ਜਦੋਂ ਮਨੁੱਖ ਨੇ ਫ਼ਸਲਾਂ ਦੀ ਕਾਸ਼ਤ ਸ਼ੁਰੂ ਕੀਤੀ ਤਾਂ ਕੁਝ ਘਾਹ ਖਾਣ ਵਾਲੇ ਜਾਨਵਰ ਉਸ ਦੀਆਂ ਫ਼ਸਲਾਂ ਖਾਣ ਆਏ ਹੋਣਗੇ। ਉਨ੍ਹਾਂ ’ਚ ਹੀ ਢੁੱਠ ਵਾਲੇ ਬਲਦ ਵੀ ਸਨ। ਮਨੁੱਖ ਨੇ ਉਦੋਂ ਤੀਕ ਹਲ ਦੀ ਕਾਢ ਕੱਢ ਲਈ ਸੀ। ਕਿਸੇ ਮਨੁੱਖ ਨੂੰ ਬਲਦਾਂ ਦੀ ਵਰਤੋਂ ਹਲ ਖਿੱਚਣ ’ਚ ਕਰਨ ਦਾ ਫੁਰਨਾ ਆਇਆ ਹੋਵੇਗਾ। ਇੰਝ ਬਲਦਾਂ ਨੂੰ ਕਾਬੂ ਕਰ ਕੇ ਉਨ੍ਹਾਂ ਤੋਂ ਹਲ ਨੂੰ ਖਿੱਚਣ ਦਾ ਕੰਮ ਲੈਣਾ ਸ਼ੁਰੂ ਕੀਤਾ ਗਿਆ। ਸਾਮਾਨ ਨੂੰ ਇਕ ਥਾਂ ਤੋਂ ਦੂਜੀ ਥਾਂ ’ਤੇ ਲੈ ਕੇ ਜਾਣ ਲਈ ਕਿਸੇ ਸਾਧਨ ਦੀ ਲੋੜ ਸੀ।

ਮਨੁੱਖ ਨੇ ਗੱਡੀ ਬਣਾਈ। ਉਦੋਂ ਤੀਕ ਪਹੀਏ ਬਾਰੇ ਮਨੁੱਖ ਨੂੰ ਸੋਝੀ ਨਹੀਂ ਸੀ। ਇਸ ਕਰਕੇ ਇਹ ਗੱਡੀਆਂ ਬਿਨਾਂ ਪਹੀਆਂ ਤੋਂ ਹੀ ਸਨ। ਬਲਦਾਂ ਦੀ ਖੇਤੀ ’ਚ ਵਰਤੋਂ ਨਾਲ ਖੇਤੀ ’ਚ ਚੋਖਾ ਵਿਸਤਾਰ ਹੋਇਆ। ਖੇਤੀ ’ਚ ਬਲਦਾਂ ਦੀ ਵਰਤੋਂ ਕੋਈ 5000 ਸਾਲ ਪਹਿਲਾਂ ਸ਼ੁਰੂ ਹੋਈ। ਗਊਆਂ ਦੀ ਪਾਲਣਾ ਵੱਛੜਿਆਂ ਲਈ ਸੀ। ਗਊ ਦੇ ਦੁੱਧ ਦੀ ਵਰਤੋਂ ਨੇ ਇਸ ਨੂੰ ਮਨੁੱਖ ਦਾ ਸਭ ਤੋਂ ਮਹੱਤਵਪੂਰਨ ਪਸ਼ੂ ਬਣਾ ਦਿੱਤਾ।
