17.1 C
Chandigarh

TODAY NOW NEWS

Friday, March 20, 2026
HomeBREAKING NEWSਚੰਡੀਗੜ੍ਹ ਪੁਲਿਸ ਦੀ ਹੋ ਰਹੀ ਤਾਰੀਫ਼ ; ਗੁਜਰਾਤ ਦੇ ਜੋੜੇ ਦਾ ਆਟੋ...

ਚੰਡੀਗੜ੍ਹ ਪੁਲਿਸ ਦੀ ਹੋ ਰਹੀ ਤਾਰੀਫ਼ ; ਗੁਜਰਾਤ ਦੇ ਜੋੜੇ ਦਾ ਆਟੋ ’ਚ ਰਿਹਾ ਗਹਿਣਿਆਂ ਵਾਲਾ ਬੈਗ,

ਚੰਡੀਗੜ੍ਹ : ‘We Care For You’ ਇਹ ਚੰਡੀਗੜ੍ਹ ਪੁਲਿਸ ਦਾ ਨਾਅਰਾ ਹੈ। ਪੁਲਿਸ ਟੀਮ ਨੇ ਆਪਣੇ ਇਸ ਸਲੋਗਨ ਨੂੰ ਸਹੀ ਸਾਬਿਤ ਕੀਤਾ ਹੈ। ਵਿਭਾਗ ਵੱਲੋਂ ਪੁਲਿਸ ਦੇ ਇਸ ਕੰਮ ਦੀ ਸ਼ਲਾਘਾ ਹੋ ਰਹੀ ਹੈ। ਦਰਅਸਲ ਚੰਡੀਗੜ੍ਹ ਪੁਲਿਸ ਨੇ ਗੁਜਰਾਤ ਦੇ ਇਕ ਜੋੜੇ ਦਾ ਬੈਗ, ਜੋ ਇਕ ਆਟੋ ’ਚ ਰਹਿ ਗਿਆ ਸੀ, ਨੂੰ 24 ਘੰਟਿਆਂ ’ਚ ਲੱਭ ਲਿਆ। ਬੈਗ ਵਿਚ ਗਹਿਣੇ ਸਨ, ਜੋ ਜੋੜੇ ਨੂੰ ਸੁਰੱਖਿਅਤ ਸੌਂਪ ਦਿੱਤੇ ਗਏ। ਇਸ ਤੋਂ ਬਾਅਦ ਜੋੜੇ ਨੇ ਚੰਡੀਗੜ੍ਹ ਪੁਲਿਸ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਦਾ ਧੰਨਵਾਦ ਕੀਤਾ।

