ਕੇਂਦਰ ਸਰਕਾਰ ਵੱਲੋਂ ਕਿਸਾਨਾਂ ਨਾਲ ਕੀਤਾ ਜਾ ਰਿਹੈ ਦੁਰਵਿਵਹਾਰ ਤੋੜੇਗਾ ਉਸ ਦਾ ਹੰਕਾਰ : ਕਿਸਾਨ ਆਗੂ

ਭੁੱਚੋ ਮੰਡੀ, (ਜਸਵਿੰਦਰ ਬਰਾੜ) : 30 ਸੰਘਰਸਸ਼ੀਲ ਕਿਸਾਨ ਜਥੇਬੰਦੀਆਂ ਵੱਲੋਂ ਖੇਤੀ ਕਾਲੇ ਕਾਨੂੰਨਾਂ ਦੇ ਵਿਰੁੱਧ 12 ਤੋਂ 4 ਵਜੇ ਤੱਕ ਚਾਰ ਘੰਟੇ ਸੜਕਾਂ ਜਾਮ ਕਰਕੇ ਕੇਂਦਰ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ ਗਈ। ਇਸ ਦੌਰਾਨ ਟੋਲ ਪਲਾਜਾ ਲਹਿਰਾ ਬੇਗਾ ‘ਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਅਤੇ ਰਿਲਾਇੰਸ ਪੰਪ ‘ਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਵੱਲੋਂ ਬਠਿੰਡਾ-ਜੀਰਕਪੁਰ ਕੌਮੀ ਮਾਰਗ ਨੂੰ ਜਾਮ ਕਰਕੇ ਧਰਨਾ ਦਿੱਤਾ ਗਿਆ। ਇਸ ਦੌਰਾਨ ਲੋਕਾਂ ਨੂੰ ਸੰਬੋਧਨ ਕਰਦਿਆਂ ਬਲਾਕ ਦੇ ਜਰਨਲ ਸੈਕਟਰੀ ਬਲਜੀਤ ਸਿੰਘ, ਲਖਵੀਰ ਸਿੰਘ ਪ੍ਰਰੈੱਸ ਸਕੱਤਰ, ਅਵਤਾਰ ਸਿੰਘ, ਜਗਜੀਤ ਸਿੰਘ, ਸਿਮਰਜੀਤ ਸਿੰਘ ਅਤੇ ਬੂਟਾ ਸਿੰਘ ਤੁੰਗਵਾਲੀ ਨੇ ਕਿਹਾ ਕਿ ਜੋ ਸੈਂਟਰ ਦੀ ਕੇਂਦਰ ਸਰਕਾਰ ਖੇਤੀ ਸੁਧਾਰ ਦੇ ਨਾ ‘ਤੇ ਕਾਲੇ ਕਾਨੂੰਨ ਪਾਸ ਕਰ ਚੁੱਕੀ ਹੈ, ਇਨ੍ਹਾਂ ਕਾਨੂੰਨਾਂ ਦੇ ਖਿਲਾਫ ਲਗਾਤਾਰ ਲੋਕ ਰੋਹ ਵਧਦਾ ਜਾ ਰਿਹਾ ਹੈ। ਪਰ ਕੇਂਦਰ ਸਰਕਾਰ ਦੇ ਕੰਨ ‘ਤੇ ਜੂੰਅ ਨਹੀਂ ਸਰਕ ਰਹੀ। ਇਸ ਤੋਂ ਉਲਟ ਲਗਾਤਾਰ ਲੋਕ ਵਿਰੋਧੀ ਫੈਸਲੇ ਲਏ ਜਾ ਰਹੇ ਹਨ। ਪੇਂਡੂ ਵਿਕਾਸ ਫੰਡ ਰੋਕਿਆ ਜਾ ਰਿਹਾ ਹੈ ਅਤੇ ਪ੍ਰਦੂਸ਼ਣ ਰੋਕਣ ਦੇ ਬਹਾਨੇ ਕਿਸਾਨਾਂ ਉੱਤੇ ਪਰਚੇ ਦਰਜ ਕਰਨ ਅਤੇ ਭਾਰੀ ਜ਼ੁਰਮਾਨੇ ਪਾਉਣ ਦੇ ਜਾਬਰ ਕਾਨੂੰਨ ਬਣਾਏ ਜਾ ਰਹੇ ਹਨ। ਇਸ ਮੌਕੇ ਜ਼ਿਲ੍ਹਾ ਜਰਨਲ ਸਕੱਤਰ ਹਰਜਿੰਦਰ ਸਿੰਘ ਬੱਗੀ, ਰਾਮਪੁਰਾ ਬਲਾਕ ਦੇ ਆਗੂ ਨਿੱਕਾ ਜੇਠੂਕੇ ਨੇ ਕਿਹਾ ਕਿ ਜੋ ਕੇਂਦਰ ਸਰਕਾਰ ਵੱਲੋਂ ਜਾਤਾਂ ਅਤੇ ਧਰਮਾਂ ਵਾਲਾ ਪੱਤਾ ਵਰਤ ਕੇ ਸੰਘਰਸ ਨੂੰ ਫੇਲ੍ਹ ਕਰਨ ਦੀਆ ਚਾਲਾਂ ਚੱਲੀਆਂ ਜਾ ਰਹੀਆਂ ਹਨ, ਉਨ੍ਹਾਂ ਚਾਲਾਂ ਨੂੰ ਫੇਲ ਕਰਦੇ ਹੋਏ ਲਗਾਤਾਰ ਸ਼ਾਂਤੀਪੂਰਵਕ ਸੰਘਰਸ ਨੂੰ ਹੋਰ ਵਿਸ਼ਾਲ ਕੀਤਾ ਜਾ ਰਿਹਾ ਹੈ ਅਤੇ ਮੋਰਚਿਆਂ ਵਿਚ ਕੰਮ ਦੇੇ ਬਾਵਜੂਦ ਹਰ ਧਰਮ ਦੇ ਲੋਕ ਸ਼ਾਮਲ ਹੋ ਰਹੇ ਹਨ। ਇਸ ਦੌਰਾਨ ਸੰਘਰਸ਼ ਵਿਚ ਕਿਸਾਨਾਂ ਤੋਂ ਇਲਾਵਾ ਵੱਖ-ਵੱਖ ਭਰਾਤਰੀ ਜਥੇਬੰਦੀਆਂ ਦੇ ਕਾਰਕੁੰਨਾ ਨੇ ਹਿੱਸਾ ਲਿਆ। ਉਨ੍ਹਾਂ ਕਿਹਾ ਕਿ ਇਹ ਕਾਲੇ ਕਾਨੂੰਨ ਰੱਦ ਹੋਣ ਤੱਕ ਸੰਘਰਸ਼ ਜਾਰੀ ਰਹੇਗਾ। ਇਸ ਮੌਕੇ ਨਿਗੌਰ ਸਿੰਘ, ਕਰਮਜੀਤ ਕੌਰ, ਹਰਮਨ ਭੌਣੀ, ਸੁਖਪ੍ਰਰੀਤ ਕੌਰ, ਬਲਜਿੰਦਰ ਸਿੰਘ ਜਿਲ੍ਹਾ ਸਕੱਤਰ, ਠੇਕਾ ਮੁਲਾਜਮ ਸੰਘਰਸ਼ ਕਮੇਟੀ ਦੇ ਗੁਰਬਿੰਦਰ ਸਿੰਘ ਹਾਜ਼ਰ ਸਨ।





