ਅੰਮਿ੍ਤਸਰ : ਦਰਬਾਰ ਸਾਹਿਬ ਆਉਣ ਵਾਲੀਆਂ ਸੰਗਤਾਂ ਸਿਰ ਢਕਣ ਲਈ ਬਾਜ਼ਾਰ ਵਿਚ ਵਿਕਣ ਵਾਲੇ ਰੁਮਾਲ ਦੀ ਵਰਤੋਂ ਕਰਦੀਆਂ ਹਨ। ਇਨ੍ਹਾਂ ਰੁਮਾਲਾਂ ਉੱਤੇ ਖੰਡਾ, ੴ ਅਤੇ ਗੁਰਬਾਣੀ ਦੀਆਂ ਪੰਕਤੀਆਂ ਅੰਕਿਤ ਕੀਤੀਆਂ ਹੁੰਦੀਆਂ ਹਨ। ਰੁਮਾਲ ਦੀ ਵਰਤੋਂ ਪਿੱਛੋਂ ਯਾਤਰੂ ਜਾਣ ਸਮੇਂ ਇਨ੍ਹਾਂ ਰੁਮਾਲਾਂ ਨੂੰ ਸਹੀ ਜਗ੍ਹਾ ‘ਤੇ ਨਹੀਂ ਰੱਖਦੇ। ਰੁਮਾਲਾਂ ਉੱਤੇ ਅੰਕਿਤ ਖੰਡਾ, ਧਾਰਮਿਕ ਚਿੰਨ੍ਹ ਤੇ ਗੁਰਬਾਣੀ ਦੀਆਂ ਪੰਕਤੀਆਂ ਦੀ ਬੇਕਦਰੀ ਅਤੇ ਗੁਰਬਾਣੀ ਦੀ ਬੇਅਦਬੀ ਹੁੰਦੀ ਹੈ।

ਸਿੱਖਾਂ ਦਾ ਕੇਂਦਰੀ ਅਸਥਾਨ ਤੇ ਸਿੱਖਾਂ ਦੀ ਮਿੰਨੀ ਪਾਰਲੀਮੈਂਟ (ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ) ਗੁਰੂ ਨਗਰੀ ਅੰਮਿ੍ਤਸਰ ਵਿਚ ਹੈ। ਰੁਮਾਲਾਂ ਦੀ ਸਭ ਤੋਂ ਵੱਧ ਵਿਕਰੀ ਵੀ ਇਸੇ ਨਗਰ ਵਿਚ ਹੁੰਦੀ ਹੈ। ਸੰਗਤਾਂ ਨੇ ਲਗਾਤਾਰ ਇਸ ਸਬੰਧੀ ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਸ਼ਿਕਾਇਤਾਂ ਦਿੱਤੀਆਂ ਗਈਆਂ ਹਨ। ਇਸ ਬਾਰੇ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਸ਼ੋ੍ਮਣੀ ਕਮੇਟੀ ਨੂੰ ਕਾਰਵਾਈ ਲਈ ਪੱਤਰ ਭੇਜਿਆ ਹੈ। ਪਿਛਲੇ ਸਮੇਂ ਸਾਬਕਾ ਜਥੇਦਾਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ, ਰੁਮਾਲਾ ਸਾਹਿਬ ‘ਤੇ ਖੰਡਾ ਜਾਂ ਗੁਰਬਾਣੀ ਨੂੰ ਅੰਕਿਤ ਕਰਨ ‘ਤੇ ਪਾਬੰਦੀ ਲਗਾ ਦਿੱਤੀ ਸੀ। ਇਸ ਤੋਂ ਬਾਅਦ ਰੁਮਾਲਾ ਸਾਹਿਬ ਉੱਤੇ ਗੁਰਬਾਣੀ, ੴ ਜਾਂ ਖੰਡਾ ਨਹੀਂ ਅੰਕਿਤ ਕੀਤਾ ਜਾਂਦਾ।





