ਦੋ ਗੱਡੀਆਂ, ਤਿੰਨ ਪਿਸਟਲ, ਰੌਂਦ ਤੇ ਲੁੱਟ ਦੇ ਪੈਸੇ ਬਰਾਮਦ

ਗੁਰਦਾਸਪੁਰ (ਬਿਊਰੋ) : ਬਾਰਡਰ ਰੇਂਜ ਅੰਮ੍ਰਿਤਸਰ ਦੇ ਆਈਜੀ ਸੁਰਿੰਦਰਪਾਲ ਸਿੰਘ ਪਰਮਾਰ ਅਤੇ ਐੱਸਐੱਸਪੀ ਡਾ. ਰਜਿੰਦਰ ਸਿੰਘ ਸੋਹਲ ਨੇ ਦੱਸਿਆ ਕਿ ਜ਼ਿਲ੍ਹਾ ਗੁਰਦਾਸਪੁਰ ਵਿਖੇ ਕੌਮਾਂਤਰੀ ਸਰਹੱਦ ਨਾਲ ਲਗਦੇ ਥਾਣਾ ਦੌਰਾਂਗਲਾ ਵਿਖੇ 17 ਜਨਵਰੀ ਨੂੰ ਬੀਐੱਸਐੱਫ ਦੀ ਚੌਂਤਰਾ ਪੋਸਟ ‘ਤੇ ਪਾਕਿਸਤਾਨੀ ਸਮੱਗਲਰਾਂ ਵੱਲੋਂ 22 ਪੈਕੇਟ ਹੈਰੋਇਨ ਅਤੇ ਹਥਿਆਰ ਭਾਰਤ ਵੱਲ ਸਮੱਗਲ ਕੀਤੇ ਗਏ ਸਨ। ਇਸ ਸਬੰਧੀ ਥਾਣਾ ਦੌਰਾਂਗਲਾ ਵਿਖੇ ਐੱਨਡੀਪੀਐੱਸ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ। ਮਾਮਲੇ ‘ਚ ਸੁਖਦੀਪ ਘੁੱਦਾ ਪੁੱਤਰ ਨੱਥਾ ਸਿੰਘ, ਵਾਸੀ ਰੁਡਿਆਣਾ ਤੇ ਉਸ ਦੇ ਸਾਥੀਆਂ ਦੀ ਸ਼ਮੂਲੀਅਤ ਸਾਹਮਣੇ ਆਈ ਸੀ। ਇਸ ਤੋਂ ਬਾਅਦ 29 ਜੁਲਾਈ ਨੂੰ ਪਿੰਡ ਰੁਡਿਆਣਾ ਦੇ ਕੋਆਪ੍ਰੇਟਿਵ ਬੈਂਕ ‘ਚ ਸਾਢੇ ਪੰਜ ਲੱਖ ਰੁਪਏ ਦੀ ਡਕੈਤੀ ਹੋਈ ਸੀ। ਇਸ ਸਬੰਧੀ ਥਾਣਾ ਕਲਾਨੌਰ ਵਿਖੇ ਕੇਸ ਦਰਜ ਕੀਤਾ ਗਿਆ ਸੀ। ਇਸ ਤੋਂ ਇਲਾਵਾ ਸੁਖਦੀਪ ਸਿੰਘ ਉਰਫ਼ ਘੁੱਦਾ ਤੇ ਉਸ ਦੇ ਸਾਥੀਆਂ ਵੱਲੋਂ ਕਣਕ ਮੰਡੀ ਹਰਦੋਛੰਨੀ ਵਿਖੇ ਹਰਪ੍ਰੀਤ ਸਿੰਘ ਵਾਸੀ ਬਥਵਾਲਾ ਨੂੰ ਗੋਲੀ ਮਾਰੀ ਗਈ ਸੀ ਜਿਸ ਸਬੰਧੀ 21 ਜੂਨ ਨੂੰ ਥਾਣਾ ਸਦਰ ਗੁਰਦਾਸਪੁਰ ‘ਚ ਮਾਮਲਾ ਦਰਜ ਕੀਤਾ ਗਿਆ ਸੀ।
