ਸੰਗਰੂਰ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਚੋਣ ਰੈਲੀਆਂ ਨੂੰ ਸੰਬੋਧਨ ਕਰਨ ਵਾਸਤੇ ਜਲਦ ਹੀ ਪੰਜਾਬ ਆ ਰਹੇ ਹਨ। ਮੋਦੀ ਦੀ ਪੰਜਾਬ ਚੋਣ ਫੇਰੀ ਤੋਂ ਪਹਿਲਾਂ ਹੀ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਵੱਲੋਂ ਵੱਡਾ ਐਲਾਨ ਕਰ ਦਿੱਤਾ ਗਿਆ ਹੈ।

ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਜ਼ਿਲ੍ਹਾ ਪ੍ਰਧਾਨ ਅਮਰੀਕ ਸਿੰਘ ਗੰਢੂਆਂ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ 11 ਫਰਵਰੀ ਨੂੰ ਮੂਨਕ, ਲਹਿਰਾ ਤੇ ਸੁਨਾਮ ਵਿਖੇ ਪ੍ਰਧਾਨ ਮੰਤਰੀ ਮੋਦੀ ਤੇ ਸੁਖਦੇਵ ਸਿੰਘ ਢੀਂਡਸਾ ਦੇ ਪੁਤਲੇ ਫੂਕੇ ਜਾਣਗੇ ਤੇ ਜ਼ਿਲ੍ਹੇ ਭਰ ਅੰਦਰ ਪਿੰਡ ਪਿੰਡ 20 ਫਰਵਰੀ ਤੱਕ ਰੋਸ ਮੁਜ਼ਾਹਰੇ ਕੀਤੇ ਜਾਣਗੇ।
ਇਹਦਾ ਕਾਰਨ ਦੱਸਦਿਆਂ ਜ਼ਿਲ੍ਹਾ ਪ੍ਰਧਾਨ ਨੇ ਕਿਹਾ ਕਿ 6 ਫਰਵਰੀ ਨੂੰ ਮੂਨਕ ਵਿਖੇ ਬਲਾਕ ਦੇ ਜਰਨਲ ਸਕੱਤਰ ਰਿੰਕੂ ਮੂਣਕ, ਬਲਜੀਤ ਬੱਲਰਾ, ਰੋਸ਼ਨ ਮੂਣਕ, ਗਗਨ ਮੂਣਕ ਤੇ ਕਿਸਾਨ ਆਗੂਆਂ ਤੇ ਵਰਕਰਾਂ ਵੱਲੋਂ ਪੁਰ ਅਮਨ ਢੰਗ ਨਾਲ ਸੁਖਦੇਵ ਸਿੰਘ ਢੀਂਡਸਾ ਨੂੰ ਸਵਾਲ ਪੁੱਛੇ ਜਾਣ ‘ਤੇ ਉਸ ਦੇ ਪਾਛੂ ਗੁੰਡਾਗਰਦੀ ‘ਤੇ ਉੱਤਰ ਆਏ।
ਜਿਨ੍ਹਾਂ ਨੇ ਕਿਸਾਨਾਂ ਵਿਰੁੱਧ ਹੁੱਲੜਬਾਜ਼ ਹੋਣ ਦੇ ਨਾਅਰੇ ਲਾਏ ਤੇ ਕਿਸਾਨਾਂ ਦੇ ਰੋਸ ਮੁਜ਼ਾਹਰੇ ‘ਚ ਵਿਘਨ ਪਾਉਣ ਦੇ ਸਿਰਤੋੜ ਯਤਨ ਕੀਤੇ। ਪੰਜਾਬ ਦੇ ਕਿਸਾਨ ਇਸ ਪਿਉ ਪੁੱਤਰ ਦੀ ਜੋੜੀ ਨੂੰ ਕਦੇ ਮੁਆਫ਼ ਨਹੀਂ ਕਰਨਗੇ।
ਉਨ੍ਹਾਂ ਕਿਹਾ ਕਿ ਸੁਖਦੇਵ ਸਿੰਘ ਢੀਂਡਸਾ ਤੇ ਉਸ ਦਾ ਪੁੱਤਰ ਪਰਮਿੰਦਰ ਸਿੰਘ ਢੀਂਡਸਾ ਉਸ ਪ੍ਰਧਾਨ ਮੰਤਰੀ ਮੋਦੀ ਦੀ ਬੁੱਕਲ ‘ਚ ਜਾ ਬੈਠੇ ਹਨ ਜੋ ਸਾਢੇ ਸੱਤ ਸੌ ਤੋਂ ਵੱਧ ਕਿਸਾਨਾਂ ਦੀ ਸ਼ਹਾਦਤ ਲਈ ਜ਼ਿੰਮੇਵਾਰ ਹੈ।
ਜਿਹੜਾ ਲਖੀਮਪੁਰ ਖੀਰੀ ਵਿਖੇ ਕਿਸਾਨਾਂ ‘ਤੇ ਜੀਪਾਂ ਚੜ੍ਹਾ ਕੇ ਚਾਰ ਕਿਸਾਨਾਂ ਨੂੰ ਸ਼ਹੀਦ ਕਰਨ ਦੀ ਸਾਜ਼ਿਸ਼ ਦੇ ਮੁੱਖ ਦੋਸ਼ੀ ਅਜੇ ਮਿਸ਼ਰਾ ਟੈਣੀ ਨੂੰ ਆਪਣੀ ਵਜ਼ਾਰਤ ਵਿੱਚ ਸੁਰੱਖਿਆ ਛਤਰੀ ਦੇਈਂ ਬੈਠਾ ਹੈ। ਇਹੋ ਪਿਉ ਪੁੱਤਰ ਵੀ ਕਿਸਾਨਾਂ ਦੀ ਆਵਾਜ਼ ਦਬਾਉਣ ਲਈ ਗੁੰਡਾਗਰਦੀ ‘ਤੇ ਉਤਾਰੂ ਹੋ ਬੈਠੇ ਹਨ ਜਿਨ੍ਹਾਂ ਨੂੰ ਪੰਜਾਬ ਦੇ ਲੋਕ ਮੁਆਫ਼ ਨਹੀਂ ਕਰਨਗੇ।






