ਮਾਨਸਾ 25 ਮਾਰਚ ਗੁਰਜੰਟ ਸਿੰਘ ਬਾਜੇਵਾਲੀਆ/ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ) ਖਿਆਲਾ ਕਲਾਂ ਵਿਖੇ ਜੀ.ਓ.ਜੀ. ਟੀਮ (ਗਾਰਡੀਅਨ ਆਫ ਗਵਰਨੈਸ) ਤਹਿਸੀਲ ਮਾਨਸਾ ਵੱਲੋਂ ਸਕੂਲ ਦੀਆਂ ਵਿਦਿਆਰਥਣਾਂ ਨੂੰ ਦੱਸਿਆ ਗਿਆ ਕਿ ਆਰਮੀ ਵਿੱਚ ਭਰਤੀ ਹੋਣ ਦੇ ਕੀ-ਕੀ ਮਾਪ ਦੰਡ, ਜਿਵੇਂ ਸਿੱਖਿਆ ਪੱਧਰ ਅਤੇ ਸਰੀਰਕ ਪੱਧਰ ਚਾਹੀਦਾ ਹੈ

ਅਤੇ ਕਿੰਨੇ ਤਰ੍ਹਾਂ ਨਾਲ ਲੜਕੀਆਂ ਫੌਜ ਵਿੱਚ ਭਰਤੀ ਹੋ ਸਕਦੀਆਂ ਹਨ, ਜਿਵੇਂ ਪਹਿਲਾਂ ਲੜਕੀਆਂ ਸਿਰਫ ਅਫਸਰ ਰੈਂਕ ਵਿੱਚ ਹੀ ਫੌਜ ਵਿੱਚ ਭਰਤੀ ਹੁੰਦੀਆਂ ਸਨ। ਹੁਣ ਉਹ ਇੱਕ ਸਿਪਾਹੀ ਦੇ ਤੌਰ ਤੇ ਵੀ ਫੌਜ ਵਿੱਚ ਭਰਤੀ ਹੋ ਸਕਦੀਆਂ ਹਨ। ਉਹਨਾਂ ਦੀ ਭਰਤੀ ਤਿਆਰੀ ਲਈ ਕਿੱਥੇ-ਕਿੱਥੇ ਫਰੀ ਕੈਂਪ ਅਤੇ ਟੈਸਟਾਂ ਦੀ ਤਿਆਰੀ ਕਰਵਾਈ ਜਾਂਦੀ ਹੈ। ਇਸ ਬਾਰੇ ਜੀ.ਓ.ਜੀ. ਤਹਿਸੀਲ ਸੁਪਰਵਾਈਜਰ ਸੂਬੇਦਾਰ ਮੇਜਰ ਦਰਸ਼ਨ ਸਿੰਘ ਨੇ ਵਿਦਿਆਰਥਣਾਂ ਨੂੰ ਕਾਫੀ ਵਿਸਥਾਰ ਵਿੱਚ ਦੱਸਿਆ ਅਤੇ ਇਸ ਮੌਕੇ ਮਾਨਸਾ ਜਿਲ੍ਹੇ ਦੀ ਪਹਿਲੀ ਲੜਕੀ ਜੋ ਬਤੌਰ ਸਿਪਾਹੀ ਫੌਜ ਵਿੱਚ ਭਰਤੀ ਹੋ ਕੇ ਆਪਣੀ ਟ੍ਰੇਨਿੰਗ ਪੂਰੀ ਕਰਕੇ ਪਿੰਡ ਛੁੱਟੀ ਕੱਟਣ ਆਈ ਹਰਦੀਪ ਕੌਰ ਨੂੰ ਵਿਦਿਆਰਥਣਾਂ ਦੇ ਰੂ-ਬ-ਰੂ ਕਰਵਾਇਆ ਗਿਆ। ਸਿਪਾਹੀ ਹਰਦੀਪ ਕੌਰ ਨੇ ਫੌਜ ਦੀ ਨੌਕਰੀ ਅਤੇ ਟ੍ਰੇਨਿੰਗ ਬਾਰੇ ਵਿਦਿਆਰਥਣਾਂ ਨੂੰ ਵਿਸਥਾਰਪੂਰਵਕ ਦੱਸਿਆ ਕਿ ਉਹ ਕਿਸ ਤਰ੍ਹਾਂ ਫੌਜ ਵਿੱਚ ਭਰਤੀ ਹੋ ਕੇ ਗੌਰਵਮਈ ਮਹਿਸੂਸ ਕਰ ਰਹੀ ਹੈ। ਇਸ ਮੌਕੇ ਸਕੂਲ ਪ੍ਰਿੰਸੀਪਲ ਸ੍ਰੀ ਓਮ ਪ੍ਰਕਾਸ਼ ਮਿੱਢਾ ਜੀ ਅਤੇ ਸਮੂਹ ਸਕੂਲ ਸਟਾਫ ਨੇ ਜੀ.ਓ.ਜੀ. ਟੀਮ ਦਾ ਇਸ ਉੱਦਮ ਲਈ ਧੰਨਵਾਦ ਕੀਤਾ। ਇਸ ਪ੍ਰੋਗਰਾਮ ਨੂੰ ਸਫਲ ਬਣਾਉਣ ਵਿੱਚ ਜੀ.ਓ.ਜੀ. ਦਰਸ਼ਨ ਸਿੰਘ ਖਿਆਲਾ, ਜੀ.ਓ.ਜੀ.ਅਮਰੀਕ ਸਿੰਘ, ਬਿੰਦਰ ਸਿੰਘ ਠੂਠਿਆਂਵਾਲੀ, ਡੀ.ਈ.ਓ. ਜੀ.ਓ.ਜੀ ਦਰਸ਼ਨ ਸਿੰਘ ਵੀ ਹਾਜਰ ਸਨ।




