17.1 C
Chandigarh

TODAY NOW NEWS

Thursday, March 19, 2026

‘ਗੋਆ’ ਇੱਕ ਜੰਨਤ

Sandhu Handeep Singh

‘ਗੋਆ’ ਬਾਰੇ ਸੋਚਦੇ ਹੀ ਇੱਕ ਜੰਨਤ ਜਿਹੀਆੰ ਤਸਵੀਰਾੰ ਮਨ ਚ ਉੱਕਰ ਜਾੰਦੀਆੰ । ਸੋਨੇ ਰੰਗੇ ਤੇ ਟੈਲਕਮ ਪਾਊਡਰ ਵਰਗੀ ਮੁਲਾਇਮ ਫੀਲ ਵਾਲੇ ਸਮੁੰਦਰੀ ਕੰਢੇ, ਦਿਲ ਖਿੱਚਵੇੰ ਪੁਰਾਣੀ ਸ਼ੈਲੀ ਦੇ ਘਰ, ਇਤਿਹਾਸਕ ਪੁਰਾਤਨ ਚਰਚ ਤੇ ਵਿਲੱਖਣ ਰਸੋਈ ਸ਼ੈਲੀ ਜਿਹੜੀ ਕਿ ਹਿੰਦੁਸਤਾਨੀ ਤੇ ਪੁਰਤਗਾਲੀ ਕਲਾਵਾੰ ਦੇ ਸੁਮੇਲ ਕਰਕੇ ਹੋੰਦ ਚ ਆਈ ਪਿਛਲੇ 450 ਸਾਲ ਦੇ ਲੰਮੇ ਅਰਸੇ ਦੌਰਾਨ ।
ਪੁਰਤਗਾਲੀਆੰ ਨੇੰ ਸੋਲਵੀੰ ਸਦੀ ਚ ਗੋਆ ਦੀ ਧਰਤੀ ਤੇ ਪਹਿਲੀ ਵਾਰੀ ਕਦਮ ਰੱਖਿਆ ਤੇ ਆਪਣੇ ਨਾਲ ਵਿਦੇਸ਼ੀ ਧਰਤੀਆੰ ਤੋੰ ਬਹੁਤ ਸਾਰੇ ਫਲ ਤੇ ਸਬਜ਼ੀਆੰ ਲੈਕੇ ਆਏ ਆਪਣੇ ਵਪਾਰੀਆੰ ਰਾਹੀੰ ਜਿੰਨਾ ਦੇ ਵੱਖ ਵੱਖ ਮੁਲਕਾੰ ਨਾਲ ਵਪਾਰਕ ਸੰਬੰਧ ਸਨ । ਉਹ ਵੱਖ ਵੱਖ ਚੀਜ਼ਾੰ ਜਿੰਨਾੰ ਨੂੰ ਆਪਾੰ ਰੋਜ਼ ਹੀ ਵਰਤਦੇ ਹਾੰ ਤੇ ਆਪਣੀ ਰੋਜ਼ ਮਰਾ ਦੀ ਖੁਰਾਕ ਦਾ ਹਿੱਸਾ ਹਨ, ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਉਹ ਪੁਰਤਗਾਲੀ ਸਮੁੰਦਰੀ ਜਹਾਜ਼ਾੰ ਰਾਹੀੰ ਆਪਣੇ ਡਾਈਨਿੰਗ ਟੇਬਲ ਤੇ ਪਹੁੰਚੀਆੰ ਜਿਵੇੰ ਕਿ ਆਲੂ, ਟਮਾਟਰ, ਮਿਰਚਾੰ, ਅਨਾਨਾਸ ਅਤੇ ਕਾਜੂ ।
ਕਾਜੂ ਦੀ ਉਤਪਤੀ ਬ੍ਰਾਜ਼ੀਲ ਦੀ ਧਰਤੀ ਦੀ ਮੰਨੀ ਜਾੰਦੀ ਹੈ, ਜਿਹੜੀ ਕਿ ਉਸ ਸਮੇੰ ਪੁਰਤਗਾਲੀ ਬਸਤੀ ਸੀ । ਕਾਜੂ ਦੇ ਦਰੱਖਤ ਮਿੱਟੀ ਦੀ ਬੇਹੱਦ ਉਪਜਾਊ ਉੱਪਰਲੀ ਤਹਿ ਬਚਾਉਣ ਲਈ ਲਾਏ ਗਏ ਸੀ ਜੋ ਗੋਆ ਦੇ ਭਾਰੀ ਮੌਨਸੂਨ ਕਾਰਨ ਵਹਿ ਜਾੰਦੀ ਸੀ । ਪਰ ਛੇਤੀ ਹੀ ਇਹ ਸਾਫ ਹੋ ਗਿਆ ਕਿ ਹਿੰਦੁਸਤਾਨ ਦੀ ਧਰਤੀ ਕਾਜੂਆੰ ਦੀ ਖੇਤੀ ਲਈ ਬਹੁਤ ਢੁੱਕਵੀੰ ਸੀ, ਬ੍ਰਾਜ਼ੀਲ ਦੀ ਧਰਤੀ ਤੋੰ ਵੀ । ਅੱਜ ਹਿੰਦੁਸਤਾਨ ਸੰਸਾਰ ਦੇ ਮੋਹਰੀ ਕਾਜੂ ਉਤਪਾਦਕ ਮੁਲਕਾੰ ਚ ਗਿਣਿਆ ਜਾੰਦਾ ਹੈ ।


ਕਾਜੂਆੰ ਦੇ ਬੇਤਹਾਸ਼ਾ ਵਾਧੇ ਕਾਰਨ ਗੋਆ ਦੇ ਤੇਜ਼ ਤੇ ਖੋਜੀ ਲੋਕ ਇਸਦੇ ਗੁਣਾੰ ਤੋੰ ਜਾਣੂ ਹੋ ਗਏ ਤੇ ਜਲਦੀ ਹੀ ਉਹ ਇਸਦੀ ਵਰਤੋੰ ਘਰੇ ਦੇਸੀ ਦਾਰੂ ਕੱਢਣ ਲਈ ਕਰਨ ਲੱਗੇ ਜਿਸਨੂੰ ‘ਫੈਨੀ’ ਦੇ ਨਾਮ ਨਾਲ ਜਾਣਿਆ ਜਾੰਦਾ ਹੈ । ਹਾਲਾੰਕਿ ਅਜੇ ਤੱਕ ਇਹ ਪਤਾ ਨਹੀੰ ਲੱਗ ਸਕਿਆ ਕਿ ਸਭ ਤੋੰ ਪਹਿਲਾੰ ਇਸਦੀ ਸ਼ੁਰੂਆਤ ਕਿਸਨੇ ਕੀਤੀ ਪਰ 1740 ਦੇ ਸਰਕਾਰੀ ਰਿਕਾਰਡਾੰ ਚ ਇਸਦੀ ਵਰਤੋੰ ਦਾ ਜ਼ਿਕਰ ਮਿਲਦਾ ਹੈ । ਫੈਨੀ ਕੈਸ਼ਿਊ ਐਪਲ ਤੋੰ ਬਣਦੀ ਹੈ ਜੋ ਕਾਜੂ ਦਾ ਫਲ ਹੁੰਦਾ ਹੈ ਤੇ ਇਸਦੇ ਸਿਰੇ ਤੇ ਕਾਜੂ ਲੱਗਿਆ ਹੁੰਦਾ ਹੈ । ਜਦੋੰ ਕਾਜੂ ਦਾ ਫਲ ਪੱਕਕੇ ਦਰੱਖਤ ਤੋੰ ਝੜ ਜਾੰਦਾ ਹੈ ਤਾੰ ਫੈਨੀ ਬਣਾਉਣ ਲਈ ਵਰਤਿਆ ਜਾੰਦਾ ਹੈ, ਪਹਿਲੇ ਪਹਿਲ ਉਹੀ ਫਲ ਵਰਤੇ ਜਾੰਦੇ ਸੀ ਜਿੰਨਾੰ ਨੂੰ ਬੇਕਾਰ ਸਮਝਕੇ ਸਿੱਟ ਦਿੱਤਾ ਜਾੰਦਾ ਸੀ । ਫੈਨੀ ਦੀ ਵਰਤੋੰ ਕਰਕੇ ਪੁਰਤਗਾਲੀ ਔਥੋਰਟੀ ਵੀ ਫਿਕਰਮੰਦ ਹੋਈ ਕਿਉੰਕਿ ਇਸ ਨਾਲ ਮਨਜ਼ੂਰਸ਼ੁਦਾ ਅਲਕੋਹਲ ਦੀ ਵਿਕਰੀ ਨਾਲ ਹੋਣ ਵਾਲੀ ਕਮਾਈ ਤੇ ਟੈਕਸ ਤੇ ਭਾਰੀ ਅਸਰ ਪਿਆ ।
ਹੁਣ ਰੋਚਕ ਗੱਲ ਇਹ ਹੈ ਕਿ ‘ਫੈਨੀ’ ਨਾਮ ਦੀਆੰ ਗਹਿਰੀਆੰ ਜੜਾਂ ਹਿੰਦੁਸਤਾਨ ਨਾਲ ਜੁੜੀਆੰ ਹੋਈਆੰ ਹਨ । ਇਹ ਸ਼ਬਦ ਸੰਸਕ੍ਰਿਤ ਦੇ ‘ਫੇਨਾ’ ਤੋੰ ਵਿਗੜ ਕੇ ਫੈਨੀ ਬਣਿਆ ਜਿਸਦਾ ਮਤਲਬ ਹੁੰਦਾ ਹੈ ਝੱਗ । ਉਹ ਝੱਗ ਜੋ ਛੋਟੇ ਛੋਟੇ ਬੁਲਬਲਿਆੰ ਦੇ ਰੂਪ ਚ ਬਣਦੀ ਹੈ ਜਦੋੰ ਫੈਨੀ ਨੂੰ ਬੋਤਲ ਜਾੰ ਗਲਾਸ ਚ ਪਾਇਆ ਜਾੰਦਾ ਹੈ ।