ਮਨੁੱਖ, ਖੇਤੀ, ਸੱਭਿਆਚਾਰ ਅਤੇ ਪਸ਼ੂਆਂ ਦਾ ਆਪੋ ’ਚ ਅਨਿੱਖੜਵਾਂ ਰਿਸ਼ਤਾ ਹੈ। ਮਨੁੱਖੀ ਵਿਕਾਸ ਦੇ ਇਹ ਚਾਰ ਥੰਮ੍ਹ ਹਨ। ਪੰਜਾਬੀਆਂ ਦਾ ਤਾਂ ਪਸ਼ੂਆਂ ਨਾਲ ਸਭ ਤੋਂ ਵੱਧ ਪਿਆਰ ਹੈ। ਸਾਡੇ ਬਜ਼ੁਰਗ ਜਿਨ੍ਹਾਂ ਨੂੰ ਆਰੀਅਨ ਆਖਿਆ ਜਾਂਦਾ ਹੈ, ਉਹ ਪਸ਼ੂ ਪਾਲਕ ਹੀ ਸਨ। ਗਊਆਂ ਪਾਲਣਾ ਉਨ੍ਹਾਂ ਦਾ ਸ਼ੌਕ ਤੇ ਕਿੱਤਾ ਸੀ। ਭਾਰਤ ’ਚ ਸਭ ਤੋਂ ਪਹਿਲਾਂ ਉਨ੍ਹਾਂ ਦੀ ਆਮਦ ਪੰਜਾਬ ’ਚ ਹੋਈ। ਪੰਜਾਬ ਦੀ ਪ੍ਰਸਿੱਧੀ ਇੱਥੋਂ ਦੇ ਦਰਿਆਵਾਂ, ਉਪਜਾਊ ਧਰਤੀ ਤੇ ਖੁੱਲ੍ਹੀਆਂ ਚਰਾਂਦਾਂ ਕਾਰਨ ਸਾਰੇ ਪਾਸੇ ਫੈਲ ਚੁੱਕੀ ਸੀ। ਆਰੀਅਨ ਆਪਣੀਆਂ ਗਊਆਂ ਦੇ ਵੱਗ ਲੈ ਕੇ ਚਰਾਂਦਾਂ ਦੀ ਭਾਲ ’ਚ ਹੀ ਪੰਜਾਬ ਆਏ ਤੇ ਇੱਥੋਂ ਦੇ ਦਰਿਆਵਾਂ ਕੰਢੇ ਡੇਰੇ ਲਾ ਲਏ। ਆਪ ਉਹ ਘੋੜਿਆਂ ਦੀ ਸਵਾਰੀ ਕਰਦੇ ਸਨ। ਘੋੜਿਆਂ ਉੱਤੇ ਚੜ੍ਹ ਕੇ ਹੀ ਉਹ ਆਪਣੀਆਂ ਗਊਆਂ ਦੀ ਰਖਵਾਲੀ ਕਰਦੇ ਸਨ। ਇੰਝ ਭਾਰਤ ’ਚ ਘੋੜੇ ਆਰੀਅਨ ਦੇ ਨਾਲ ਹੀ ਆਏ।
ਮਸ਼ੀਨੀਕਰਨ ਤੋਂ ਪਹਿਲਾਂ ਹੁਣ ਤੱਕ ਘਰ ਦੀ ਖ਼ੁਸ਼ਹਾਲੀ ਦਾ ਪ੍ਰਤੀਕ ਘੋੜੀ ਅਤੇ ਲਵੇਰਿਆਂ ਦਾ ਹੋਣਾ ਹੀ ਸੀ। ਪੰਜਾਬੀਆਂ ਦੇ ਮਿਹਨਤਕਸ਼ ਜੁੱਸੇ ਨੂੰ ਤਾਕਤਵਰ ਰੱਖਣ ਲਈ ਦੁੱਧ ਇਕ ਸੰਪੂਰਨ ਖ਼ੁਰਾਕ ਸੀ। ਦੁੱਧ ਦੀ ਵੀ ਔਲਾਦ ਵਾਂਗ ਹੀ ਕਦਰ ਸੀ। ਦੁੱਧ ਦਾ ਵੇਚਣਾ ਔਲਾਦ ਦੇ ਵੇਚਣ ਵਾਂਗ ਸਮਝਿਆ ਜਾਂਦਾ ਸੀ। ਧੰਨਾ ਭਗਤ ਜੀ ਨੇ ਪਰਮਾਤਮਾ ਤੋਂ ਸੁਖੀ ਜੀਵਨ ਲਈ ਪਸ਼ੂਆਂ ਦਾ ਹੀ ਸਾਥ ਮੰਗਿਆ ਹੈ। ਉਨ੍ਹਾਂ ਦੇ ਇਸ ਸ਼ਬਦ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ’ਚ ਦਰਜ ਕੀਤਾ ਗਿਆ ਹੈ :
ਦਾਲਿ ਸੀਧਾ ਮਾਗਉ ਘੀਉ॥
ਹਮਰਾ ਖੁਸੀ ਕਰੈ ਨਿਤ ਜੀਉ॥
ਪਨ੍ਹਹੀਆ ਛਾਦਨੁ ਨੀਕਾ॥
ਅਨਾਜੁ ਮਗਉ ਸਤ ਸੀ ਕਾ॥
ਗਊ ਭੈਸ ਮਗਉ ਲਾਵੇਰੀ॥
ਇਕ ਤਾਜਨਿ ਤੁਰੀ ਚੰਗੇਰੀ॥
ਰੁਕ ਜਾਣਗੀਆਂ ਕਿਸਾਨ ਖ਼ੁਦਕੁਸ਼ੀਆਂ
ਦੁੱਧ ਤੇ ਪੁੱਤ ਪੰਜਾਬੀਆਂ ਦੇ ਜੀਵਨ ਦਾ ਸਭ ਤੋਂ ਮਹੱਤਵਪੂਰਨ ਅੰਗ ਰਿਹਾ ਹੈ। ਸ਼ਹਿਰਾਂ ’ਚ ਮਜਬੂਰੀਆਂ ਕਾਰਨ ਹੁਣ ਲਵੇਰੇ ਰੱਖਣ ਦਾ ਰਿਵਾਜ ਹਟ ਗਿਆ ਹੈ ਪਰ ਪਿੰਡਾਂ ’ਚ ਅਜੇ ਵੀ ਘਰ ’ਚ ਪੁੱਤ ਤੇ ਦੁੱਧ ਦਾ ਹੋਣਾ ਜ਼ਰੂਰੀ ਮੰਨਿਆ ਜਾਂਦਾ ਹੈ।
ਮਸ਼ੀਨਾਂ ਦੀ ਆਮਦ ਨੇ ਬਲਦਾਂ ਦੀ ਹੋਂਦ ਖ਼ਤਮ ਹੀ ਕਰ ਦਿੱਤੀ ਹੈ। ਕਿਸਾਨਾਂ ਦੀ ਆਰਥਿਕ ਸਥਿਤੀ ’ਚ ਸੁਧਾਰ ਲਵੇਰੇ ਹੀ ਕਰ ਸਕਦੇ ਹਨ। ਪੰਜਾਬ ’ਚ ਪ੍ਰਤੀ ਲਵੇਰੀ ਦੁੱਧ ਦੀ ਪੈਦਾਵਾਰ ਸਾਰੇ ਦੇਸ਼ ਤੋਂ ਵੱਧ ਹੈ। ਇਸ ’ਚ ਹੋਰ ਵਾਧਾ ਹੋ ਸਕਦਾ ਹੈ।
ਪੰਜਾਬੀ ਮੁੱਢ ਕਦੀਮ ਤੋਂ ਹੀ ਗਊ ਪਾਲਕ ਰਹੇ ਹਨ। ਇੱਥੇ ਸਾਰਾ ਸਾਲ ਹਰਾ ਚਾਰਾ ਮਿਲਦਾ ਹੈ। ਆਓ ਲਵੇਰੀਆਂ ਪਾਲੀਏ, ਆਮਦਨ ’ਚ ਵਾਧਾ ਕਰੀਏ ਤੇ ਨਸ਼ਿਆਂ ਦੀ ਥਾਂ ਦੁੱਧ ਪੀਣ ਦੀ ਰਵਾਇਤ ਨੂੰ ਮੁੜ ਜੀਵਨ ਦਾ ਹਿੱਸਾ ਬਣਾਈਏ। ਲਵੇਰੀਆਂ ਦੀ ਪਾਲਣਾ ਕੰਮ ’ਚ ਵੀ ਵਾਧਾ ਕਰਦੀ ਹੈ, ਜਿਸ ਨਾਲ ਕਿਸਾਨ ਦੇ ਜੀਵਨ ਦੀ ਵਿਹਲ ਘਟਦੀ ਹੈ ਤੇ ਨਸ਼ਿਆਂ ਤੋਂ ਜਾਨ ਛੁੱਟਦੀ ਹੈ ਪਰ ਇਹ ਜਰੂਰੀ ਹੈ ਕਿ ਪਸ਼ੂਆਂ ਦਾ ਧਿਆਨ ਬੱਚਿਆਂ ਵਾਂਗ ਰੱਖਣਾ ਪਵੇਗਾ ਤੇ ਉਨ੍ਹਾਂ ਨੂੰ ਪਹਿਲਾਂ ਵਾਂਗ ਘਰ ਦੇ ਮੈਂਬਰ ਹੀ ਸਮਝਣਾ ਪਵੇਗਾ। ਇਸ ਨਾਲ ਕਿਸਾਨ ਦੀ ਆਮਦਨ ’ਚ ਵੀ ਵਾਧਾ ਹੋਵੇਗਾ ਤੇ ਖ਼ੁਦਕੁਸ਼ੀਆਂ ਨੂੰ ਰੋਕਿਆ ਜਾ ਸਕੇਗਾ।
ਪੰਜਾਬ ’ਚ ਸਾਰਾ ਸਾਲ ਮਿਲਦੈ ਚਾਰਾ
ਪੰਜਾਬ ’ਚ ਸਾਰੇ ਛੇ ਮੌਸਮ ਆਉਂਦੇ ਹਨ। ਇੱਥੋਂ ਦੀ ਸਾਰੀ ਧਰਤੀ ਸੇਂਜੂ ਹੈ, ਜਿਸ ਕਰਕੇ ਸਾਰਾ ਸਾਲ ਹਰਾ ਚਾਰਾ ਪ੍ਰਾਪਤ ਹੋ ਜਾਂਦਾ ਹੈ। ਪਸ਼ੂ ਪਾਲਣ ਲਈ ਪੰਜਾਬ ਇਕ ਵਧੀਆ ਖਿੱਤਾ ਹੈ। ਇੱਥੇ ਸੰਸਾਰ ਦੀਆਂ ਸਭ ਤੋਂ ਵਧੀਆ ਨਸਲ ਦੀਆਂ ਮੱਝਾਂ ਮਿਲਦੀਆਂ ਹਨ। ਗੁਰੂ ਅੰਗਦ ਦੇਵ ਵੈਟਨਰੀ ਐਂਡ ਐਨੀਮਲ ਸਾਇੰਸਜ਼ ਯੂਨੀਵਰਸਿਟੀ ਦੇ ਉਪ ਕੁਲਪਤੀ ਡਾ. ਇੰਦਰਜੀਤ ਸਿੰਘ ਇਨ੍ਹਾਂ ਨੂੰ ਕਾਲਾ ਸੋਨਾ ਆਖਦੇ ਹਨ। ਪੰਜਾਬ ’ਚ ਦੇਸ਼ ਦੇ ਕੁੱਲ ਦੁਧਾਰੂਆਂ ਦਾ ਦੋ ਫ਼ੀਸਦੀ ਤੋਂ ਹੀ ਘੱਟ ਹਿੱਸਾ ਹੈ ਜਦਕਿ ਇੱਥੇ ਕੁਲ ਦੁੱਧ ਉਤਪਾਦਨ ਦਾ 6.7 ਫ਼ੀਸਦੀ ਪੈਦਾ ਹੁੰਦਾ ਹੈ। ਪੰਜਾਬ ’ਚ ਪ੍ਰਤੀ ਪਸ਼ੂ ਦੁੱਧ ਦੀ ਪੈਦਾਵਾਰ ਸਾਰੇ ਦੇਸ਼ ਨਾਲੋਂ ਵੱਧ ਹੈ। ਪੰਜਾਬ ’ਚ ਪ੍ਰਤੀ ਵਿਅਕਤੀ ਦੁੱਧ ਦੀ ਉਪਲਬਧਤਾ ਵੀ 1221 ਗ੍ਰਾਮ ਰੋਜ਼ਾਨਾ ਹੈ ਜਦੋਂ ਕਿ ਦੇਸ਼ ਦੀ ਔਸਤ 406 ਗ੍ਰਾਮ ਪ੍ਰਤੀ ਵਿਅਕਤੀ ਹੈ। ਪੰਜਾਬ ’ਚ ਸਾਰੀ ਖੇਤੀ ਦਾ ਮਸ਼ੀਨੀਕਰਨ ਹੋਣ ਕਰਕੇ ਹੁਣ ਗਊਆਂ ਦੀ ਥਾਂ ਮੱਝਾਂ ਪਾਲਣ ਵੱਲ ਵਧੇਰੇ ਧਿਆਨ ਦੇਣ ਦੀ ਲੋੜ ਹੈ ਕਿਉਂਕਿ ਹੁਣ ਖੇਤੀ ਲਈ ਬਲਦਾਂ ਦੀ ਲੋੜ ਨਹੀਂ ਹੈ। ਇੰਝ ਅਵਾਰਾ ਪਸ਼ੂਆਂ ਦੀ ਗਿਣਤੀ ’ਚ ਵਾਧਾ ਹੁੰਦਾ ਹੈ ਜਦੋਂ ਕਿ ਮੱਝਾਂ ਵਿਚ ਅਜਿਹਾ ਨਹੀਂ ਹੈ। ਪੰਜਾਬ ’ਚ ਮੱਝਾਂ ਦੇ ਮੀਟ ਦੀ ਫੈਕਟਰੀ ਲੱਗੀ ਹੋਣ ਕਰਕੇ ਸਾਰੇ ਡੰਗਰ ਵਿਕ ਜਾਂਦੇ ਹਨ। ਛੋਟੇ ਕਿਸਾਨਾਂ ਨੂੰ ਇਸ ਪਾਸੇ ਜ਼ਰੂਰ ਮੁੜਨਾ ਚਾਹੀਦਾ ਹੈ। ਇਸ ਨਾਲ ਪਰਿਵਾਰ ਲਈ ਰੁਜ਼ਗਾਰ ’ਚ ਵਾਧਾ ਹੋਵੇਗਾ ਤੇ ਘਰ ਰੋਜ਼ ਆਮਦਨ ਆਉਣ ਲੱਗ ਪਵੇਗੀ। ਖੇਤਾਂ ਲਈ ਰੂੜੀ ਮਿਲੇਗੀ, ਜਿਸ ਨਾਲ ਰਸਾਇਣਕ ਖਾਦਾਂ ਉੱਤੇ ਨਿਰਭਰਤਾ ਘਟੇਗੀ। ਇਸ ਦੇ ਨਾਲ ਹੀ ਜੇ ਸਬਜ਼ੀਆਂ ਦੀ ਕਾਸ਼ਤ ਵੀ ਸ਼ੁਰੂ ਹੋ ਜਾਵੇ ਤਾਂ ਮਹਿੰਗੇ ਭਾਅ ਠੇਕੇ ਉੱਤੇ ਜ਼ਮੀਨ ਲੈ ਕੇ ਕਣਕ-ਝੋਨਾ ਬੀਜਣ ਦੀ ਲੋੜ ਨਹੀਂ ਰਹੇਗੀ। ਟ੍ਰੈਕਟਰ ਤੋਂ ਪੂਰਾ ਕੰਮ ਲੈਣ ਲਈ ਦੂਜੇ ਕਿਸਾਨਾਂ ਦੇ ਖੇਤਾਂ ਦੀ ਵਹਾਈ ਕੀਤੀ ਜਾ ਸਕਦੀ ਹੈ। ਘਰ ਦਾ ਦੁੱਧ ਅਤੇ ਜ਼ਹਿਰ ਰਹਿਤ ਤਾਜ਼ੀਆਂ ਸਬਜ਼ੀਆਂ ਖਾਣ ਨੂੰ ਪ੍ਰਾਪਣ ਹੋਣਗੀਆਂ।
ਦੁੱਧ ਦੀ ਵਿਕਰੀ ’ਚ ਨਹੀਂ ਆਉਂਦੀ ਕੋਈ ਦਿੱਕਤ
ਦੁੱਧ ਦੀ ਵਿਕਰੀ ’ਚ ਕੋਈ ਦਿੱਕਤ ਆਉਣ ਦੀ ਸੰਭਾਵਨਾ ਨਹੀਂ ਹੈ। ਮਿਲਕਫੈੱਡ ਰਾਹੀਂ ਨਿਰਧਾਰਤ ਕੀਮਤ ਉੱਤੇ ਦੁੱਧ ਦੀ ਖ਼ਰੀਦ ਕੀਤੀ ਜਾਂਦੀ ਹੈ। ਦੂਜੀਆਂ ਕੰਪਨੀਆਂ ਵੀ ਇਸੇ ਨੂੰ ਆਪਣਾ ਆਧਾਰ ਮੰਨਦੀਆਂ ਹਨ। ਡੇਅਰੀ ਫਾਰਮਿੰਗ ਨੂੰ ਉਤਸ਼ਾਹਿਤ ਕਰਨ ਲਈ ਸਰਕਾਰ ਦੇ ਸਹਿਯੋਗ ਦੀ ਵੀ ਲੋੜ ਹੈ। ਮੱਝਾਂ ਖ਼ਰੀਦਣ ਲਈ ਵਿਆਜ ਰਹਿਤ ਕਰਜ਼ਾ ਦਿੱਤਾ ਜਾਵੇ। ਪਸ਼ੂਆਂ ਦੇ ਬੀਮੇ ਦੀ ਕਿਸ਼ਤ ਸਰਕਾਰ ਵੱਲੋਂ ਭਰੀ ਜਾਵੇ। ਕਰਜ਼ੇ ਦੀ ਵਸੂਲੀ ਮਿਲਕਫੈੱਡ ਰਾਹੀਂ ਕੀਤੀ ਜਾਵੇ। ਵਧੀਆ ਪਸ਼ੂ ਖ਼ੁਰਾਕ ਰਿਆਇਤੀ ਕੀਮਤ ਉੱਤੇ ਕਿਸਾਨਾਂ ਨੂੰ ਦਿੱਤੀ ਜਾਵੇ। ਡੰਗਰਾਂ ਲਈ ਡਾਕਟਰੀ ਸਹੂਲਤਾਂ ਨੂੰ ਪਿੰਡਾਂ ’ਚ ਹੋਰ ਮਜ਼ਬੂਤ ਕੀਤਾ ਜਾਵੇ। ਅਜਿਹਾ ਕਰ ਕੇ ਕਿਸਾਨ ਦੀ ਆਮਦਨ ਵਿਸ਼ੇਸ਼ ਕਰਕੇ ਛੋਟੇ ਕਿਸਾਨਾਂ ਦੀ ਆਮਦਨ ’ਚ ਵਾਧਾ ਯਕੀਨੀ ਹੋ ਜਾਵੇਗਾ।
ਟੁੱਟੇਗੀ ਖੇਤੀ ’ਚ ਆਈ ਖੜੋਤ
