੇ।

Today Now News

RELATED ARTICLES
- Advertisment -

POPULAR POSTS