27 ਅਗਸਤ ਤਕ ਵੱਧੀ ਹਿਰਾਸਤ

ਲੰਡਨ, (ਏਜੰਸੀ) : ਬ੍ਰਿਟੇਨ ਦੀ ਇਕ ਅਦਾਲਤ ਨੇ ਵੀਰਵਾਰ ਨੂੰ ਭਗੌੜਾ ਹੀਰਾ ਵਪਾਰੀ ਨੀਰਵ ਮੋਦੀ ਦੀ ਹਿਰਾਸਤ ਵਿਚ 27 ਅਗਸਤ ਤੱਕ ਵਾਧਾ ਕੀਤਾ ਹੈ। ਸੁਣਵਾਈ ਦੌਰਾਨ, ਨੀਰਵ ਮੋਦੀ ‘ਤੇ ਪੰਜਾਬ ਨੈਸ਼ਨਲ ਬੈਂਕ (ਪੀਐੱਨਬੀ) ਧੋਖਾਧੜੀ ਅਤੇ ਮਨੀ ਲਾਂਡਰਿੰਗ ਦੇ ਕੇਸ ਦਾ ਵੀਡੀਓ ਲਿੰਕਿੰਗ ਦੇ ਜ਼ਰੀਏ ਲੰਡਨ ਦੀ ਵੈਸਟਮਿੰਸਟਰ ਮੈਜਿਸਟ੍ਰੇਟ ਦੀ ਅਦਾਲਤ ਵਿੱਚ ਪੇਸ਼ ਹੋਇਆ। ਨੀਰਵ ਪਿਛਲੇ ਸਾਲ ਮਾਰਚ ਵਿਚ ਗ੍ਰਿਫਤਾਰ ਕੀਤੇ ਜਾਣ ਤੋਂ ਬਾਅਦ ਦੱਖਣ-ਪੱਛਮੀ ਲੰਡਨ ਦੀ ਵੈਂਡਸਵਰਥ ਜੇਲ੍ਹ ਵਿਚ ਬੰਦ ਹੈ। ਭਾਰਤ ਬ੍ਰਿਟੇਨ ਤੋਂ 49 ਸਾਲਾਂ ਭਗੌੜਾ ਹੀਰਾ ਵਪਾਰੀ ਦੀ ਹਵਾਲਗੀ ਕਰਾਉਣ ਦੀ ਕੋਸ਼ਿਸ਼ ਕਰ ਰਿਹਾ ਹੈ।ਨੀਰਵ ਦੀ ਹਵਾਲਗੀ ‘ਤੇ ਸੁਣਵਾਈ ਦਾ ਅਗਲਾ ਪੜਾਅ 7 ਸਤੰਬਰ ਤੋਂ ਹੋਵੇਗਾ, ਜੋ ਪੰਜ ਦਿਨਾਂ ਤੱਕ ਚੱਲੇਗਾ। ਅਦਾਲਤ ਨੇ ਕਿਹਾ ਕਿ ਇਸ ਸੁਣਵਾਈ ਦੌਰਾਨ ਉਹ ਵੀਡੀਓ ਲਿੰਕਿੰਗ ਰਾਹੀਂ ਅਦਾਲਤ ਵਿੱਚ ਆਪਣੀ ਹਾਜ਼ਰੀ ਦਰਜ਼ ਕਰਵਾ ਸਕਦਾ ਹੈ। ਉਸਦਾ ਵਕੀਲ ਅਦਾਲਤ ਵਿਚ ਪੇਸ਼ ਹੋ ਸਕਦਾ ਹੈ। ਨੀਰਵ ਖਿਲਾਫ ਦੋ ਹੋਰ ਦੋਸ਼ ਵੀ ਲਗਾਏ ਗਏ ਹਨ। ਇਨ੍ਹਾਂ ਵਿਚ ਸਬੂਤਾਂ ਨੂੰ ਮਿਟਾਉਣਾ ਅਤੇ ਗਵਾਹਾਂ ਨੂੰ ਡਰਾਉਣਾ ਜਾਂ ਪ੍ਰਭਾਵਿਤ ਕਰਨਾ ਸ਼ਾਮਲ ਹੈ। ਅਦਾਲਤ ਨੇ ਇਨ੍ਹਾਂ ਦੋਸ਼ਾਂ ਦੀ ਸੁਣਵਾਈ ਕਰਦਿਆਂ ਕਿਹਾ ਕਿ ਦੋਵੇਂ ਪਿਛਲੇ ਕੇਸ ਨਾਲ ਜੁੜੇ ਹੋਏ ਹਨ, ਇਸ ਲਈ ਉਹ ਸਤੰਬਰ ਵਿੱਚ ਹੀ ਇਨ੍ਹਾਂ ‘ਤੇ ਫੈਸਲਾ ਦੇਵੇਗੀ।






