ਦੋ ਮੋਟਰ ਸਾਈਕਲਾਂ ਤੇ ਸਵਾਰ ਚਾਰ ਨੌਜਵਾਨਾਂ ਵੱਲੋਂ ਦਿੱਤਾ ਗਿਆ ਘਟਨਾ ਨੂੰ ਅੰਜਾਮ

ਫ਼ਰੀਦਕੋਟ (ਬਿਊਰੋ) : ਫਰੀਦਕੋਟ ਵਿਖੇ ਉਸ ਵਕ਼ਤ ਸਹਿਮ ਦਾ ਮਾਹੌਲ ਪੱਸਰ ਗਿਆ ਜਦੋਂ ਯੂਥ ਕਾਂਗਰਸ ਦੇ ਜ਼ਿਲਾ ਪ੍ਰਧਾਨ ਅਤੇ ਕਾਂਗਰਸ ਪਾਰਟੀ ਦੇ ਸਥਾਨਕ ਵਿਧਾਇਕ ਕੁਸ਼ਲਦੀਪ ਸਿੰਘ ਢਿੱਲੋਂ ਦੇ ਨਜਦੀਕੀ ਦੋਸਤ ਗੁਰਲਾਲ ਸਿੰਘ ਭਲਵਾਨ (34) ਦਾ ਸੰਘਣੀ ਅਬਾਦੀ ’ਚ ਦਿਨ ਦਿਹਾੜੇ ਦੋ ਮੋਟਰਸਾਈਕਲਾਂ ’ਤੇ ਸਵਾਰ ਚਾਰ ਵਿਅਕਤੀਆਂ ਵਲੋਂ ਗੋਲੀਆਂ ਮਾਰਕੇ ਕਤਲ ਕਰਨ ਦੀ ਦੁਖਦਾਇਕ ਖਬਰ ਮਿਲੀ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਜਦੋਂ ਉਹ ਸਥਾਨਕ ਜੁਬਲੀ ਚੌਂਕ ਤੋਂ ਥੋਡ਼ੀ ਦੂਰੀ ’ਤੇ ਸਥਿੱਤ ਇਕ ਆਈਲੈਟਸ ਸੈਂਟਰ ਵਿੱਚੋਂ ਬਾਹਰ ਆ ਕੇ ਆਪਣੀ ਕਾਰ ਵਿੱਚ ਬੈਠਣ ਲੱਗਾ ਤਾਂ ਦੋ ਮੋਟਰਸਾਈਕਲਾਂ ’ਤੇ ਸਵਾਰ 4 ਹਮਲਾਵਰਾਂ ਨੇ ਰਿਵਾਲਵਰਾਂ ਨਾਲ ਗੁਰਲਾਲ ਉੱਪਰ ਗੋਲੀਆਂ ਦੀ ਵਾਛੜ ਕਰ ਦਿੱਤੀ। ਘਟਨਾ ਸਥਾਨ ’ਤੇ ਇਕੱਤਰ ਹੋਏ ਲੋਕਾਂ ਨੇ ਗੁਰਲਾਲ ਨੂੰ ਜਖਮੀ ਹਾਲਤ ਵਿੱਚ ਤੁਰੰਤ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਫਰੀਦਕੋਟ ਵਿਖੇ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਕਰਾਰ ਦੇ ਦਿੱਤਾ।
ਘਟਨਾ ਦੀ ਸੂਚਨਾ ਮਿਲਦਿਆਂ ਹੀ ਸਾਰੇ ਸ਼ਹਿਰ ਵਿੱਚ ਪੁਲਿਸ ਦੀ ਚੌਕਸੀ ਵਧਾਉਣ ਦੇ ਨਾਲ-ਨਾਲ ਉੱਚ ਪੁਲਿਸ ਅਧਿਕਾਰੀ ਘਟਨਾ ਸਥਾਨ ਦਾ ਜਾਇਜ਼ਾ ਲੈ ਕੇ ਹਸਪਤਾਲ ਵਿਖੇ ਪੁੱਜੇ ਤੇ ਅਗਲੇਰੀ ਕਾਰਵਾਈ ਆਰੰਭ ਦਿੱਤੀ। ਪੁਲਿਸ ਨੇ ਘਟਨਾ ਸਥਾਨ ਤੋਂ ਕੁਝ ਖਾਲੀ ਰੌਂਦ ਬਰਾਮਦ ਕੀਤੇ, ਜਿਸ ਤੋਂ ਸਹਿਜੇ ਹੀ ਇਹ ਅੰਦਾਜਾ ਲਾਇਆ ਜਾ ਸਕਦਾ ਹੈ ਕਿ ਹਮਲਾਵਰਾਂ ਨੇ ਗੁਰਲਾਲ ਭਲਵਾਨ ’ਤੇ ਕਈ ਗੋਲੀਆਂ ਚਲਾਈਆਂ।





