ਸੈਕਰਾਮੈਂਟੋ, 11 ਜੂਨ (ਹੁਸਨ ਲੜੋਆ ਬੰਗਾ)-ਅਮਰੀਕਾ ‘ਚ ਮਹਿੰਗਾਈ ਪਿਛਲੇ 40 ਸਾਲਾਂ ਦੌਰਾਨ ਪਹਿਲੀ ਵਾਰ ਸਿਖਰ ‘ਤੇ ਪੁੱਜ ਗਈ ਹੈ। ਗੈਸ, ਖ਼ੁਰਾਕੀ ਵਸਤਾਂ ਤੇ ਰਿਹਾਇਸ਼ ਦੇ ਕਿਰਾਏ ‘ਚ ਹੋਏ ਵਾਧੇ ਨੇ ਲੋਕਾਂ ਦੀਆਂ ਮੁਸ਼ਕਿਲਾਂ ਵਧਾਈਆਂ ਹਨ। ਆਰਥਿਕ ਮਾਹਿਰਾਂ ਦਾ ਅਨੁਮਾਨ ਹੈ ਕਿ ਜਿਸ ਤੇਜ਼ੀ ਨਾਲ ਮਹਿੰਗਾਈ ਵਧੀ ਹੈ, ਉਸ ਤੇਜ਼ੀ ਨਾਲ ਘਟੇਗੀ ਨਹੀਂ ਤੇ ਇਸ ਦੇ ਘਟਣ ਦੀ ਰਫ਼ਤਾਰ ਸੁਸਤ ਹੋਵੇਗੀ। ਖ਼ਪਤਕਾਰ ਸੂਚਕ ਅੰਕ ਵਿਚ 8.6% ਸਲਾਨਾ ਦਾ ਵਾਧਾ ਹੋਇਆ ਹੈ।

ਕਿਰਤ ਵਿਭਾਗ ਅਨੁਸਾਰ ਦਸੰਬਰ 1981 ਤੋਂ ਬਾਅਦ ਖ਼ਪਤਕਾਰ ਸੂਚਕ ਅੰਕ ਵਿਚ ਹੋਇਆ ਇਹ ਵਾਧਾ ਸਭ ਤੋਂ ਵੱਡਾ ਹੈ। ਆਰਥਕ ਮਾਹਿਰਾਂ ਦਾ ਮੰਨਣਾ ਹੈ ਕਿ ਮੁਦਰਾ ਸਫੀਤੀ ਦੀ ਦਰ 8.3% ‘ਤੇ ਕਾਇਮ ਰਖੀ ਜਾ ਸਕਦੀ ਹੈ। ਪਿਛਲੇ ਮਹੀਨੇ ਮਈ ਵਿਚ ਖਪਤਕਾਰ ਸੂਚਕ ਅੰਕ ਵਿਚ 1% ਦਾ ਵਾਧਾ ਹੋਇਆ ਹੈ ਤੇ ਇਹ ਅਪ੍ਰੈਲ ਮਹੀਨੇ ਨਾਲੋਂ 0.3% ਜ਼ਿਆਦਾ ਹੈ। ਗੈਸ ਦੀ ਕੀਮਤ ਵਿਚ 4.1% ਦਾ ਵਾਧਾ ਹੋਇਆ ਹੈ ਜਦ ਕਿ ਕਰਿਆਨੇ ਦੀਆਂ ਕੀਮਤਾਂ 1.4% ਵਧੀਆਂ ਹਨ ਤੇ ਪਿਛਲੇ ਸਾਲ ਦੀ ਤੁਲਨਾ ਵਿਚ ਇਹ ਕੀਮਤਾਂ 11.9% ਵਧੀਆਂ ਹਨ। ਇਸ ਦਾ ਵੱਡਾ ਕਾਰਨ ਯੂਕਰੇਨ ਵਿਚ ਰੂਸ ਦੀ ਚੱਲ ਰਹੀ ਜੰਗ ਹੈ, ਜਿਸ ਕਾਰਨ ਸਪਲਾਈ ਰੁਕ ਗਈ ਹੈ। ਤੇਲ, ਕਣਕ, ਮੱਕੀ ਤੇ ਹੋਰ ਵਸਤਾਂ ਦੀ ਸਪਲਾਈ ਵਿਚ ਵਿਘਨ ਨਿਰੰਤਰ ਜਾਰੀ ਹੈ।




