ਸਰਕਾਰ ਵੱਲੋਂ ਨਾ ਤਾਂ ਮਕਾਨ ਅਤੇ ਨਾ ਹੀ ਪਖਾਨੇ ਦੀ ਸਹੂਲਤ ਦਿੱਤੀ ਗਈ ਹੈ

ਤਰਨਤਾਰਨ (ਅਨਮੋਲ ਵੜਿੰਗ) ਸਮੇਂ ਦੀਆਂ ਸਰਕਾਰਾਂ ਵੱਲੋਂ ਭਾਵੇਂ ਲੱਖਾਂ ਦਾਅਵੇ ਕੀਤੇ ਜਾ ਰਹੇ ਹਨ ਪ੍ਰੰਤੂ ਜੇਕਰ ਜਮੀਨੀ ਪੱਧਰ ਤੇ ਇਕ ਝਾਤ ਮਾਰੀ ਜਾਵੇ ਤਾਂ ਸਰਕਾਰ ਵੱਲੋਂ ਕੀਤੇ ਜਾਂਦੇ ਵਿਕਾਸ ਅਤੇ ਲੋਕ ਭਲਾਈ ਸਕੀਮਾਂ ਦੇਣ ਦੇ ਦਾਅਵੇ ਖੋਖਲੇ ਜਾਪਦੇ ਹਨ। ਵਿਧਾਨ ਸਭਾ ਹਲਕਾ ਖਡੂਰ ਸਾਹਿਬ ਅਧੀਨ ਆਉਂਦੇ ਪਿੰਡ ਕੱਲਾ ਦੀ ਵਸਨੀਕ ਵਿਧਵਾ ਔਰਤ ਅਮਰਜੀਤ ਕੌਰ ਬੀਤੇ ਦਸ ਸਾਲਾਂ ਤੋਂ ਬਿਜਲੀ ਸਪਲਾਈ ਕਨੈਕਸ਼ਨ ਲੈਣ ਲਈ ਧੱਕੇ ਖਾ ਰਹੀ ਹੈ। ਪੀੜਤ ਔਰਤ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਸਦੇ ਪਤੀ ਸਾਬੂ ਸਿੰਘ ਦੀ 15 ਸਾਲ ਪਹਿਲਾਂ ਮੌਤ ਹੋ ਗਈ ਸੀ। ਉਸ ਦੀਆਂ ਦੋ ਬੇਟੀਆਂ ਸਨ ਜਿਨ੍ਹਾਂ ਦਾ ਪਿੰਡ ਵਾਸੀਆਂ ਵੱਲੋਂ ਹੀ ਵਿਆਹ ਕੀਤਾ ਗਿਆ ਸੀ । ਉਨ੍ਹਾਂ ਦਾ ਇਕ ਬੇਟਾ ਹੈ ਜੋ ਨਾਬਾਲਗ ਹੈ ਅਤੇ ਦਸਵੀਂ ਜਮਾਤ ਵਿੱਚ ਪੜ੍ਹਦਾ ਹੈ। ਵਿਧਵਾ ਔਰਤ ਨੇ ਆਪਣੀ ਕਹਾਣੀ ਦਸਦਿਆਂ ਕਿਹਾ ਕਿ ਉਸਦਾ ਕੋਈ ਵੀ ਕਮਾਉਣ ਵਾਲਾ ਨਹੀਂ ਹੈ ਅਤੇ ਉਹ ਬੀਤੇ ਲਗਭਗ ਦਸ ਸਾਲਾਂ ਤੋਂ ਬਿਨਾਂ ਬਿਜਲੀ ਦੇ ਗੁਜਾਰਾ ਕਰ ਰਹੀ ਹੈ ਅਤੇ ਉਸ ਨੂੰ ਸਰਕਾਰ ਵੱਲੋਂ ਨਾ ਤਾਂ ਮਕਾਨ ਦੀ ਸਹੂਲਤ ਦਿੱਤੀ ਗਈ ਹੈ ਅਤੇ ਨਾ ਹੀ ਪਖਾਨੇ ਦੀ ਸਹੂਲਤ ਦਿੱਤੀ ਗਈ ਹੈ। ਇਸ ਮੌਕੇ ਇਕੱਠੇ ਹੋਏ ਗੁਰੂ ਗਿਆਨ ਨਾਥ ਵਾਲਮੀਕਿ ਧਰਮ ਸਮਾਜ ਦੇ ਆਗੂਆਂ ਨੇ ਪੀੜਤ ਪਰਿਵਾਰ ਲਈ ਇਨਸਾਫ ਦੀ ਮੰਗ ਕੀਤੀ ਹੈ।






