ਹਾੜ੍ਹੀ ਵਿਚ ਫੁੱਲਾਂ ਦੀ ਖੇਤੀ ਤੋਂ ਕਰਦਾ ਹੈ ਚੰਗੀ ਆਮਦਨ ਪ੍ਰਾਪਤ ।
ਇਸ ਸਾਲ ਵੀ 5 ਏਕੜ ਵਿਚ ਬਿਨਾਂ ਪਰਾਲੀ ਸਾੜੇ ਜ਼ੀਰੋ ਟਿਲ ਡਰਿੱਲ ਨਾਲ ਕਣਕ ਦੀ ਬਿਜਾਈ ਲਈ ਤਿਆਰ ।

ਮਾਨਸਾ (ਗੁਰਜੰਟ ਸਿੰਘ ਬਾਜੇਵਾਲੀਆ) : ਡਿਪਟੀ ਕਮਿਸ਼ਨਰ ਸ੍ਰੀ ਮਹਿੰਦਰ ਪਾਲ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਕਿਸਾਨਾਂ ਨੂੰ ਫਸਲਾਂ ਦੀ ਰਹਿੰਦ ਖੂੰਹਦ ਸਾੜਨ ਤੋਂ ਜ਼ਮੀਨ ਦੀ ਉਪਜਾਊ ਸ਼ਕਤੀ ਨੂੰ ਹੋਣ ਵਾਲੇ ਨੁਕਸਾਨ ਅਤੇ ਵਾਤਾਵਰਣ ਦੇ ਦੁਸਿ਼ਤ ਹੋਣ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ, ਜਿਸ ਦੇ ਨਤੀਜੇ ਵਜੋਂ ਕਾਫੀ ਹੱਦ ਤੱਕ ਕਿਸਾਨਾਂ ਨੇ ਫਸਲਾਂ ਦੀ ਰਹਿੰਦ ਖੂੰਹਦ ਨੂੰ ਅੱਗ ਲਗਾਉਣ ਤੋਂ ਗੁਰੇਜ਼ ਕਰਕੇ ਆਪਣੀ ਫਸਲ ਦਾ ਵਧੀਆ ਝਾੜ ਪ੍ਰਾਪਤ ਕੀਤਾ ਹੈ।
ਮੁੱਖ ਖੇਤੀਬਾੜੀ ਅਫ਼ਸਰ ਸ੍ਰੀ ਮਨਜੀਤ ਸਿੰਘ ਨੇ ਦੱਸਿਆ ਕਿ ਅਗਾਂਹਵਧੂ ਕਿਸਾਨਾਂ ਵਿਚ ਸ਼ਾਮਲ ਕਿਸਾਨ ਰਮੇਸ਼ਵਰ ਦਾਸ ਪੱੁਤਰ ਟੇਕ ਚੰਦ ਵਾਸੀ ਪਿੰਡ ਗੇਹਲੇ ਬਲਾਕ ਮਾਨਸਾ 2017 ਤੋ ਲਗਾਤਾਰ 5 ਏਕੜ ਵਿੱਚ ਝੋਨੇ ਦੀ ਪਰਾਲੀ ਨੂੰ ਬਿਨਾ ਅੱਗ ਲਾਏ ਕਣਕ ਦੀ ਬਿਜਾਈ ਕਰ ਰਿਹਾ ਹੈ।ਇਸ ਕਿਸਾਨ ਵੱਲੋਂ ਆਤਮਾ ਸਕੀਮ ਅਤੇ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਦੀਆਂ ਗਤੀਵਿਧੀਆਂ ਵਿੱਚ ਵੱਧ—ਚੜ੍ਹ ਕੇ ਸਮੂਹਲੀਅਤ ਕੀਤੀ ਜਾਦੀ ਹੈ। ਉਨ੍ਹਾਂ ਦੱਸਿਆ ਕਿ ਕਿਸਾਨ ਵੱਲੋ ਆਪਣੀ ਜੱਦੀ 9 ਏਕੜ ਵਿੱਚੋ 5 ਏਕੜ ਵਿੱਚ ਝੋਨੇ ਦੀ ਪਰਾਲੀ ਦਾ ਸੁਚੱਜੇ ਢੰਗ ਨਾਲ ਪ੍ਰਬੰਧਨ ਕਰਕੇ ਪਿੰਡ ਲਈ ਇੱਕ ਮਿਸਾਲ ਕਾਇਮ ਕੀਤੀ ਗਈ ਹੈੈ। ਝੋਨੇ ਦੀ ਕਟਾਈ ਤੋਂ ਬਾਅਦ ਬੇਲਰ ਦੀ ਮਦਦ ਨਾਲ ਝੋਨੇ ਦੀ ਪਰਾਲੀ ਦੀਆਂ ਗੰਢਾਂ ਬਣਾਕੇ ਆਪਣੇ ਨੇੜਲੇ ਪਿੰਡ ਖੋਖਰ ਖੁਰਦ ਵਿਖੇ ਪਰਾਲੀ ਨਾਲ ਚੱਲਣ ਵਾਲੇ ਤਾਪਘਰ ਵਿੱਚ ਭੇਜ਼ ਰਿਹਾ ਹੈ।