ਕਿਸਾਨ ਆਗੂਆਂ ਨੇ ਰਾਜ ਸਰਕਾਰ ਨੂੰ ਕਰਜ਼ਾ ਮੁਆਫ ਕਰਨ ਅਤੇ ਪਰਿਵਾਰ ਲਈ ਮੁਆਵਜ਼ਾ ਦੀ ਮੰਗ ਕੀਤੀ ਹੈ।

ਮਾਨਸਾ (ਗੁਰਜੰਟ ਸਿੰਘ ਬਾਜੇਵਾਲੀਆ) : ਮਾਨਸਾ ਨੇੜਲੇ ਪਿੰਡ ਮੂਸਾ ਵਿੱਚ ਕਰਜ਼ੇ ਤੋਂ ਤੰਗ ਆ ਕੇ ਮਜ਼ਦੂਰ ਸਤਨਾਮ ਸਿੰਘ (30) ਨੇ ਖੁਦਕੁਸ਼ੀ ਕਰ ਲਈ ਹੈ। ਉਹ ਮਜ਼ਦੂਰੀ ਕਰਕੇ ਆਪਣੇ ਪਰਿਵਾਰ ਦਾ ਪੇਟ ਪਾਲਦਾ ਸੀ। ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਦੇ ਆਗੂ ਮੱਖਣ ਸਿੰਘ ਭੈਣੀਬਾਘਾ ਨੇ ਦੱਸਿਆ ਕਿ ਕੋਰੋਨਾ ਮਹਾਂਮਾਰੀ ਦੇ ਦਿਨਾਂ ਚ ਪਿਛਲੇ ਦਿਨੀਂ ਲੱਗੇ ਲਾਕਡਾਊਨ ਦੌਰਾਨ ਕੰਮ ਨਾ ਚੱਲਣ ਕਾਰਨ ਸਤਨਾਮ ਸਿੰਘ ਦਾ ਗੁਜ਼ਾਰਾ ਔਖਾ ਹੋ ਗਿਆ, ਇਸ ਲਈ ਉਸ ਨੂੰ ਕਰਜ਼ਾ ਚੁੱਕਣਾ ਪਿਆ।
ਉਨ੍ਹਾਂ ਦੱਸਿਆ ਕਿ ਲੰਬਾ ਸਮਾਂ ਕੋਵਿਡ -19 ਰਹਿਣ ਕਰਕੇ ਕੰਮ ਨਾ ਚੱਲ ਸਕਿਆ ਅਤੇ ਕਰਜ਼ਾ ਜਿਉਂ ਦੀ ਤਿਉਂ ਖੜ੍ਹਾ ਰਿਹਾ।ਜਿਸ ਕਰਕੇ ਦਿਮਾਗੀ ਤੌਰ ਤੇ ਪ੍ਰੇਸ਼ਾਨ ਹੁੰਦਿਆਂ ਸਤਨਾਮ ਸਿੰਘ ਨੇ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ । ਮਾਨਸਾ ਪੁਲਿਸ ਨੇ ਪੋਸਟ ਮਾਰਟਮ ਕਰਨ ਤੋਂ ਬਾਅਦ ਮ੍ਰਿਤਕ ਦੇਹ ਨੂੰ ਵਾਰਸਾਂ ਦੇ ਹਵਾਲੇ ਕਰ ਦਿੱਤਾ।ਉਧਰ ਕਿਸਾਨ ਆਗੂਆਂ ਨੇ ਕਰਜ਼ੇ ਤੋਂ ਤੰਗ ਹੋ ਕੇ ਆਤਮਹੱਤਿਆ ਕਰਨ ਵਾਲੇ ਕਿਸਾਨ ਦਾ ਰਾਜ ਸਰਕਾਰ ਕਰਜ਼ਾ ਮੁਆਫ ਅਤੇ ਪਰਿਵਾਰ ਲਈ ਮੁਆਵਜ਼ਾ ਦੀ ਮੰਗ ਕੀਤੀ ਹੈ।






