
ਮੇਰੇ ਪਿੰਡ ਹਰਪੁਰਾ ਦੇ ਗੁਆਂਢੀ ਪਿੰਡ ਕੋਹਾਲੀ ਦੇ ਵਸਨੀਕਾਂ ਨੇ ਕਦੀ ਸੋਚਿਆ ਵੀ ਨਹੀਂ ਹੋਣਾਂ ਕਿ ਇੱਕ ਦਿਨ ਉਨ੍ਹਾਂ ਦੇ ਪਿੰਡ ਕੋਹਾਲੀ ਦਾ ਨਾਮ ਪੂਰੀ ਦੁਨੀਆਂ ਵਿੱਚ ਜਾਣਿਆ ਜਾਵੇਗਾ। ਇਸ ਪਿੰਡ ਦੀ ਧੀ ਹਰਨਾਜ ਕੌਰ ਸੰਧੂ ਨੇ ਅੱਜ ਬ੍ਰਹਿਮੰਡ ਸੁੰਦਰੀ (ਮਿਸ ਯੂਨੀਵਰਸ) ਦਾ ਖਿਤਾਬ ਜਿੱਤ ਕੇ ਆਪਣੇ ਪਿੰਡ, ਇਲਾਕੇ, ਸੂਬੇ ਤੇ ਦੇਸ਼ ਦਾ ਨਾਮ ਪੂਰੀ ਦੁਨੀਆਂ ਵਿੱਚ ਰੌਸ਼ਨ ਕੀਤਾ ਹੈ।
ਪੇਸ਼ੇ ਤੋਂ ਮਾਡਲ ਹਰਨਾਜ਼ ਸੰਧੂ ਦਾ ਜੱਦੀ ਪਿੰਡ ਕੋਹਾਲੀ ਹੈ ਅਤੇ ਇਸ ਸਮੇਂ ਉਹ ਸਿਟੀ ਬਿਊਟੀਫੁੱਲ ਚੰਡੀਗੜ੍ਹ ਵਿਖੇ ਰਹਿ ਰਹੀ ਹੈ। ਉਸਨੇ ਆਪਣੀ ਮੁਢਲੀ ਸਿੱਖਿਆ ਸ਼ਿਵਾਲਿਕ ਪਬਲਿਕ ਸਕੂਲ, ਚੰਡੀਗੜ੍ਹ ਤੋਂ ਕੀਤੀ। ਚੰਡੀਗੜ੍ਹ ਤੋਂ ਹੀ ਗ੍ਰੈਜੂਏਸ਼ਨ ਕਰਨ ਤੋਂ ਬਾਅਦ, ਹਰਨਾਜ਼ ਇਸ ਸਮੇਂ ਚੰਡੀਗੜ੍ਹ ਵਿਖੇ ਹੀ ਲੋਕ ਪ੍ਰਸ਼ਾਸਨ ਵਿੱਚ ਮਾਸਟਰ ਡਿਗਰੀ ਕਰ ਰਹੀ ਹੈ। ਖਾਸ ਗੱਲ ਇਹ ਹੈ ਕਿ ਸਿਰਫ 21 ਸਾਲ ਦੀ ਉਮਰ ਚ ਸੰਧੂ ਨੇ ਕਈ ਮੁਕਾਬਲਿਆਂਚ ਹਿੱਸਾ ਲਿਆ ਪਰ ਇਸ ਦੇ ਬਾਵਜੂਦ ਉਨ੍ਹਾਂ ਨੇ ਆਪਣੀ ਪੜ੍ਹਾਈ ਨਹੀਂ ਛੱਡੀ।
ਹਰਨਾਜ਼ ਸੰਧੂ ਹੁਣ ਤੱਕ ਆਪਣੇ ਕਰੀਅਰ ਵਿੱਚ ਕਈ ਖਿਤਾਬ ਜਿੱਤ ਚੁੱਕੀ ਹੈ। ਇਨ੍ਹਾਂ ਵਿੱਚ ਸਾਲ 2017 ਵਿੱਚ ਟਾਈਮਜ਼ ਫਰੈਸ਼ ਫੇਸ ਮਿਸ ਚੰਡੀਗੜ੍ਹ, ਸਾਲ 2018 ਵਿੱਚ ਮਿਸ ਮੈਕਸ ਐਮਰਜਿੰਗ ਸਟਾਰ, ਸਾਲ 2019 ਵਿੱਚ ਫੈਮਿਨਾ ਮਿਸ ਇੰਡੀਆ ਪੰਜਾਬ ਅਤੇ ਸਾਲ 2021 ਵਿੱਚ ਮਿਸ ਯੂਨੀਵਰਸ ਇੰਡੀਆ ਦਾ ਖਿਤਾਬ ਸ਼ਾਮਲ ਹੈ।
ਹਰਨਾਜ਼ ਸੰਧੂ ਨੇ 2017 ਵਿੱਚ ਕਾਲਜ ਵਿੱਚ ਇੱਕ ਸ਼ੋਅ ਦੌਰਾਨ ਆਪਣੀ ਪਹਿਲੀ ਸਟੇਜ ਪੇਸ਼ਕਾਰੀ ਦਿੱਤੀ। ਉਦੋਂ ਤੋਂ ਮਾਡਲਿੰਗ ਦਾ ਇਹ ਸਫਰ ਸ਼ੁਰੂ ਹੋਇਆ। ਸੰਧੂ ਨੂੰ ਘੋੜ ਸਵਾਰੀ, ਤੈਰਾਕੀ ਅਤੇ ਘੁੰਮਣ-ਫਿਰਨ ਦਾ ਬਹੁਤ ਸ਼ੌਕ ਹੈ। ਇਕ ਇੰਟਰਵਿਊ ਦੌਰਾਨ ਉਸ ਨੇ ਦੱਸਿਆ ਕਿ ਉਹ ਆਪਣੇ ਖਾਲੀ ਸਮੇਂ `ਚ ਇਹ ਸ਼ੌਕ ਪੂਰੇ ਕਰਦੀ ਹੈ।
ਆਪਣੀ ਪੜ੍ਹਾਈ ਅਤੇ ਮੁਕਾਬਲਿਆਂ ਦੀ ਤਿਆਰੀ ਦੇ ਨਾਲ, ਹਰਨਾਜ਼ ਕਈ ਫਿਲਮਾਂ ਵਿੱਚ ਵੀ ਨਜ਼ਰ ਆ ਚੁੱਕੀ ਹੈ। ਉਨ੍ਹਾਂ ਨੇ ਯਾਰਾ ਦੀਆ ਪੁ ਬਾਰਾਂ ਅਤੇ ਬਾਈ ਜੀ ਕੁਟਾਂਗੇ ਵਰਗੀਆਂ ਫਿਲਮਾਂ `ਚ ਕੰਮ ਕੀਤਾ ਹੈ।
ਮਿਸ ਯੂਨੀਵਰਸ ਦਾ 70ਵਾਂ ਐਡੀਸ਼ਨ ਅੱਜ ਇਲੀਅਟ, ਇਜ਼ਰਾਈਲ ਵਿੱਚ ਹੋ ਰਿਹਾ ਸੀ, ਜਿਸ ਵਿੱਚ ਦੁਨੀਆਂ ਭਰ ਦੇ ਦੇਸ਼ਾਂ ਦੀ ਸੁੰਦਰੀਆਂ ਆਪਣੀ ਖੂਬਸੂਰਤੀ, ਪ੍ਰਤੀਭਾ ਤੇ ਵਿਦਵਤਾ ਦਾ ਜਲੌਅ ਪੇਸ਼ ਕਰ ਰਹੀਆਂ ਸਨ। ਮਿਸ ਯੂਨੀਵਰਸ ਦੇ ਅੰਤਿਮ ਮੁਕਾਬਲੇ ਵਿੱਚ ਤਿੰਨਾਂ ਸੁੰਦਰੀਆਂ ਤੋਂ ਸਵਾਲ ਪੁੱਛਿਆ ਗਿਆ ਕਿ ਦਬਾਅ ਦਾ ਸਾਹਮਣਾ ਕਰ ਰਹੀਆਂ ਔਰਤਾਂ ਨੂੰ ਤੁਸੀਂ ਕੀ ਸਲਾਹ ਦਿਓਗੇ? ਇਸ `ਤੇ ਹਰਨਾਜ਼ ਸੰਧੂ ਨੇ ਜਵਾਬ ਦਿੱਤਾ ਕਿ ਤੁਹਾਨੂੰ ਵਿਸ਼ਵਾਸ ਕਰਨਾ ਹੋਵੇਗਾ ਕਿ ਤੁਸੀਂ ਵਿਲੱਖਣ ਹੋ ਅਤੇ ਇਹੀ ਤੁਹਾਨੂੰ ਸੁੰਦਰ ਬਣਾਉਂਦਾ ਹੈ। ਬਾਹਰ ਆਓ, ਆਪਣੇ ਲਈ ਬੋਲਣਾ ਸਿੱਖੋ ਕਿਉਂਕਿ ਤੁਸੀਂ ਆਪਣੇ ਜੀਵਨ ਦੇ ਆਗੂ ਹੋ। ਇਹ ਜਵਾਬ ਸੁਣ ਕੇ ਹਰ ਕੋਈ ਬਹੁਤ ਪ੍ਰਭਾਵਿਤ ਹੋਇਆ ਅਤੇ ਇਸ ਨਾਲ ਹਰਨਾਜ਼ ਨੇ ਸੰਧੂ ਤੋਂ ਇਸ ਸਾਲ ਦੀ ਮਿਸ ਯੂਨੀਵਰਸ 2021 ਦਾ ਖਿਤਾਬ ਜਿੱਤ ਲਿਆ।
ਭਾਰਤ ਇਸ ਤੋਂ ਪਹਿਲਾਂ ਦੋ ਵਾਰ ਮਿਸ ਯੂਨੀਵਰਸ ਮੁਕਾਬਲਾ ਜਿੱਤ ਚੁੱਕਿਆ ਹੈ। ਸੁਸ਼ਮਿਤਾ ਸੇਨ ਨੇ ਸਾਲ 1994 ਵਿੱਚ ਭਾਰਤ ਦੀ ਨੁਮਾਇੰਦਗੀ ਕਰਦਿਆਂ ਇਹ ਤਾਜ ਹਾਸਿਲ ਕੀਤਾ ਸੀ ਅਤੇ ਲਾਰਾ ਦੱਤਾ ਨੇ ਸਾਲ 2000 `ਚ ਇਹ ਖਿਤਾਬ ਜਿੱਤਿਆ ਸੀ। ਅੱਜ ਇਜ਼ਰਾਈਲ ਵਿਖੇ ਪੰਜਾਬ ਦੀ ਧੀ ਹਰਨਾਜ਼ ਸੰਧੂ ਨੇ ਇੱਕ ਵਾਰ ਫਿਰ ਇਹ ਖਿਤਾਬ ਆਪਣੇ ਨਾਮ ਕਰ ਲਿਆ ਹੈ।
ਹਰਨਾਜ਼ ਸੰਧੂ ਵੱਲੋਂ ਬ੍ਰਹਿੰਮਡ ਸੁੰਦਰੀ (ਮਿਸ ਯੂਨੀਵਰਸ) ਦਾ ਖਿਤਾਬ ਜਿੱਤਣ ਨਾਲ ਜਿਥੇ ਦੁਨੀਆਂ ਭਰ ਵਿੱਚ ਰਹਿੰਦੇ ਭਾਰਤੀ ਖੁਸ਼ ਹਨ ਓਥੇ ਪੰਜਾਬ ਤੇ ਖਾਸ ਕਰਕੇ ਪਿੰਡ ਕੋਹਾਲੀ ਦੇ ਵਸਨੀਕਾਂ ਦਾ ਚਾਅ ਭੁੰਜੇ ਨਹੀਂ ਪੈ ਰਿਹਾ। ਪੰਜਾਬ ਦੇ ਰਿਆੜਕੀ ਇਲਾਕੇ ਦੀ ਧੀ ਹਰਨਾਜ਼ ਸੰਧੂ ਨੂੰ ਇਸ ਮਾਣਮੱਤੀ ਪ੍ਰਾਪਤੀ ਲਈ ਬਹੁਤ-ਬਹੁਤ ਮੁਬਾਰਕਾਂ।
- ਇੰਦਰਜੀਤ ਸਿੰਘ ਹਰਪੁਰਾ,
ਬਟਾਲਾ, ਪੰਜਾਬ।
98155-77574






