ਅੰਮ੍ਰਿਤਸਰ : ਸ਼ੁੱਕਰਵਾਰ ਰਾਤ ਦਿੱਲੀ ‘ਚ ਖਰਾਬ ਮੌਸਮ ਕਾਰਨ 17 ਫਲਾਈਟਾਂ ਨੂੰ ਸ੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਉਤਾਰਨਾ ਪਿਆ। ਇਨ੍ਹਾਂ ਵਿੱਚ ਤਿੰਨ ਅੰਤਰਰਾਸ਼ਟਰੀ ਤੇ 14 ਘਰੇਲੂ ਉਡਾਣਾਂ ਸ਼ਾਮਲ ਹਨ। ਦਿੱਲੀ ਦੀ ਬਜਾਏ ਅੰਮ੍ਰਿਤਸਰ ‘ਚ ਲੈਂਡ ਹੋਣ ਕਾਰਨ ਯਾਤਰੀਆਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਲੈਂਡਿੰਗ ਤੋਂ ਬਾਅਦ ਪਹਿਲਾਂ ਤਾਂ ਯਾਤਰੀਆਂ ਨੂੰ ਕਰੀਬ ਇਕ ਘੰਟੇ ਤਕ ਫਲਾਈਟ ‘ਚ ਬਿਠਾਈ ਰੱਖਿਆ ਗਿਆ। ਪਰ ਬਾਅਦ ‘ਚ ਜਦੋਂ ਯਾਤਰੀਆਂ ਨੇ ਹੰਗਾਮਾ ਕੀਤਾ ਤਾਂ ਉਨ੍ਹਾਂ ਨੂੰ ਫਲਾਈਟ ਤੋਂ ਬਾਹਰ ਕੱਢ ਦਿੱਤਾ ਗਿਆ। ਅਜਿਹੇ ‘ਚ ਰਾਤ ਕਰੀਬ ਤਿੰਨ ਵਜੇ ਤਕ ਏਅਰਪੋਰਟ ‘ਤੇ ਯਾਤਰੀਆਂ ਨੂੰ ਪਰੇਸ਼ਾਨੀ ਹੁੰਦੀ ਰਹੀ।

ਮਜਬੂਰਨ ਰਨਵੇਅ ‘ਤੇ ਬੈਠੇ ਰਹੇ ਯਾਤਰੀਹਾਲਾਂਕਿ ਫਲਾਈਟ ਨੂੰ ਡਾਇਵਰਟ ਕਰ ਕੇ ਅੰਮ੍ਰਿਤਸਰ ਏਅਰਪੋਰਟ ‘ਤੇ ਉਤਾਰਿਆ ਗਿਆ ਸੀ। ਪਰ ਪੁਖਤਾ ਪ੍ਰਬੰਧ ਨਾ ਹੋਣ ਕਾਰਨ ਯਾਤਰੀ ਆਪਣਾ ਸਾਮਾਨ ਲੈ ਕੇ ਰਨਵੇ ‘ਤੇ ਹੀ ਬੈਠੇ ਰਹੇ। ਪਹਿਲਾਂ ਤਾਂ ਏਅਰਲਾਈਨ ਕੰਪਨੀਆਂ ਨੇ ਲੰਬੇ ਸਮੇਂ ਤਕ ਯਾਤਰੀਆਂ ਦੀ ਕੋਈ ਸਾਰ ਨਹੀਂ ਲਈ। ਪਰ ਜਦੋਂ ਸਵਾਰੀਆਂ ਨੇ ਥੋੜ੍ਹਾ ਹੰਗਾਮਾ ਕੀਤਾ ਤਾਂ ਉਨ੍ਹਾਂ ਨੂੰ ਤੁਰੰਤ ਰਨਵੇਅ ਤੋਂ ਬੱਸਾਂ ‘ਚ ਬਿਠਾ ਕੇ ਲਿਜਾਇਆ ਗਿਆ।





