ਗੁਰਸਿੱਖ ਨੂੰ ਨੰਗਾ ਕਰ ਕੇ ਅੱਧੀ ਰਾਤ ਤਕ ਹਵਾਲਾਤ ‘ਚ ਰੱਖਿਆ

ਜਗਰਾਓਂ (ਬਿਊਰੋ) : ਪੰਜਾਬ ਪੁਲਿਸ ਦਾ ਇੱਕ ਬਹੁਤ ਹੀ ਅਣਮਨੁੱਖੀ ਤੇ ਸ਼ਰਮਸਾਰ ਕਰਨ ਵਾਲਾ ਕਾਰਨਾਮਾ ਸਾਹਮਣੇ ਆਇਆ ਹੈ । ਜਾਣਕਾਰੀ ਮੁਤਾਬਕ ਸਰਪੰਚ ਦੇ ਕਹਿਣ ‘ਤੇ ਥਾਣਾ ਜੋਧਾਂ ਦੀ ਪੁਲਿਸ ਨੇ 50 ਸਾਲਾ ਗੁਰਸਿੱਖ ਨੂੰ ਨੰਗਾ ਕਰ ਕੇ ਅੱਧੀ ਰਾਤ ਤਕ ਹਵਾਲਾਤ ‘ਚ ਰੱਖਣ ਦੀ ਸਜ਼ਾ ਦਿੱਤੀ ਤੇ ਪੁਲਿਸ ਵੱਲੋਂ ਗੁਰਸਿੱਖ ਤੇ ਉਸ ਦੇ ਦੋਵੇਂ ਪੁੱਤਾਂ ‘ਤੇ ਮਾਮਲਾ ਦਰਜ ਕਰ ਕੇ ਡੇਢ ਲੱਖ ਰੁਪਏ ‘ਵੱਢੀ’ ਲੈਂਦਿਆਂ ਢਾਈ ਲੱਖ ਹੋਰ ਲੈਣ ਲਈ ਤੰਗ ਕੀਤੇ ਜਾਨ ਬਾਰੇ ਵੀ ਪਤਾ ਲੱਗਾ ਹੈ । ਇਹ ਦੋਸ਼ ਅੱਜ ਸਾਬਕਾ ਵਿਧਾਇਕ ਤਰਸੇਮ ਜੋਧਾਂ ਦੀ ਅਗਵਾਈ ਵਿਚ ਐੱਸਐੱਸਪੀ ਨੂੰ ਸ਼ਿਕਾਇਤ ਲੈ ਕੇ ਮਿਲੇ ਵਫਦ ਵਿਚ ਸ਼ਾਮਲ ਅਵਤਾਰ ਸਿੰਘ ਵਾਸੀ ਪਿੰਡ ਜੋਧਾਂ ਨੇ ਲਾਏ। ਵਫ਼ਦ ਸਮੇਤ ਸਾਬਕਾ ਵਿਧਾਇਕ ਜੋਧਾਂ ਨੇ ਇਸ ਮਾਮਲੇ ਨੂੰ ਬੇਹਦ ਸੰਗੀਨ, ਗੁਰਸਿੱਖ ਨੂੰ ਬੇਇੱਜ਼ਤ ਕਰਨ, ਤਸ਼ੱਦਦ ਕਰਨ ਅਤੇ ਪੁਲਿਸ ਦਾ ਵਹਿਸ਼ੀਪਣ ਕਰਾਰ ਦਿੰਦਿਆਂ ਚਿਤਾਵਨੀ ਦਿੱਤੀ ਕਿ ਕਾਰਵਾਈ ਨਾ ਹੋਈ ਤਾਂ ਜ਼ੋਰਦਾਰ ਸੰਘਰਸ਼ ਕੀਤਾ ਜਾਵੇਗਾ।
ਅਵਤਾਰ ਸਿੰਘ ਨੇ ਦੱਸਿਆ ਕਿ ਬੀਤੀ 17 ਅਕਤੂਬਰ ਨੂੰ ਉਸ ਦੇ ਘਰ ਦੋ ਪੁਲਿਸ ਮੁਲਾਜ਼ਮ ਆਏ ਅਤੇ ਉਸ ਨੂੰ ਇਹ ਕਹਿ ਕੇ ਨਾਲ ਲੈ ਗਏ ਕਿ ਥਾਣਾ ਜੋਧਾਂ ਦੇ ਮੁਖੀ ਨੇ ਬੁਲਾਇਆ ਹੈ। ਜਦੋਂ ਉਸ ਨੂੰ ਪੁਲਿਸ ਪਾਰਟੀ ਥਾਣਾ ਮੁਖੀ ਦੇ ਦਫ਼ਤਰ ਲੈ ਕੇ ਗਈ ਤਾਂ ਦਫ਼ਤਰ ਅੰਦਰ ਦਾਖ਼ਲ ਹੁੰਦਿਆਂ ਹੀ ਗਾਲਾਂ ਕੱਢਦਿਆਂ ਪੁਲਿਸ ਮੁਲਾਜ਼ਮਾਂ ਵੱਲੋਂ ਉਸ ਦੇ ਸਿਰ ਤੋਂ ਪਰਨਾ ਵੀ ਜਬਰਦਸਤੀ ਉਤਾਰ ਦਿੱਤਾ ਗਿਆ। ਥਾਣਾ ਮੁਖੀ ਨੇ ਉਸ ਦੇ ਸਾਰੇ ਕੱਪੜੇ ਉਤਰਵਾ ਕੇ ਹਵਾਲਾਤ ਵਿਚ ਬੰਦ ਕਰ ਦਿੱਤਾ । ਅੱਧੀ ਰਾਤ ਨੂੰ ਮੁਨਸ਼ੀ ਨੇ ਉਸ ਨੂੰ ਹਵਾਲਾਤ ‘ਚੋਂ ਅਲਫ਼ ਨੰਗਾ ਕੱਢ ਕੇ ਕੱਪੜੇ ਦੇ ਦਿੱਤੇ ਅਤੇ ਫਿਰ ਦੂਸਰੇ ਕਮਰੇ ਵਿਚ ਹੱਥਕੜੀ ਲਾ ਕੇ ਮੰਜੇ ਨਾਲ ਬੰਨ੍ਹ ਦਿੱਤਾ ਗਿਆ। ਪੁਲਿਸ ਦੇ ਇਸ ਤਸ਼ੱਦਦ ਦੇ ਅਗਲੇ ਦਿਨ ਮੁਨਸ਼ੀ ਤੋਂ ਪਤਾ ਲੱਗਾ ਕਿ ਪਿੰਡ ਦੇ ਸਰਪੰਚ ਨੇ ਉਸ ਖ਼ਿਲਾਫ਼ ਕੋਈ ਸ਼ਿਕਾਇਤ ਕੀਤੀ ਹੈ ਅਤੇ ਉਸੇ ਸ਼ਾਮ ਨੂੰ ਉਸ ਦੇ (ਅਵਤਾਰ ਸਿੰਘ) ਤੇ ਦੋਵਾਂ ਪੁੱਤਰਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ। ਉਨ੍ਹਾਂ ‘ਤੇ ਲਾਈਆਂ ਧਾਰਾਵਾਂ ਥਾਣੇ ਵਿਚ ਹੀ ਜ਼ਮਾਨਤਯੋਗ ਸਨ ਪਰ ਪੁਲਿਸ ਵੱਲੋਂ ਜ਼ਮਾਨਤਾਂ ਨਾ ਲਈਆਂ ਗਈਆਂ, ਜਿਸ ‘ਤੇ ਉਨ੍ਹਾਂ ਨੇ ਡਰਦਿਆਂ ਪੁਲਿਸ ਨੂੰ ਵਿਚੋਲੇ ਰਾਹੀਂ ਪਹਿਲਾਂ 50 ਹਜ਼ਾਰ ਅਤੇ ਫਿਰ 1 ਲੱਖ ਦੀ ‘ਵੱਢੀ’ ਵੀ ਦਿੱਤੀ। ਇਸ ਤੋਂ ਬਾਅਦ ਵੀ ਪੁਲਿਸ ਵਾਲਿਆਂ ਦੀ ਤਸੱਲੀ ਨਾ ਹੋਈ ਤਾਂ ਉਨ੍ਹਾਂ ਢਾਈ ਲੱਖ ਰੁਪਏ ਹੋਰ ਦੇਣ ਦੀ ਮੰਗ ਕਰ ਦਿੱਤੀ। ਰੁਪਏ ਦੇਣ ਤੋਂ ਅਸਮਰੱਥਾ ਜਤਾਉਣ ‘ਤੇ ਪੁਲਿਸ ਉਸ ਨੂੰ ਲਗਾਤਾਰ ਤੰਗ ਕਰ ਰਹੀ ਹੈ, ਜਿਸ ਤੋਂ ਬਾਅਦ ਉਸ ਨੇ ਜ਼ਮਾਨਤ ਲਈ ਅਦਾਲਤ ਦਾ ਦਰਵਾਜ਼ਾ ਖੜਕਾਇਆ ਤਾਂ ਅਦਾਲਤ ਦੇ ਹੁਕਮਾਂ ‘ਤੇ ਉਹ ਆਪਣੇ ਪੁੱਤਰਾਂ ਸਮੇਤ ਜ਼ਮਾਨਤ ਲਈ ਥਾਣੇ ਗਿਆ ਤਾਂ ਪੁਲਿਸ ਨੇ ਫਿਰ ਉਸ ਦੇ ਅਤੇ ਉਸ ਦੇ ਪੁੱਤ ਗੁਰਪ੍ਰੀਤ ‘ਤੇ 107/151 ਦੀ ਕਾਰਵਾਈ ਕਰ ਦਿੱਤੀ। ਇਸ ਮਾਮਲੇ ‘ਚ ਐੱਸਐੱਸਪੀ ਚਰਨਜੀਤ ਸਿੰਘ ਸੋਹਲ ਨੇ ਦੱਸਿਆ ਕਿ ਉਕਤ ਮਾਮਲੇ ਦੀ ਡੀਐੱਸਪੀ ਦਾਖਾ ਨੂੰ ਜਾਂਚ ਕਰਨ ਦੇ ਨਿਰਦੇਸ਼ ਦੇ ਦਿੱਤੇ ਗਏ ਹਨ।