ਜ਼ਿਕਰਯੋਗ ਹੈ ਕਿ ਗੁਜਰਾਤ ਦਾ ਰਹਿਣ ਵਾਲਾ ਬਲੀ ਪਟੇਲ 10 ਜੂਨ ਨੂੰ ਆਪਣੀ ਪਤਨੀ ਸੂਰਤ ਨਾਲ ਹਿਮਾਚਲ ਪ੍ਰਦੇਸ਼ ਦੇ ਮਨਾਲੀ ਅਤੇ ਸ਼ਿਮਲਾ ਘੁੰਮਣ ਆਇਆ ਸੀ। ਪਹਾੜਾਂ ’ਚ ਘੁੰਮਣ ਤੋਂ ਬਾਅਦ ਇਹ ਜੋੜਾ ਵਾਪਸ ਗੁਜਰਾਤ ਜਾਣ ਲਈ ਚੰਡੀਗੜ੍ਹ ਪਹੁੰਚਿਆ ਸੀ। 16 ਜੂਨ ਨੂੰ ਇਹ ਜੋੜਾ ਚੰਡੀਗੜ੍ਹ ਪਹੁੰਚਿਆ ਅਤੇ ਇਕ ਦਿਨ ਚੰਡੀਗੜ੍ਹ ਘੁੰਮਣ ਤੋਂ ਬਾਅਦ 18 ਜੂਨ ਨੂੰ ਚੰਡੀਗੜ੍ਹ ਤੋਂ ਟਰੇਨ ਸੀ। ਦੋਵੇਂ ਪਤੀ-ਪਤਨੀ ਕਜਹੇੜੀ ਦੇ ਹੋਟਲ ਵਿਚ ਰੁਕੇ ਸਨ। 18 ਜੂਨ ਨੂੰ ਜਦੋਂ ਉਹ ਸਵੇਰੇ ਚੰਡੀਗੜ੍ਹ ਰੇਲਵੇ ਸਟੇਸ਼ਨ ’ਤੇ ਜਾਣ ਲਈ ਨਿਕਲੇ ਤਾਂ ਉਸ ਕੋਲ ਸਾਮਾਨ ਜ਼ਿਆਦਾ ਹੋਣ ਕਾਰਨ ਉਨ੍ਹਾਂ ਨੂੰ ਦੋ ਅਲੱਗ-ਅਲੱਗ ਆਟੋ ਕਰਵਾਉਣੇ ਪਏ। ਦੋਵੇਂ ਆਟੋ ਲੈ ਕੇ ਜੋੜਾ ਰੇਲਵੇ ਸਟੇਸ਼ਨ ਪਹੁੰਚਿਆ ਅਤੇ ਆਟੋ ਤੋਂ ਸਾਮਾਨ ਉਤਾਰ ਕੇ ਟਰੇਨ ਫੜਨ ਲਈ ਪਲੈਟਫਾਰਮ ਵੱਲ ਵਧਣ ਲੱਗਿਆ ਪਰ ਉਹ ਇਕ ਆਟੋ ਵਿੱਚੋਂ ਆਪਣਾ ਇਕ ਬੈਗ ਉਤਾਰਨਾ ਭੁੱਲ ਗਏ। ਬੈਗ ਵਿਚ ਸਾਮਾਨ ਸਮੇਤ ਸੋਨੇ ਦੇ ਗਹਿਣੇ ਸਨ, ਜਿਨ੍ਹਾਂ ਦੀ ਕੀਮਤ ਸਾਢੇ 5 ਲੱਖ ਰੁਪਏ ਸੀ।ਟਰੇਨ ਦੇ ਰਵਾਨਾ ਹੋਣ ਦਾ ਸਮਾਂ ਹੋ ਗਿਆ ਸੀ ਪਰ ਜਿਵੇਂ ਹੀ ਉਨ੍ਹਾਂ ਨੂੰ ਯਾਦ ਆਇਆ ਕਿ ਉਹ ਬੈਗ ਆਟੋ ’ਚ ਭੱੁਲ ਗਏ ਹਨ, ਉਦੋਂ ਤਕ ਆਟੋ ਚਾਲਕ ਉੱਥੋਂ ਚਲਾ ਗਿਆ ਸੀ। ਇਸ ’ਤੇ ਉਨ੍ਹਾਂ ਦੀ ਟੈਨਸ਼ਨ ਵੱਧ ਗਈ ਤੇ ਉਨ੍ਹਾਂ ਪੁਲਿਸ ਨੂੰ ਸੂਚਨਾ ਦਿੱਤੀ। ਇਸ ਤੋਂ ਬਾਅਦ ਮਾਮਲੇ ਦੀ ਸੂਚਨਾ ਮਿਲਦਿਆਂ ਹੀ ਏਐੱਸਪੀ ਦੱਖਣੀ/ਪੱਛਮੀ ਮਿ੍ਰਦੁਲ ਦੀ ਨਿਗਰਾਨੀ ਹੇਠ ਪੁਲਿਸ ਟੀਮ ਦਾ ਗਠਨ ਕੀਤਾ ਗਿਆ। ਟੀਮ ਨੇ ਆਟੋ ਚਾਲਕ ਨੂੰ ਲੱਭਣ ਲਈ ਕਮਰ ਕੱਸ ਲਈ ਅਤੇ ਆਖਰਕਾਰ ਲਗਪਗ 24 ਘੰਟਿਆਂ ਦੀ ਮਿਹਨਤ ਰੰਗ ਲਿਆਈ ਅਤੇ ਪੁਲਿਸ ਟੀਮ ਨੇ ਉਸ ਆਟੋ ਨੂੰ ਲੱਭ ਲਿਆ, ਜਿਸ ਵਿੱਚ ਜੋੜੇ ਦਾ ਗਹਿਣਿਆਂ ਵਾਲਾ ਬੈਗ ਸੀ।

