ਭੁਪਿੰਦਰ ਸਿੰਘ ਵਾਲੀਆ

ਜਿਉਂਦੇ ਜੀਅ ਸੰਗ ਮੰਗਦਾ ਰਿਹਾ,
ਮਰੇ ਤੋਂ ਆਸ ਪਾਸ ਬੈਠ ਸਾਥ ਨਿਭਾਉਂਦੇ ਹੋ।
ਕੀਰਤਨ ਸੁਣਨ ਲਈ ਤਰਸਦਾ ਰਿਹਾ,
ਹੁਣ ਧੱਕੇ ਨਾਲ ਵਰਾਗਮਈ ਰਾਗ ਪਏ ਸੁਣਾਉਂਦੇ ਹੋ।
ਤਨ ਦੀ ਸਫਾਈ ਲਈ ਮੈਂ ਕਹਿੰਦਾ ਰਿਹਾ,
ਹੁਣ ਦਹੀਂ ਨਾਲ ਪਏ ਨਹਾਉਂਦੇ ਹੋ।
ਸਾਫ ਕੱਪੜਿਆਂ ਲਈ ਮਨ ਲੋਚਦਾ ਰਿਹਾ
ਹੁਣ ਵਸਤਰ ਨਵੇਂ ਪਵਾਉਂਦੇ ਹੋ।
ਭੋਜਨ ਲਈ ਮੰਗ ਕਰਦਾ ਰਿਹਾ
ਹੁਣ ਮਖਾਣੇ ਬਦਾਮ ਲੁਟਾਉਂਦੇ ਹੋ।
ਸੰਗੀਤ ਲਈ ਮਨ ਤਰਸਦਾ ਰਿਹਾ,
ਹੁਣ ਬੈਂਡ ਵਾਜੇ ਵਜਾਉਂਦੇ ਹੋ।
ਟੁੱਟੇ ਤਖਤਪੋਸ਼ ਤੇ ਮੈਂ ਰਗੜਦਾ ਰਿਹਾ,
ਹੁਣ ਚੰਦਨ ਦੀ ਸੇਜ ਵਿਛਾਉਂਦੇ ਹੋ।
ਚੰਗੀਆਂ ਸ਼ੈਆਂ ਲਈ ਮਨ ਲੋਚਦਾ ਰਿਹਾ,
ਹੁਣ ਮੂੰਹ ਚ ਦੇਸੀ ਘਿਓ ਪਏ ਪਾਉਂਦੇ ਹੋ।
ਧਾਮ ਯਾਤਰਾ ਲਈ ਕੁਰਲਾਉਂਦਾ ਰਿਹਾ,
ਹੁਣ ਬੋਰੀ ਚ ਪਾ ਤੀਰਥ ਘੁਮਾਉਂਦੇ ਹੋ।
ਪੁੰਨਦਾਨ ਲਈ ਦਿਲ ਕਰਦਾ ਰਿਹਾ,
ਹੁਣ ਗੁਰਦੁਆਰਿਆਂ ਦੇ ਨਾਮ ਪੈਸੇ ਲਵਾਉਂਦੇ ਹੋ।
ਵਾਰਸਾਂ ਨੂੰ ਆਪੇ ਦੱਸਣ ਲਈ ਕਹਿੰਦਾ ਰਿਹਾ,
ਹੁਣ ਰਲ ਸਾਰੇ ਫਰਦਾਂ ਪਏ ਕਢਾਉਂਦੇ ਹੋ।
ਜਿਉਂਦਿਆਂ ਤੁਸੀਂ ਸਮਝੇ ਨਹੀਂ,
ਹੁਣ ਪੈਸੇ ਦੀ ਵੰਡ ਦੇ ਸਿਆਪੇ ਪਾਉਂਦੇ ਹੋ।
ਅਜੇ ਵੀ ਸਮਝੋ ਕੁਝ ਵਿਗੜਿਆ ਨਹੀਂ,
ਕਿਉਂ ਧੀਆਂ ਪੁੱਤਰਾਂ ਨੂੰ ਇੰਝ ਕਰਨ ਲਈ ਉਕਸਾਉਂਦੇ ਹੋ।
ਜ਼ਿੰਦਗੀ ਨਾਲੋਂ ਮੌਤ ਬਿਹਤਰ
ਕਿਉ ਲੋਕਾਂ ਨੂੰ ਇਹ ਸਿਖਾਉਂਦੇ ਹੋ।
( ਭੁਪਿੰਦਰ ਸਿੰਘ ਵਾਲੀਆ )