ਫੈਨੀ ਬਣਾਉਣ ਦੀ ਲੰਮੀ ਤੇ ਗੁੰਝਲਦਾਰ ਪਰਿਕ੍ਰਿਆ ਚ ਬਹੁਤ ਲੋਕ ਕੰਮ ਕਰਦੇ ਹਨ ਜਿੰਨਾੰ ਚ ਸਭ ਤੋੰ ਮਹੱਤਵਪੂਰਨ ਹੁੰਦੇ ਹਨ ‘ਕੈਸ਼ਿਊ ਐਪਲ ਪਿੱਕਰ’ ਜਿਹੜੇ ਕਿ ਫਰਮਨਟੇਸ਼ਨ ਲਈ ਢੁੱਕਵਾੰ ਫਲ ਚੁਣਦੇ ਨੇੰ । ਉਸ ਤੋੰ ਬਾਦ ਉਹਨਾੰ ਨੂੰ ਛਾੰਟ ਕੇ ਕੁਚਲਣ ਵਾਲੀ ਜਗਾ ਤੇ ਲਿਜਾਇਆ ਜਾੰਦਾ ਹੈ ਜਿਸਨੂੰ ‘ਕੋਲਮਬੀ’ ਕਿਹਾ ਜਾੰਦਾ ਹੈ । ਕੁਚਲਣ ਲਈ ਪੱਥਰ ਦੀ ਵਰਤੋੰ ਕੀਤੀ ਜਾੰਦੀ ਸੀ ਪਰ ਹੁਣ ਪ੍ਰੈਸ ਵਰਤੀ ਜਾੰਦੀ ਹੈ ਜੋ ਪਿੰਜਰੇ ਦੇ ਆਕਾਰ ਚ ਹੁੰਦੀ ਹੈ । ਇਹ ਪ੍ਰੈਸ ਐਪਲ ਨੂੰ ਕੁਚਲ ਕੇ ਰਸ ਕੱਢ ਲੈੰਦੀ ਹੈ । ਕਈ ਘੰਟਿਆੰ ਬਾਦ ਜਦੋੰ ਫਲ ਦਾ ਪਲਪ ਹੀ ਬਚਦਾ ਹੈ ਤਾੰ ਉਸਨੂੰ ਗੋਲ ਚਕਲੇ ਵਰਗੀ ਸਤਾ ਤੇ ਰੱਖਕੇ ਉਸਤੇ ਭਾਰੀ ਪੱਥਰ ਰੱਖ ਦਿੱਤਾ ਜਾੰਦਾ ਹੈ ਤਾੰਕਿ ਬਚਿਆ ਖੁਚਿਆ ਰਸ ਵੀ ਨਿੱਕਲ ਜਾਵੇ ਜਿਸਨੂੰ ‘ਨੀਰੋ’ ਕਿਹਾ ਜਾੰਦਾ ਹੈ ।
ਨੀਰੋ ਨੂੰ ਉਸਤੋੰ ਬਾਦ ਮਿੱਟੀ ਦੇ ਵੱਡੇ ਭਾੰਡੇ ਚ ਪਾਇਆ ਜਾੰਦਾ ਹੈ ਜਿਸਨੂੰ ਕੋਡਮ ਕਿਹਾ ਜਾੰਦਾ ਤੇ ਫਰਮਨਟੇਸ਼ਨ ਲਈ ਵਰਤਿਆ ਜਾੰਦਾ ਹੈ । ਜਦੋੰ ਤਿੰਨ ਦਿਨਾੰ ਬਾਦ ਨੀਰੋ ਚੋੰ ਬੁਲਬੁਲੇ ਨਿੱਕਲਣੇ ਬੰਦ ਹੋ ਜਾੰਦੇ ਹਨ ਤਾੰ ਉਹ ਡਿਸਟਿਲਿੰਗ ਲਈ ਤਿਆਰ ਹੁੰਦਾ ਹੈ । ਯੂਰਾਕ ਪਹਿਲੇ ਤੋੜ ਦੀ ਨੂੰ ਕਿਹਾ ਜਾੰਦਾ ਤੇ ਉਸ ਚ 12-16 % ਅਲਕੋਹਲ ਹੁੰਦਾ ਹੈ, ਉਸਤੋੰ ਬਾਦ ਦੂਜੇ ਤੋੜ ਦੀ ਕੈਜ਼ੀਲੋ । ਜਦੋੰ ਡਿਸਟਿਲ ਹੋਕੇ ਆਖਰ ਫੈਨੀ ਤਿਆਰ ਹੁੰਦੀ ਹੈ ਤਾੰ ਉਸ ਚ ਅਲਕੋਹਲ ਦੀ ਮਾਤਰਾ 42-46 % ਹੁੰਦੀ ਹੈ ।
ਤੇ ਨਤੀਜੇ ਚ ਮਿਲਦੀ ਹੈ ਬਹੁਤ ਹੀ ਤੇਜ਼ ਸਵਾਦ ਤੇ ਗੰਧ ਵਾਲੀ ਬੇਹੱਦ ਨਸ਼ੀਲੀ ਸ਼ਰਾਬ ‘ਫੈਨੀ’ ।
ਫੈਨੀ ਦੀ ਵਿਲੱਖਣਤਾ ਦਾ ਅੰਦਾਜ਼ਾ ਇਸ ਤੋੰ ਲਗਾਇਆ ਜਾ ਸਕਦਾ ਹੈ ਕਿ ਇਹ ਪਹਿਲਾ ਭਾਰਤੀ ਅਲਕੋਹਲ ਡਰਿੰਕ ਹੈ ਜਿਸਨੂੰ ਬਹੁਤ ਮਾਣਮੱਤਾ GGI ਰਜਿਸਟ੍ਰੇਸ਼ਨ ਮਿਲਿਆ ਹੈ ਜਿਸਦਾ ਮਤਲਬ ਕਿ ਅਸਲੀ ਫੈਨੀ ਸਿਰਫ ਗੋਆ ਤੋੰ ਹੀ ਹੋਰ ਦੁਨੀਆ ਚ ਐਕਸਪੋਰਟ ਕੀਤੀ ਜਾ ਸਕਦੀ ਹੈ । ਇਸਨੇ ਫੈਨੀ ਨੂੰ ਸਕੌਚ, ਸ਼ੈਮਪੈਨ, ਕੌਗਨੈਕ ਤੇ ਦਾਰਜੀਲਿੰਗ ਦੀ ਚਾਹ ਦੀ ਕਤਾਰ ਚ ਖੜਾ ਕਰ ਦਿੱਤਾ ਹੈ । ਫੈਨੀ ਨੂੰ ਇਹ ਪ੍ਰਾਪਤੀ ਬਹੁਤ ਸਖਤ ਸੰਘਰਸ਼ ਤੋੰ ਬਾਦ 2009 ਚ ਹਾਸਲ ਹੋਈ ।