ਬਲਦ ਦੀ ਮਹੱਤਤਾ ਨੂੰ ਹੀ ਵੇਖ ਸ਼ਾਇਦ ਇਹ ਆਖਿਆ ਗਿਆ ਸੀ ਕਿ ਧਰਤੀ ਬਲਦ ਨੇ ਸਿੰਗਾਂ ਉੱਤੇ ਚੁੱਕੀ ਹੋਈ ਹੈ। ਉਦੋਂ ਸੱਚਮੁੱਚ ਗਊ ਤੇ ਬਲਦ ਹੀ ਭਾਰਤੀ ਆਰਥਿਕਤਾ ਅਤੇ ਜੀਵਨ ਦਾ ਆਧਾਰ ਸੀ। ਇਸੇ ਕਰਕੇ ਹੀ ਗਊ ਨੂੰ ਮਾਤਾ ਦਾ ਦਰਜਾ ਦਿੱਤਾ ਗਿਆ ਤੇ ਉਸ ਦੀ ਪੂਜਾ ਹੋਣ ਲੱਗੀ। ਜਦੋਂ ਤੀਕ ਸਿੱਕੇ ਜਾਂ ਦੌਲਤ ਹੋਂਦ ਵਿਚ ਨਹੀਂ ਸੀ ਆਈ, ਉਦੋਂ ਤੀਕ ਗਊ ਹੀ ਦੌਲਤ ਦਾ ਰੂਪ ਸੀ। ਕਬੀਲਿਆਂ ’ਚ ਸਾਰਾ ਲੈਣ-ਦੇਣ ਗਊਆਂ ਦੇ ਰੂਪ ’ਚ ਹੁੰਦਾ ਸੀ। ਜਿੰਨੀਆਂ ਵੱਧ ਗਊਆਂ ਦਾ ਕੋਈ ਮਾਲਕ ਹੁੰਦਾ ਸੀ, ਓਨਾ ਹੀ ਉੱਚਾ ਸਮਾਜ ’ਚ ਉਸ ਦਾ ਰੁਤਬਾ ਮੰਨਿਆ ਜਾਂਦਾ ਸੀ। ਘਰ ’ਚ ਦੁੱਧ ਤੇ ਪੁੱਤ ਦਾ ਹੋਣਾ ਜ਼ਰੂਰੀ ਮੰਨਿਆ ਜਾਂਦਾ ਸੀ। ਪੁੱਤਾਂ ਦੀ ਲੋੜ ਖੇਤੀ ਲਈ ਜ਼ਰੂਰੀ ਸੀ। ਇਸੇ ਤਰ੍ਹਾਂ ਪਸ਼ੂਆਂ ਬਗੈਰ ਖੇਤੀ ਸੰਭਵ ਨਹੀਂ ਸੀ। ਲਵੇਰੀਆਂ ਦੁੱਧ ਦਿੰਦੀਆਂ ਤੇ ਉਨ੍ਹਾਂ ਦੇ ਪੁੱਤਰ ਖੇਤੀ ’ਚ ਧਰਤੀ ਪੁੱਤਰਾਂ ਦਾ ਸਾਥ ਦਿੰਦੇ ਸਨ। ਹੁਣ ਵੀ ਪੰਜਾਬ ਦੀ ਖੇਤੀ ਵਿਚ ਆਈ ਖੜੋਤ ਨੂੰ ਤੋੜਨ ਲਈ ਲਵੇਰਿਆਂ ਦੀ ਲੋੜ ਹੈ। ਪੰਜਾਬੀ ਮੁੱਢ ਕਦੀਮ ਤੋਂ ਪਸ਼ੂ ਪਾਲਕ ਰਹੇ ਹਨ। ਲਵੇਰਿਆਂ ਦਾ ਸਾਥ ਉਹ ਜ਼ਰੂਰੀ ਸਮਝਦੇ ਰਹੇ ਹਨ। ਹੁਣ ਵੀ ਪੰਜਾਬ ਦੀ ਖੇਤੀ ਖੜੋਤ ਨੂੰ ਲਵੇਰੇ ਹੀ ਤੋੜ ਸਕਦੇ ਹਨ।