ਇਸ ਕਿਸਾਨ ਵੱਲੋਂ 5 ਏਕੜ ਝੋਨੇ ਦੀ ਕਟਾਈ ਤੋਂ ਬਾਅਦ ਜ਼ੀਰੋ ਟਿਲ ਡਰਿਲ ਦੀ ਮਦਦ ਨਾਲ ਕਣਕ ਦੀ ਬਿਜਾਈ ਕੀਤੀ ਜਾਦੀ ਹੈ।ਕਿਸਾਨ ਦੇ ਦੱਸਣ ਮੁਤਾਬਿਕ ਪਰਾਲੀ ਨੂੰ ਬਿਨ੍ਹਾ ਅੱਗ ਲਗਾਏ ਖੇਤ ਵਿੱਚ ਬੀਜੀ ਕਣਕ ਨੂੰ ਖਾਦ ਦੀ ਵੀ ਘੱਟ ਲੋੜ ਪੈਦੀ ਹੈ ਅਤੇ ਕਣਕ ਦਾ ਅੋਸਤਨ ਝਾੜ ਲੱਗਭੱਗ 22.5 ਕੁਇੰਟਲ ਤੱਕ ਪ੍ਰਾਪਤ ਕੀਤਾ ਹੈ ਅਤੇ ਇਸ ਦੇ ਨਾਲ ਹੀ ਜਮੀਨ ਦੀ ਉਪਜਾਊ ਸਕਤੀ ਵਿਚ ਵੀ ਵਾਧਾ ਹੁੰਦਾ ਹੈ।ਇਸ ਤੋ ਇਲਾਵਾ ਇਸ ਕਿਸਾਨ ਵੱਲੋ ਖੇਤੀਬਾੜੀ ਮਹਿਰਾਂ ਤੋਂ ਸਲਾਹ ਲੈ ਕੇ ਹੀ ਫਸਲ ਉਪਰ ਖਾਦਾਂ ਅਤੇ ਕੀਟਨਾਸ਼ਕ ਦਵਾਈਆਂ ਦੀ ਵਰਤੋਂ ਕੀਤੀ ਜਾਂਦੀ ਹੈ।ਕਿਸਾਨ ਰਮੇਸ਼ਵਰ ਦਾਸ ਵੱਲੋ ਹਾੜ੍ਹੀ ਵਿੱਚ ਫੁੱਲਾਂ ਦੀ ਖੇਤੀ ਵੀ ਕੀਤੀ ਜਾਦੀ ਹੈ ਜਿਸ ਨਾਲ ਉਹ ਆਪਣੀ ਆਮਦਨ ਵਿੱਚ ਵੀ ਵਾਧਾ ਕਰਦਾ ਹੈ।
ਕਿਸਾਨ ਰਮੇਸ਼ਵਰ ਦਾਸ ਵੱਲੋ ਕਿਸਾਨਾਂ ਨੂੰ ਅਪੀਲ ਕੀਤੀ ਕਿ ਪਰਾਲ ਨੂੰ ਅੱਗ ਲਾਉਣ ਨਾਲ ਜਿੱਥੇ ਵਾਤਾਵਰਨ ਪ੍ਰਦੂਸ਼ਿਤ ਤਾਂ ਹੁੰਦਾ ਹੀ ਹੈ ਤੇ ਇਸ ਦੇ ਨਾਲ ਜਿਹੜੇ ਸੂਖਮ ਜੀਵ ਨਾਈਟ੍ਰ੍ਰੋਜ਼ਨ ਨੂੰ ਫਸਲ ਦੇ ਵਰਤਣ ਯੋਗ ਬਣਾਉਦੇ ਹਨ ਉਹ ਵੀ ਮਰ ਜਾਦੇ ਹਨ।ਇਸ ਕਰਕੇ ਕਿਸਾਨ ਝੋਨੇ ਦੇ ਪਰਾਲ ਨੂੰ ਅੱਗ ਨਾ ਲਗਾਉਣ ਅਤੇ ਪਰਾਲ ਦੀ ਸੁਚੱਜੇ ਢੰਗ ਨਾਲ ਪ੍ਰਬੰਧ ਕਰਨ। ਇਸ ਸਾਲ ਵੀ ਰਮੇਸ਼ਵਰ ਦਾਸ ਆਪਣੀ 5 ਏਕੜ ਵਿੱਚ ਝੋਨੇ ਦੀ ਪਰਾਲ ਨੂੰ ਬਿਨ੍ਹਾ ਅੱਗ ਲਗਾਏ ਜੀਰੋ ਟਿਲ ਡਰਿਲ ਦੀ ਮਦਦ ਨਾਲ ਕਣਕ ਦੀ ਬਿਜਾਈ ਕਰਨ ਲਈ ਤਿਆਰ ਹੈ।