ਇਨ੍ਹਾਂ ਮਾਮਲਿਆਂ ‘ਚ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਲਈ ਐੱਸਐੱਸਪੀ ਗੁਰਦਾਸਪੁਰ ਡਾ. ਸੋਹਲ ਵੱਲੋਂ ਪੁਲਿਸ ਕਪਤਾਨ (ਇੰਨਵੈਸਟੀਗੇਸ਼ਨ) ਹਰਵਿੰਦਰ ਸਿੰਘ ਸੰਧੂ ਦੀ ਨਿਗਰਾਨੀ ਹੇਠ ਉਪ ਪੁਲਿਸ ਕਪਤਾਨ (ਡਿਟੈਕਟਿਵ) ਰਾਜੇਸ਼ ਕੱਕੜ, ਉਪ ਪੁਲਿਸ ਕਪਤਾਨ (ਸਿਟੀ) ਸੁਖਪਾਲ ਸਿੰਘ, ਉਪ ਪੁਲਿਸ ਕਪਤਾਨ (ਸਬ ਡਵੀਜ਼ਨ ਕਲਾਨੌਰ) ਭਾਰਤ ਭੂਸ਼ਣ ‘ਤੇ ਆਧਾਰਿਤ ਟੀਮ ਦਾ ਗਠਨ ਕੀਤਾ ਗਿਆ ਸੀ। ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਜਿੱਥੇ ਪੁਲਿਸ ਪਾਰਟੀਆਂ ਵੱਲੋਂ ਭਾਲ ਕੀਤੀ ਜਾ ਰਹੀ ਸੀ ਉੱਥੇ ਖ਼ੁਫ਼ੀਆ ਸੂਤਰ ਵੀ ਇਸ ਕੰਮ ‘ਤੇ ਲਗਾਏ ਗਏ ਸਨ। 25 ਅਕਤੂਬਰ ਨੂੰ ਮੁਖਬਰ ਖ਼ਾਸ ਨੇ ਟੀਮ ਨੂੰ ਇਤਲਾਹ ਦਿੱਤੀ ਕਿ ਰੁਡਿਆਣਾ ਬੈਂਕ ਡਕੈਤੀ ‘ਚ ਵਰਤੀ ਗਈ ਸਵਿਫਟ ਕਾਰ ਨੰਬਰ ਡੀਐੱਨ-2ਸੀਐੱਫ-9754 ਰਾਹੀਂ ਸੁਖਦੀਪ ਸਿੰਘ ਘੁੱਦਾ ਅਤੇ ਹਰਵਿੰਦਰ ਸਿੰਘ ਉਰਫ਼ ਦੋਧੀ, ਵਾਸੀ ਮੁਰਾਦਪੁਰ, ਥਾਣਾ ਕੰਬੋਜ, ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ, ਦੋਸਤਪੁਰ ਵੱਲੋਂ ਆ ਰਹੇ ਹਨ। ਪੁਲਿਸ ਦੀ ਟੀਮ ਨੇ ਚੁਫੇਰਿਓਂ ਗੱਡੀ ਨੂੰ ਕਾਬੂ ਕਰਨ ਲਈ ਇਸ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ ਉਕਤ ਕਾਰ ਨੂੰ ਚੌੜਾ ਚੌਕ ਥਾਣਾ ਕਲਾਨੌਰ ਵਿਖੇ ਘੇਰ ਲਿਆ। ਗੱਡੀ ‘ਚ ਸਵਾਰ ਵਿਅਕਤੀਆਂ ਨੂੰ ਕਾਬੂ ਕਰ ਕੇ ਪੁੱਛਗਿੱਛ ਕਰਨ ‘ਤੇ ਉਨ੍ਹਾਂ ਵਿੱਚੋਂ ਇਕ ਨੇ ਆਪਣਾ ਨਾਂ ਸੁਖਦੀਪ ਸਿੰਘ ਉਰਫ਼ ਘੁੱਦਾ ਪੁੱਤਰ ਨੱਥਾ ਸਿੰਘ, ਵਾਸੀ ਰੁਡਿਆਣਾ ਅਤੇ ਦੂਸਰੇ ਨੇ ਆਪਣੇ ਨਾਂ ਹਰਵਿੰਦਰ ਸਿੰਘ ਉਰਫ ਦੋਧੀ ਪੁੱਤਰ ਦਿਲਬਾਗ ਸਿੰਘ, ਵਾਸੀ ਮੁਰਾਦਪੁਰ ਥਾਣਾ ਕੰਬੋਜ, ਜ਼ਿਲ੍ਹਾ ਅੰਮ੍ਰਿਤਸਰ ਦੱਸਿਆ।
ਤਲਾਸ਼ੀ ਲੈਣ ‘ਤੇ ਕਾਰ ਡੈਸ਼ ਬੋਰਡ ‘ਚੋਂ ਚਾਲੀ ਹਜ਼ਾਰ ਰੁਪਏ ਵੀ ਮਿਲੇ। ਦੋਵਾਂ ਮੁਲਜ਼ਮਾਂ ਦੀ ਤਲਾਸ਼ੀ ਲਏ ਜਾਣ ‘ਤੇ ਉਨ੍ਹਾਂ ਕੋਲੋਂ ਇਕ 30 ਬੋਰ ਦੀ ਇਕ ਪਿਸਟਲ, 15 ਰੌਂਦ, 32 ਬੋਰ ਦੀ ਇਕ ਪਿਸਟਲ, 6 ਰੌਂਦ ਬਰਾਮਦ ਹੋਏ। ਮੁਲਜ਼ਮਾਂ ਨੇ ਪੁੱਛਗਿੱਛ ਕਰਨ ‘ਤੇ ਮੰਨਿਆ ਕਿ ਉਨ੍ਹਾਂ ਨੇ 17 ਜਨਵਰੀ ਨੂੰ ਚੌਂਤਰਾ ਪੋਸਟ ਰਾਹੀਂ ਪਾਕਿਸਤਾਨੀ ਸਮੱਗਲਰਾਂ ਨਾਲ ਮਿਲ ਕੇ 22 ਪੈਕੇਟ ਹੈਰੋਇਨ ਮੰਗਵਾਈ ਸੀ, ਜੋ ਬੀਐੱਸਐੱਫ ਨੇ ਫੜ ਲਈ ਸੀ।
ਘੁੱਦਾ ਨੇ ਦੱਸਿਆ ਕਿ ਹੈਰੋਇਨ ਮੰਗਵਾਉਣ ‘ਚ ਉਨ੍ਹਾਂ ਨਾਲ ਹਰਜੀਤ ਸਿੰਘ ਉਰਫ ਜੀਤਾ ਪੁੱਤਰ ਗੁਰਮੇਜ ਸਿੰਘ, ਵਾਸੀ ਸ਼ਹੂਰ ਕਲਾਂ ਥਾਣਾ ਕਲਾਨੌਰ ਵੀ ਸ਼ਾਮਲ ਸੀ। ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਤਿੰਨਾਂ ਨੇ 29 ਜੁਲਾਈ ਨੂੰ ਕੋਆਪ੍ਰੇਟਿਵ ਬੈਂਕ ਰੁਡਿਆਣਾ ਤੋਂ ਸਾਢੇ ਪੰਜ ਲੱਖ ਰੁਪਏ ਲੁੱਟੇ ਸਨ, ਜਿਨ੍ਹਾਂ ਵਿੱਚੋਂ ਬਰਾਮਦ ਕੀਤੇ ਗਏ 40 ਹਜ਼ਾਰ ਰੁਪਏ ਹੀ ਬਚੇ ਹਨ। ਮੁਲਜ਼ਮਾਂ ਪਾਸੋਂ ਕਣਕ ਮੰਡੀ ਹਰਦੋਛੰਨੀ ਵਾਲੀ ਵਾਰਦਤ ‘ਚ ਵਰਤੀ ਗਈ ਸਵਿਫਟ ਡਿਜਾਇਰ ਕਾਰ ਵੀ ਬਰਾਮਦ ਕਰ ਲਈ ਗਈ ਹੈ।