ਦਵਿਜਨ ਰੰਗਨੇਕਰ ਇੰਗਲੈੰਡ ਦੀ ਵਾਰਵਿਕ ਯੂਨੀਵਰਸਿਟੀ ਚ ਕਾਨੂੰਨ ਦੀ ਪੜਾਈ ਕਰਾਉੰਦੇ ਨੇੰ ਤੇ ਉਹਨਾੰ ਨੇੰ ਸੋਲਵੀੰ ਸਦੀ ਦੇ ਇਟਾਲੀਅਨ ਮੁਸਾਫਰ ਲੁਡੀਵੀਕੋ ਡੀ ਵਾਰਥੇਮਾ ਦੀ ਕਹੀ ਗੱਲ ਦਾ ਜ਼ਿਕਰ ਕੀਤਾ ਕਿ ‘ਫੈਨੀ, ਸਿਰਫ ਸੁੰਘਣ ਨਾਲ ਹੀ ਆਦਮੀ ਦਾ ਦਿਮਾਗ ਘੁਮਾ ਦਿੰਦੀ ਹੈ, ਪੀਣਾ ਤਾੰ ਦੂਰ ਦੀ ਗੱਲ ‘।
ਬਦਕਿਸਮਤੀ ਨਾਲ, GI ਟੈਗ ਹੋਣ ਦੇ ਬਾਵਜੂਦ ਵੀ ਫੈਨੀ ਨੂੰ ਬਰੈੰਡਿਡ ਜਾੰ ਵੱਡੇ ਤਰੀਕੇ ਨਾਲ ਮਾਰਕਿਟ ਚ ਉਤਾਰਿਆ ਨਹੀੰ ਜਾ ਸਕਿਆ ਕਿਉੰਕਿ ਸਰਕਾਰੀ ਕਾਗਜ਼ਾੰ ਚ ਇਹ ਅਜੇ ਵੀ ਦੇਸੀ ਦਾਰੂ ਹੀ ਸੀ । ਪਰ ਹੁਣ ਇਸਨੂੰ ‘Heritage Brew’ ਦਾ ਦਰਜਾ ਦੇਣ ਲਈ ਕੋਸ਼ਿਸ਼ਾੰ ਜਾਰੀ ਨੇੰ ।
ਕੌਣ ਜਾਣਦਾ, ਕਿਸੇ ਦਿਨ ਫੈਨੀ ਗੋਆ ਦੀ ਸਭ ਤੋੰ ਵੱਡੀ ਐਕਸਪੋਰਟ ਹੋਵੇ ਤੇ ਉਹ ਕਰੇ ਜੋ ਟੈਕੀਲਾ ਨੇ ਮੈਕਸੀਕੋ ਤੇ ਸਕੌਚ ਨੇੰ ਸਕੌਟਲੈੰਡ ਲਈ ਕੀਤਾ ।
ਇੱਕ ‘ਬਿਲੀਅਨ ਡਾਲਰ ਇੰਡਸਟਰੀ’ ਦੀ ਸਥਾਪਨਾ ।
Sandhu handeep Singh

Today Now News

RELATED ARTICLES
- Advertisment -

POPULAR POSTS