ਮੁਖਰਜੀ ਨੂੰ ਬੀਤੀ 10 ਅਗਸਤ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਸੀ। ਸੋਮਵਾਰ ਸਵੇਰੇ ਹਸਪਤਾਲ ਵੱਲੋਂ ਜਾਰੀ ਸਿਹਤ ਬੁਲੇਟਿਨ ‘ਚ ਕਿਹਾ ਗਿਆ ਸੀ ਉਹ ਕੋਮਾ ‘ਚ ਹਨ ਉਨ੍ਹਾਂ ਨੂੰ ਵੈਂਟੀਲੇਟਰ ‘ਤੇ ਰੱਖਿਆ ਗਿਆ ਹੈ।

ਨਵੀਂ ਦਿੱਲੀ (ਏਜੰਸੀ) : ਦੇਸ਼ ਦੀ ਰਾਜਨੀਤਿਕ ਪ੍ਰਣਾਲੀ ਨੂੰ ਉਸ ਸਮੇਂ ਇੱਕ ਬਹੁਤ ਵੱਡਾ ਝਟਕਾ ਲੱਗਾ ਜਦੋਂ ਦੇਸ਼ ਦੇ ਸਰਬਉੱਚ ਨਾਗਰਿਕ ਪੁਰਸਕਾਰ ਭਾਰਤ ਰਤਨ ਨਾਲ ਸਨਮਾਨਿਤ ਸਾਬਕਾ ਰਾਸ਼ਟਰਪਤੀ ਪ੍ਰਣਾਬ ਮੁਖਰਜੀ ਦਾ ਸੋਮਵਾਰ ਸ਼ਾਮ ਨੂੰ ਜਿੱਥੇ ਆਰਮੀ ਆਰਆਰ (ਰਿਸਰਚ ਐੱਡ ਰੇਫਰਲ) ਹਸਪਤਾਲ ‘ਚ ਦੇਹਾਂਤ ਹੋ ਗਿਆ । ਇਹ ਜਾਣਕਾਰੀ ਉਨ੍ਹਾਂ ਦੇ ਪੁੱਤਰ ਅਭਿਜੀਤ ਨੇ ਦਿੱਤੀ। ਸਾਬਕਾ ਰਾਸ਼ਟਰਪਤੀ ਮੁਖਰਜੀ 84 ਸਾਲ ਦੇ ਸਨ। ਮੁਖਰਜੀ 2012 ਤੋਂ 2017 ਤਕ ਦੇਸ਼ ਦੇ 13ਵੇਂ ਰਾਸ਼ਟਰਪਤੀ ਰਹੇ। ਰਾਸ਼ਟਰਪਤੀ ਰਾਮਨਾਥ ਕੋਵਿੰਦ, ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਸਮੇਤ ਕਈ ਆਗੂ ਤੇ ਮਹਾਨ ਹਸਤੀਆਂ ਨੇ ਪ੍ਰਣਾਬ ਮੁਖਰਜੀ ਦੇ ਦੇਹਾਂਤ ‘ਤੇ ਗਹਿਰਾ ਸ਼ੋਕ ਵਿਅਕਤ ਕੀਤਾ ਹੈ। ਸਾਬਕਾ ਰਾਸ਼ਟਰਪਤੀ ਪ੍ਰਣਾਬ ਮੁਖਰਜੀ ਨੂੰ ਅੱਜ ਦਿੱਲੀ ‘ਚ ਪੂਰੇ ਸਨਮਾਨ ਨਾਲ ਅੰਤਿਮ ਵਿਦਾਈ ਦਿੱਤੀ ਜਾਵੇਗੀ। ਮੁਖਰਜੀ ਨੂੰ ਬੀਤੀ 10 ਅਗਸਤ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਸੀ। ਸੋਮਵਾਰ ਸਵੇਰੇ ਹਸਪਤਾਲ ਵੱਲੋਂ ਜਾਰੀ ਸਿਹਤ ਬੁਲੇਟਿਨ ‘ਚ ਕਿਹਾ ਗਿਆ ਸੀ ਉਹ ਕੋਮਾ ‘ਚ ਹਨ ਉਨ੍ਹਾਂ ਨੂੰ ਵੈਂਟੀਲੇਟਰ ‘ਤੇ ਰੱਖਿਆ ਗਿਆ ਹੈ।
ਪਰਿਵਾਰ ਨੇ ਦੱਸਿਆ ਕਿ ਦੇਹ ਦੇ ਅੰਤਿਮ ਦਰਸ਼ਨ ਉਨ੍ਹਾਂ ਦੇ ਨਿਵਾਸ ਸਥਾਨ (10, ਰਾਜਾਜੀ ਮਾਰਗ, ਨਵੀਂ ਦਿੱਲੀ) ‘ਤੇ ਅੱਜ 1 ਸਤੰਬਰ ਨੂੰ ਸਵੇਰੇ 11:00 ਤੋਂ 12:00 ਵਜੇ ਤਕ ਕੀਤੇ ਜਾ ਸਕਣਗੇ। ਉਨ੍ਹਾਂ ਦਾ ਅੰਤਿਮ ਸੰਸਕਾਰ ਮੰਗਲਵਾਰ ਦੁਪਹਿਰ 2 ਵਜੇ ਲੋਧੀ ਰੋਡ ਸ਼ਮਸ਼ਾਨ ਘਾਟ ‘ਚ ਹੋਵੇਗਾ। ਸਰਕਾਰ ਨੇ ਸਾਬਕਾ ਰਾਸ਼ਟਰਪਤੀ ਦੇ ਦੇਹਾਂਤ ‘ਤੇ ਦਿਨ ਦੇ ਸੋਗ ਦਾ ਐਲਾਨ ਕੀਤਾ ਹੈ। ਗ੍ਰਹਿ ਮੰਤਰਾਲੇ ਨੇ ਕਿਹਾ ਕਿ ਮਰਹੂਮ ਨੇਤਾ ਦੇ ਸਨਮਾਨ ‘ਚ ਭਾਰਤ ‘ਚ 31 ਅਗਸਤ ਤੋਂ ਲੈ ਕੇ ਛੇ ਸਤੰਬਰ ਤਕ ਸੋਗ ਰਹੇਗਾ। ਇਸ ਦੌਰਾਨ ਦੇਸ਼ ਭਰ ‘ਚ ਉਨ੍ਹਾਂ ਸਾਰੇ ਭਵਨਾਂ ‘ਤੇ ਰਾਸ਼ਟਰੀ ਝੰਡਾ ਅੱਧਾ ਝੁਕਿਆ ਰਹੇਗਾ ਜਿੱਥੇ ਝੰਡਾ ਲੱਗਾ ਰਹਿੰਦਾ ਹੈ ।
ਪ੍ਰਣਾਬ ਮੁਖਰਜੀ ਦੇ ਦੇਹਾਂਤ ‘ਤੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਟਵੀਟ ਕਰ ਕੇ ਕਿਹਾ ਕਿ ਪ੍ਰਣਾਬ ਮੁਖਰਜੀ ਦੇ ਸਰਵਗਵਾਸ ਬਾਰੇ ਸੁਣ ਕੇ ਦਿਲ ਨੂੰ ਠੇਸ ਪਹੁੰਚੀ ਹੈ। ਪ੍ਰਣਾਬ ਮੁਖਰਜੀ ਦੇ ਪਰਿਵਾਰ, ਮਿੱਤਰ ਤੇ ਸਾਰੇ ਦੇਸ਼ਵਾਸੀਆਂ ਦੇ ਪ੍ਰਤੀ ਸੋਗ-ਸੰਵੇਦਨਾ ਵਿਅਕਤ ਕਰਦਾ ਹਾਂ ।






