ਖੰਨਾ, (ਪਰਮਜੀਤ ਸਿੰਘ ਧੀਮਾਨ) ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਵੱਲੋਂ ਪਿੰਡ ਸਲੌਦੀ ਵਿਖੇ ਖੇਤੀਬਾੜੀ ਅਫ਼ਸਰ ਰੰਗੀਲ ਸਿੰਘ ਦੀ ਅਗਵਾਈ ਹੇਠਾਂ ਕਿਸਾਨ ਸਿਖਲਾਈ ਕੈਂਪ ਲਾਇਆ ਗਿਆ। ਇਸ ਮੌਕੇ ਸੰਦੀਪ ਸਿੰਘ ਨੇ ਕਿਸਾਨਾਂ ਨੂੰ ਝੋਨੇ ‘ਚ ਕੀੜੇ ਮਕੌੜਿਆਂ ਦੀ ਸਰਬਪੱਖੀ ਰੋਕਥਾਮ ਨੂੰ ਅਪਣਾ ਕੇ ਕਿਸਾਨ ਕਿਸ ਤਰ੍ਹਾਂ ਖੇਤੀ ਖਰਚੇ ਘਟਾ ਸਕਦੇ ਹਨ, ਸਬੰਧੀ ਜਾਣਕਾਰੀ ਦਿੱਤੀ।
ਉਨ੍ਹਾਂ ਝੋਨੇ ‘ਚ ਗੋਭ ਦੀ ਸੁੰਡੀ ਦੀ ਰੋਕਥਾਮ ਲਈ ਟਰੋਕੋ ਕਾਰਡ ਵਰਤਣ ਦੀ ਸਲਾਹ ਦਿੱਤੀ। ਇਸ ਤੋਂ ਇਲਾਵਾ ਪੱਤਾ ਲਪੇਟ ਸੁੰਡੀ ਦੀ ਰੋਕਥਾਮ ਲਈ ਝੋਨਾ ਨਿਸਰਨ ਤੋਂ ਪਹਿਲਾ ਖੇਤ ‘ਚ ਪਾਣੀ ਖੜ੍ਹਾ ਕੇ ਬਾਣ ਵਾਲੀ ਰੱਸੀ ਦੋਵੇਂ ਪਾਸਿਓ ਫੇਰ ਕੇ ਪੱਤਾ ਲਪੇਟ ਸੁੰਡੀ ਨੂੰ ਸੌਖੇ ਤਰੀਕੇ ਨਾਲ ਖ਼ਤਮ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਸਾਨਾਂ ਨੂੰ ਝੋਨੇ ਹੇਠ ਰਕਬਾ ਘਟਾ ਕੇ ਮੱਕੀ ਹੇਠ ਰਕਬਾ ਵਧਾਉਣ ਲਈ ਤੇ ਪਾਣੀ ਦੀ ਬੱਚਤ ਨੂੰ ਮੁੱਖ ਰੱਖਦਿਆਂ ਝੋਨੇ ਦੀ ਸਿੱਧੀ ਬਿਜਾਈ ਕਰਨ ਵਾਲੇ ਕਿਸਾਨਾਂ ਦੀ ਸ਼ਲਾਘਾ ਕੀਤੀ। ਡਾ. ਹਰਸ਼ਮੀਤ ਸਿੰਘ ਨੇ ਝੋਨੇ ਦੀ ਰਸਾਇਣਿਕ ਖਾਦਾਂ ਦੇ ਨਾਲ ਨਾਲ ਜੈਵਿਕ ਤੇ ਜੀਵਾਣੂ ਖਾਦਾਂ ਦੇ ਸੁਮੇਲ ਦੀ ਵਰਤੋਂ ਕਰਨ ਦੀ ਅਪੀਲ ਕੀਤੀ, ਉਨ੍ਹਾਂ ਲੋਹੇ ਦੀ ਘਾਟ ਲਈ ਹਮੇਸ਼ਾਂ ਫਾਇਰਸ ਸਲਫੇਟ ਦੇ ਛਿੜਕਾਅ ਕਰਨ ਦੀ ਸਲਾਹ ਦਿੱਤੀ।
ਇੰਜ. ਕਰਨ ਸ਼ਰਮਾ ਨੇ ਕ੍ਰਿਸ਼ੀ ਕੇਂਦਰ ਸਮਰਾਲਾ ਵਿਖੇ ਕਿਸਾਨਾਂ ਲਈ ਦਿੱਤੀਆਂ ਜਾਣ ਵਾਲੀਆਂ ਟ੍ਰੇਨਿੰਗ ਤੇ ਸਕੀਮਾਂ ਸਬੰਧੀ ਜਾਣਕਾਰੀ ਦਿੱਤੀ। ਉਨ੍ਹਾਂ ਕਿਸਾਨ ਨੂੰ ਕੇਵੀਕੇ ਤੇ ਖੇਤੀਬਾੜੀ ਨਾਲ ਜੁੜ ਕੇ ਆਪਣੇ ਖੇਤੀ ਖਰਚੇ ਘਟਾਉਣ ਲਈ ਉਤਸ਼ਾਹਿਤ ਕੀਤਾ। ਡਾ. ਮੁਨੀ ਰਾਜ ਰਠੌਰ ਨੇ ਮੱਕੀ ਦੇ ਫਾਲ ਆਰਮੀ ਵਾਰਮ ਦੇ ਹਮਲੇ ਨੂੰ ਰੋਕਣ ਲਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵੱਲੋਂ ਸਿਫਾਰਸ਼ ਕੀੜੇਮਾਰ ਦਵਾਈਆਂ ਦੀ ਵਰਤੋਂ ਕਰਨ ਲਈ ਪ੍ਰੇਰਿਆ। ਇਸ ਮੌਕੇ ਕੁਲਵਿੰਦਰ ਸਿੰਘ, ਚਮਕੌਰ ਸਿੰਘ, ਗੁਰਪ੍ਰੀਤ ਸਿੰਘ, ਦਵਿੰਦਰ ਸਿੰਘ, ਜਸਵੀਰ ਸਿੰਘ, ਭੁਪਿੰਦਰ ਸਿੰਘ, ਸੁਖਮਿੰਦਰ ਸਿੰਘ, ਰਵਿੰਦਰ ਸਿੰਘ, ਮੇਜਰ ਸਿੰਘ, ਹਰਮਨ ਸਿੰਘ, ਹਰਮੀਤ ਸਿੰਘ, ਬਲਜੀਤ ਸਿੰਘ, ਬੰਤ ਸਿੰਘ ਆਦਿ ਹਾਜ਼ਰ ਸਨ।







