
ਨਵੀਂ ਦਿੱਲੀ/ਚੰਡੀਗੜ੍ਹ/ਉੱਤਰ ਪ੍ਰਦੇਸ਼:-
ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤਹਿਤ ਦੇਸ਼ ਭਰ ਦੇ ਕਿਸਾਨਾਂ ਵੱਲੋਂ ਅੱਜ, 18 ਅਕਤੂਬਰ ਨੂੰ ਪੂਰੇ ਭਾਰਤ ‘ਚ ‘ਰੇਲ ਰੋਕੋ’ ਅੰਦੋਲਨ ਸ਼ੁਰੂ ਕਰ ਦਿੱਤਾ ਗਿਆ ਹੈ। ਇਹ ਰੇਲ ਰੋਕੋ ਅੰਦੋਲਨ ਲਖੀਮਪੁਰ ਖੀਰੀ ਦੀ ਘਟਨਾ ਦੇ ਸਿਲਸਿਲੇ ਵਿੱਚ ਕੇਂਦਰੀ ਰਾਜ ਮੰਤਰੀ ਅਜੇ ਮਿਸ਼ਰਾ ਟੈਨੀ ਦੀ ਬਰਖ਼ਾਸਤੀ ਅਤੇ ਗ੍ਰਿਫ਼ਤਾਰੀ ਦੀ ਮੰਗ ਨੂੰ ਲੈ ਕੇ ਰੱਖਿਆ ਗਿਆ ਹੈ।
ਉਧਰ ਦੂਜੇ ਪਾਸੇ ਸਮਾਚਾਰ ਏਜੰਸੀ ਏਐੱਨਆਈ ਨੇ ਲਖਨਊ ਪੁਲਿਸ ਨੇ ਹਵਾਲੇ ਦਾ ਕਿਹਾ ਹੈ ਕਿ ਕਿਸਾਨ ਸੰਗਠਨ ਵੱਲੋਂ ਸੱਦੇ ਗਏ ‘ਰੇਲ ਰੋਕੋ ਅੰਦੋਲਨ’ ਵਿੱਚ ਹਿੱਸਾ ਲੈਣ ਵਾਲਿਆਂ ਖ਼ਿਲਾਫ਼ ਪੁਲਿਸ ਕਾਰਵਾਈ ਕਰੇਗੀ।
ਲਖਨਊ ਪੁਲਿਸ ਨੇ ਕਿਹਾ ਹੈ, “ਜ਼ਿਲ੍ਹੇ ਵਿੱਚ 144 ਸੀਆਰਪੀਸੀ ਵੀ ਲਗਾਈ ਗਈ ਹੈ ਅਤੇ ਜੇਕਰ ਕੋਈ ਆਮ ਹਾਲਾਤ ਵਿੱਚ ਰੁਕਾਵਟ ਪਾਉਣ ਦੀ ਕੋਸ਼ਿਸ਼ ਕਰਦਾ ਹੈ ਤਾਂ ਐੱਨਐੱਸਏ ਲਗਾਇਆ ਜਾਵੇਗਾ।
ਏਐੱਨਆਈ ਮੁਤਾਬਕ, ਮੇਘਾਲਿਆ ਦੇ ਗਵਰਨਰ ਸੱਤਿਆਪਾਲ ਮਲਿਕ ਨੇ ਕਿਹਾ ਹੈ ਕਿ ਜੇ ਸਰਕਾਰ ਕਾਨੂਨਾਂ ਤਹਿਤ ਐੱਮਐੱਸਪੀ ਦੀ ਗਾਰੰਟੀ ਦੇ ਦਿੰਦੀ ਹੈ ਤਾਂ ਕਿਸਾਨ ਅੰਦੋਲਨ ਨੂੰ ਹੱਲ ਕੀਤਾ ਜਾ ਸਕਦਾ ਹੈ।
ਉਨ੍ਹਾਂ ਨੇ ਕਿਹਾ, “ਇੱਕੋ ਹੀ ਤਾਂ ਗੱਲ ਹੈ, ਉਸ ਨੂੰ ਪੂਰਾ ਕਿਉਂ ਨਹੀਂ ਕੀਤਾ ਜਾ ਸਕਦਾ? ਉਹ (ਕਿਸਾਨ) ਐੱਮਐੱਸਪੀ ਤੋਂ ਘੱਟ ਸਮਝੌਤਾ ਨਹੀਂ ਕਰਨਗੇ।”
ਕੀ ਹੈ ਮਾਮਲੇ
3 ਅਕਤੂਬਰ 2021 ਨੂੰ ਉੱਤਰ ਪ੍ਰਦੇਸ਼ ਦੇ ਲਖੀਮਪੁਰ ਜ਼ਿਲ੍ਹੇ ਦੇ ਤਿਕੂਨੀਆ ਪਿੰਡ ਲਾਗੇ ਹੋਈ ਹਿੰਸਕ ਵਾਰਦਾਤ ਵਿਚ 4 ਕਿਸਾਨਾਂ ਅਤੇ ਇੱਕ ਪੱਤਰਕਾਰ ਸਣੇ 8 ਮੌਤਾਂ ਹੋਈਆਂ ਸਨ।
ਕੇਂਦਰੀ ਖੇਤੀ ਕਾਨੂੰਨਾਂ ਖ਼ਿਲਾਫ਼ ਸੰਘਰਸ਼ ਕਰ ਰਹੇ ਕਿਸਾਨ ਕੇਂਦਰੀ ਗ੍ਰਹਿ ਮੰਤਰੀ ਅਜੇ ਮਿਸ਼ਰਾ ਨੂੰ ਕਾਲੀਆਂ ਝੰਡੀਆਂ ਦਿਖਾਉਣ ਪਹੁੰਚੇ ਸਨ ਤਾਂ ਇੱਕ ਥਾਰ ਜੀਪ ਨੇ ਉਨ੍ਹਾਂ ਨੂੰ ਦਰੜ ਦਿੱਤਾ।
ਮੰਤਰੀ ਦੇ ਲੜਕੇ ਅਸ਼ੀਸ਼ ਮਿਸ਼ਰਾ ਸਣੇ 15 ਤੋਂ ਵੱਧ ਵਿਅਕਤੀਂ ਖ਼ਿਲਾਫ਼ ਇਸ ਮਾਮਲੇ ਦੀ ਐੱਫ਼ਆਈਆਰ ਦਰਜ ਕੀਤੀ ਗਈ ਹੈ।