ਪੰਚਕੂਲਾ ਦਾ ਨਿਕਲਿਆ ਆਟੋ, ਪੁਲਿਸ ਨੇ ਕੈਮਰਿਆਂ ਦੀ ਮਦਦ ਨਾਲ ਲੱਭਿਆ

ਆਟੋ ਨੂੰ ਲੱਭਣ ਲਈ ਬਣਾਈ ਗਈ ਟੀਮ ਵਿਚ ਸੈਕਟਰ-61 ਪੁਲਿਸ ਚੌਕੀ ਦੇ ਇੰਚਾਰਜ ਸਬ-ਇੰਸਪੈਕਟਰ ਨਵੀਨ ਕੁਮਾਰ ਨੂੰ ਬੈਗ ਨੂੰ ਸੁਰੱਖਿਅਤ ਲੱਭਣ ਦੀ ਜ਼ਿੰਮੇਵਾਰੀ ਦਿੱਤੀ ਗਈ ਸੀ। ਐੱਸਆਈ ਨਵੀਨ ਕੁਮਾਰ ਅਤੇ ਉਨ੍ਹਾਂ ਦੀ ਟੀਮ ਨੇ ਸ਼ਹਿਰ ਵਿਚ ਲਗਾਏ ਗਏ ਹਾਈਟੈੱਕ ਸੀਸੀਟੀਵੀ ਕੈਮਰਿਆਂ ਦੀ ਮਦਦ ਨਾਲ ਹਰ ਹਿੱਸੇ ਦੀ ਤਲਾਸ਼ੀ ਲਈ। ਕਰੀਬ 24 ਘੰਟਿਆਂ ’ਚ ਆਟੋ ਦਾ ਨੰਬਰ ਪਤਾ ਕਰਨ ਤੋਂ ਬਾਅਦ ਪੁਲਿਸ ਟੀਮ ਆਟੋ ਚਾਲਕ ਦੇ ਘਰ ਗਈ ਅਤੇ ਆਟੋ ’ਚੋਂ ਬੈਗ ਬਰਾਮਦ ਕੀਤਾ। ਐੱਸਆਈ ਨਵੀਨ ਕੁਮਾਰ ਨੇ ਦੱਸਿਆ ਕਿ ਆਟੋ ਚਾਲਕ ਦਾ ਪਤਾ ਪੰਚਕੂਲਾ ਦੇ ਚੰਡੀਮੰਦਰ ਦਾ ਨਿਕਲਿਆ ਅਤੇ ਪੁਲਿਸ ਨੇ ਆਟੋ ਚਾਲਕ ਦੇ ਪਤੇ ’ਤੇ ਪਹੁੰਚ ਕੇ ਘਰ ਵਿਚ ਖੜ੍ਹੇ ਆਟੋ ’ਚੋਂ ਬੈਗ ਕਬਜ਼ੇ ਵਿਚ ਲੈ ਲਿਆ। ਉਸ ਨੇ ਦੱਸਿਆ ਕਿ ਬੈਗ ਆਟੋ ਦੀ ਡਿੱਗੀ ਵਿਚ ਰੱਖਿਆ ਹੋਇਆ ਸੀ ਅਤੇ ਡਰਾਈਵਰ ਨੂੰ ਬੈਗ ਦਾ ਪਤਾ ਨਹੀਂ ਸੀ।

ਪੁਲਿਸ ਵਿਭਾਗ ਦੀ ਹੋ ਰਹੀ ਸ਼ਲਾਘਾ

ਇਸ ਤੋਂ ਬਾਅਦ ਪੁਲਿਸ ਟੀਮ ਆਟੋ ਚਾਲਕ ਤਕ ਪਹੁੰਚੀ ਅਤੇ ਜੋੜੇ ਦਾ ਬੈਗ ਲੈ ਕੇ ਗੁਜਰਾਤ ਤੋਂ ਆਏ ਜੋੜੇ ਨੂੰ ਸੁਰੱਖਿਅਤ ਸੌਂਪ ਦਿੱਤਾ। ਇਹ ਜੋੜਾ ਹੁਣ ਖ਼ੁਸ਼ੀ-ਖ਼ੁਸ਼ੀ ਚੰਡੀਗੜ੍ਹ ਤੋਂ ਵਾਪਸ ਗਿਆ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀ ਚੰਡੀਗੜ੍ਹ ਪੁਲਿਸ ਅਜਿਹੇ ਕੰਮਾਂ ਨੂੰ ਸਫਲਤਾਪੂਰਵਕ ਅੰਜਾਮ ਦੇ ਚੁੱਕੀ ਹੈ। ਉਥੇ ਹੀ ਇਸ ਘਟਨਾ ਤੋਂ ਬਾਅਦ ਪੁਲਸ ਦੀ ਕਾਫੀ ਤਾਰੀਫ਼ ਹੋ ਰਹੀ ਹੈ।

Today Now News

RELATED ARTICLES
- Advertisment -

POPULAR POSTS