
ਮੌੜ ਮੰਡੀ, 23 ਦਸੰਬਰ ਹਰਮਿੰਦਰ ਸਿੰਘ ਅਵਿਨਾਸ਼ / ਸੰਜੀਵ ਕੁਮਾਰ ਨੌਟੀ
ਪੰਜਾਬ ਵਿਧਾਨ ਚੋਣਾਂ ਦੇ ਨੇੜੇ ਆਉਣ ਤੇ ਹੀ ਹਲਕਾ ਮੌੜ ਦੇ ਕਾਂਗਰਸੀ ਵਰਕਰਾਂ ਨੇ ਹਲਕਾ ਸੇਵਾਦਾਰ ਡਾ. ਮੰਜੂ ਬਾਂਸਲ ਖ਼ਿਲਾਫ਼ ਮੋਰਚਾ ਖੋਲ੍ਹ ਦਿੱਤਾ ਹੈ, ਜਿਸਦੇ ਚਲਦੇ ਯੂਥ ਕਾਂਗਰਸ ਹਲਕਾ ਮੌੜ ਦੇ ਪ੍ਰਧਾਨ ਗੁਰਕੀਰਤ ਸਿੰਘ ਗੁਰੀ ਅਤੇ ਜਿਲ੍ਹਾ ਮਹਿਲਾ ਕਾਂਗਰਸ ਕਮੇਟੀ ਦੇ ਪ੍ਰਧਾਨ ਜਸਵਿੰਦਰ ਕੌਰ ਜੌਹਰ ਦੀ ਅਗਵਾਈ ਹੇਠ ਹਲਕੇ ਦੇ ਪੰਚਾਂ, ਸਰਪੰਚਾਂ, ਸ਼ਹਿਰ ਦੇ ਕੌਂਸਲਰਾਂ ਅਤੇ ਵੱਡੀ ਗਿਣਤੀ ਕਾਂਗਰਸੀ ਵਰਕਰਾਂ ਨੇ ਰੈਸਟ ਹਾਊਸ ਰਾਮਨਗਰ ਵਿਖੇ ਮੀਟਿੰਗ ਕੀਤੀ ਅਤੇ ਬਾਂਸਲ ਪਰਿਵਾਰ ਦੇ ਵਿਰੋਧ ਦਾ ਐਲਾਨ ਕੀਤਾ। ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਜਸਵਿੰਦਰ ਕੌਰ ਜੌਹਰ ਅਤੇ ਯੂਥ ਕਾਂਗਰਸ ਦੇ ਪ੍ਰਧਾਨ ਗੁਰਕੀਰਤ ਸਿੰਘ ਗੁਰੀ ਨੇ ਬੋਲਦੇ ਹੋਏ ਕਿਹਾ ਕਿ ਕਾਂਗਰਸ ਹਾਈਕਮਾਂਡ ਵੱਲੋਂ 2012 ਦੀਆਂ ਵਿਧਾਨ ਸਭਾ ਚੋਣਾਂ ’ਚ ਬਾਂਸਲ ਪਰਿਵਾਰ ਨੂੰ ਹਲਕਾ ਤੋਂ ਟਿਕਟ ਦਿੱਤੀ ਸੀ, ਜਿਸ ਤੋਂ ਬਾਅਦ ਵਰਕਰਾਂ ਦੀ ਸਖ਼ਤ ਮੇਹਨਤ ਦੇ ਸਦਕਾ 1300 ਦੇ ਕਰੀਬ ਵੋਟਾਂ ਨਾਲ ਮੰਗਤ ਰਾਏ ਬਾਂਸਲ ਚੋਣ ਹਾਰ ਗਿਆ ਸੀ, ਪ੍ਰੰਤੂ ਚੋਣ ਹਾਰਨ ਤੋਂ ਬਾਅਦ ਬਾਂਸਲ ਪਰਿਵਾਰ ਨੇ ਜਿਲ੍ਹਾ ਯੋਜਨਾਂ ਬੋਰਡ ਦੀ ਚੇਅਰਮੈਨੀ ਦੇ ਲਾਲਚ ’ਚ ਕਾਂਗਰਸ ਅਤੇ ਵਰਕਰਾਂ ਨੂੰ ਛੱਡ ਕੇ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਲ ਹੋ ਗਿਆ । ਅਕਾਲੀ ਦਲ ਦੇ ਰਾਜ ਦੌਰਾਨ 2012 ਤੋਂ ਲੈ ਕਿ 2017 ਤੱਕ ਜੋ ਵਰਕਰਾਂ ਨੇ ਸੰਤਾਪ ਭੋਗਿਆ, ਉਸ ਸੰਤਾਪ ਨੂੰ ਬਿਆਨ ਨਹੀ ਕੀਤਾ ਜਾ ਸਕਦਾ, ਕਿਉਂਕੇ ਅਕਾਲੀ ਲੀਡਰਾਂ ਨੇ ਕਾਂਗਰਸੀ ਵਰਕਰਾਂ ਤੇ ਅਜਿਹੇ ਝੂਠੇ ਪਰਚੇ ਦਰਜ਼ ਕਰਵਾਏ। ਜਿਸ ਕਾਰਨ ਉਹਨਾਂ ਨੂੰ ਜੇਲ੍ਹਾਂ ਵੀ ਕੱਟਣੀਆਂ ਪਈਆਂ। ਪਰ ਵਰਕਰਾਂ ਨਾਲ ਇਸ ਮੁਸੀਬਤ ’ਤੇ ਬਾਂਸਲ ਪਰਿਵਾਰ ਨੇ ਕਦੇ ਵੀ ਹਾਅ ਦਾ ਨਾਅਰਾ ਨਹੀ ਮਾਰਿਆ। ਜਿਸ ਕਾਰਨ ਵਰਕਰਾਂ ’ਚ ਬਾਂਸਲ ਪਰਿਵਾਰ ਪ੍ਰਤੀ ਵਧੇਰੇ ਗੁੱਸਾ ਹੈ। ਭਾਵੇਂ ਇਹਨਾਂ ਨੂੰ ਇੱਕ ਚੌਲ ਘੁਟਾਲੇ ਦੇ ਕੇਸ ’ਚ ਸਜਾ ਹੋਣ ਤੋਂ ਬਾਅਦ ਇਹਨਾਂ ਨੂੰ ਚੇਅਰਮੈਨੀ ਤੋਂ ਅਸਤੀਫ਼ਾ ਦੇਣਾ ਪਿਆ। ਜਦੋਂ ਅਕਾਲੀ ਦਲ ’ਚ ਇਹਨਾਂ ਦੀ ਪੁੱਛ ਪੜਤਾਲ ਨਾ ਰਹੀ ਤਾਂ ਇਹਨਾਂ ਨੇ ਅਕਾਲੀ ਦਲ ਨੂੰ ਛੱਡ ਕੇ ਦੁਆਰਾ ਕਾਂਗਰਸ ’ਚ ਘੁਸਪੈਠ ਕਰ ਲਈ। ਉਨ੍ਹਾਂ ਪਾਰਟੀ ਹਾਈਕਮਾਂਡ ਨੂੰ ਅਪੀਲ ਕੀਤੀ ਕਿ ਹਲਕਾ ਮੌੜ ਤੋਂ ਬਾਂਸਲ ਪਰਿਵਾਰ ਨੂੰ ਟਿਕਟ ਨਾ ਦਿੱਤੀ ਜਾਵੇ, ਕਿਉਂਕੇ ਇਹ ਵਰਕਰਾਂ ਨਾਲ ਪਹਿਲਾ ਹੀ ਧੋਖਾ ਕਰ ਚੁੱਕੇ ਹਨ, ਜਿਸ ਕਾਰਨ ਵਰਕਰ ਇਸ ਪਰਿਵਾਰ ਤੇ ਕਦੇ ਵੀ ਵਿਸ਼ਵਾਸ਼ ਨਹੀ ਕਰ ਸਕਦੇ। ਉਹਨਾਂ ਸਪੱਸ਼ਟ ਕੀਤਾ ਕਿ ਜੇਕਰ ਵਰਕਰਾਂ ਦੀਆਂ ਭਾਵਨਾਵਾਂ ਨੂੰ ਦਰਕਿਨਾਰ ਕਰਦੇ ਹੋਏ ਪਾਰਟੀ ਬਾਂਸਲ ਪਰਿਵਾਰ ਨੂੰ ਟਿਕਟ ਦਿੰਦੀ ਹੈ, ਤਾਂ ਉਹ ਬਾਂਸਲ ਦੇ ਵਿਰੋਧ ’ਚ ਅਜ਼ਾਦ ਉਮੀਦਵਾਰ ਨੂੰ ਖੜਾ ਕਰਨਗੇ, ਤਾਂ ਜੋ ਇਹਨਾਂ ਨੂੰ ਹਰਾ ਕੇ ਦੁਆਰਾ ਵਾਪਸ ਮਾਨਸਾ ਭੇਜਿਆ ਜਾਵੇ।
ਉੱਧਰ ਮਾਣਕ ਖਾਨਾ ਦੇ ਸਰਪੰਚ ਸ਼ੈਸ਼ਨਦੀਪ ਕੌਰ ਨੇ ਬੋਲਦੇ ਹੋਏ ਕਿਹਾ ਕਿ ਬਾਂਸਲ ਪਰਿਵਾਰ ਨੇ ਸਰਪੰਚਾਂ ਨੂੰ ਸਿਰਫ ਜਲੀਲ ਹੀ ਨਹੀ ਕੀਤਾ, ਸਗੋਂ ਵਿਕਾਸ ਕਾਰਜਾਂ ’ਚ ਅੜਿੱਕੇ ਡਾਹੇ ਹਨ, ਹੋਰ ਤਾਂ ਹੋਰ ਇਹਨਾਂ ਨੇ ਵਰਕਰਾਂ ਨੂੰ ਵੀ ਧੜਿਆਂ ’ਚ ਵੰਡਣ ਦੀ ਕੋਸ਼ਿਸ਼ ਕੀਤੀ ਹੈ, ਜਿਸ ਕਾਰਨ ਸਰਪੰਚ ਅਤੇ ਵਰਕਰ ਇਹਨਾਂ ਦਾ ਕਦੇ ਵੀ ਸਾਥ ਨਹੀ ਦੇਣਗੇ, ਸਗੋਂ ਵਿਰੋਧ ਕਰਨਗੇ। ਇਸ ਮੌਕੇ ਮਲਕੀਤ ਖਾਨ ਸਰਪੰਚ, ਕਸ਼ਮੀਰ ਸਿੰਘ ਸਰਪੰਚ ਕੋਟਭਾਰਾ, ਗੁਰਵਿੰਦਰ ਸਿੰਘ ਸਰੰਪਚ, ਅਵਤਾਰ ਸਿੰਘ ਸਰਪੰਚ, ਹਰਪ੍ਰੀਤ ਸਿੰਘ ਸਰਪੰਚ ਰਾਮਨਗਰ, ਸੁਰੇਸ਼ ਕੁਮਾਰ ਹੈਪੀ, ਤੀਰਥ ਰਾਮ ਸਿੰਗਲਾ, ਬਬਲੂ ਸ਼ਰਮਾਂ, ਪਰਮਜੀਤ ਸਿੰਘ ਸ਼ੰਮੀ ਜੈਲਦਾਰ, ਰਾਣਾ ਮੌੜ ਮੌੜ ਖੁਰਦ, ਬਿੱਟੂ ਮੌੜ ਕਲਾਂ, ਕੌਂਸਲਰ ਜਸਵਿੰਦਰ ਸਿੰਘ ਫੌਜੀ, ਜਗਦੀਸ਼ ਸਿੰਘ ਜੈਲਦਾਰ, ਚਰਨਜੀਤ ਕੌਰ ਪੀਰਕੋਟ, ਬਲਾਕ ਪ੍ਰਧਾਨ ਕਿਰਨਜੀਤ ਕੌਰ, ਨਰੇਸ਼ ਕੁਮਾਰ ਭੋਲਾ ਤੋਂ ਇਲਾਵਾ ਭਾਰੀ ਗਿਣਤੀ ਵਿਚ ਕਾਂਗਰਸੀ ਵਰਕਰ ਮੌਜੂਦ ਸਨ।
ਫੋਟੋ ਕੈਪਸ਼ਨ : ਨਹਿਰੀ ਰੈਸਟ ਹਾਊਸ ’ਚ ਮੀਟਿੰਗ ਦੌਰਾਨ ਕਾਂਗਰਸੀ ਵਰਕਰ ਤੇ ਆਹੁਦੇਦਾਰ





